ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਵੱਲੋਂ ਨਿਯੁਕਤ ਤਕਨੀਕੀ ਕਮੇਟੀ ਨੇ ਅੱਜ ਇਕ ਜਨਤਕ ਨੋਟਿਸ ਜਾਰੀ ਕਰ ਕੇ ਨਾਗਰਿਕਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਮੋਬਾਈਲ ਫੋਨ ਵਿਚ ਪੈਗਾਸਸ ‘ਮਾਲਵੇਅਰ’ ਤੋਂ ਸੰਨ੍ਹ ਲੱਗੀ ਹੈ, ਤਾਂ ਉਹ ਅੱਗੇ ਆਉਣ ਤੇ ਕਮੇਟੀ ਨਾਲ ਸੰਪਰਕ ਕਰਨ। ਨੋਟਿਸ ਵਿਚ ਅਜਿਹੇ ਨਾਗਰਿਕਾਂ ਨੂੰ ਉਹ ਕਾਰਨ ਵੀ ਦੱਸਣ ਲਈ ਕਿਹਾ ਗਿਆ ਹੈ ਜਿਸ ਤੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਉਪਕਰਨ ਵਿਚ ਪੈਗਾਸਸ ਸਾਫਟਵੇਅਰ ਰਾਹੀਂ ਸੰਨ੍ਹ ਲੱਗੀ ਹੈ, ਤੇ ਕੀ ਉਹ ਤਕਨੀਕੀ ਕਮੇਟੀ ਨੂੰ ਇਨ੍ਹਾਂ ਉਪਕਰਨਾਂ ਦੀ ਪੜਤਾਲ ਕਰਾਉਣ ਦੀ ਇਜਾਜ਼ਤ ਦੇਣ ਦੀ ਸਥਿਤੀ ਵਿਚ ਹਨ। ਐਤਵਾਰ ਨੂੰ ਮੁੱਖ ਅਖ਼ਬਾਰਾਂ ਵਿਚ ਜਾਰੀ ਕੀਤੇ ਗਏ ਜਨਤਕ ਨੋਟਿਸ ਵਿਚ ਕਿਹਾ ਗਿਆ ਹੈ, ‘ਜਿਨ੍ਹਾਂ ਲੋਕਾਂ ਨੂੰ ਇਹ ਸ਼ੱਕ ਹੈ ਕਿ ਉਨ੍ਹਾਂ ਦੇ ਉਪਕਰਨ ਵਿਚ ਸੰਨ੍ਹ ਲੱਗੀ ਹੈ, ਉਨ੍ਹਾਂ ਨੂੰ ਤਕਨੀਕੀ ਕਮੇਟੀ ਨੂੰ ਸੱਤ ਜਨਵਰੀ 2022 ਤੋਂ ਪਹਿਲਾਂ ਇਕ ਈਮੇਲ ਭੇਜਣੀ ਚਾਹੀਦੀ ਹੈ।’
ਨੋਟਿਸ ਵਿਚ ਕਿਹਾ ਗਿਆ ਹੈ, ‘ਜੇਕਰ ਕਮੇਟੀ ਨੂੰ ਲੱਗਾ ਕਿ ਸ਼ੱਕ ਜ਼ਾਹਿਰ ਕਰਨ ਲਈ ਦਿੱਤੇ ਕਾਰਨ ਨੂੰ ਲੈ ਕੇ ਅੱਗੇ ਜਾਂਚ ਦੀ ਲੋੜ ਹੈ ਤਾਂ ਕਮੇਟੀ ਤੁਹਾਨੂੰ ਤੁਹਾਡੇ ਉਪਕਰਨ ਨੂੰ ਜਾਂਚ ਲਈ ਦੇਣ ਦੀ ਬੇਨਤੀ ਕਰੇਗੀ।’ ਇਸ ਵਿਚ ਕਿਹਾ ਗਿਆ ਹੈ, ‘ਕਮੇਟੀ ਨੇ ਬੇਨਤੀ ਕੀਤੀ ਹੈ ਕਿ ਭਾਰਤ ਦਾ ਕੋਈ ਵੀ ਨਾਗਰਿਕ, ਜਿਸ ਨੂੰ ਐਨਐੱਸਓ ਗਰੁੱਪ ਇਜ਼ਰਾਈਲ ਦੇ ਪੈਗਾਸਸ ਸਾਫਟਵੇਅਰ ਦੀ ਵਿਸ਼ੇਸ਼ ਵਰਤੋਂ ਦੇ ਚੱਲਦਿਆਂ ਆਪਣੇ ਮੋਬਾਈਲ ਵਿਚ ਸੰਨ੍ਹ ਲੱਗਣ ਦਾ ਸ਼ੱਕ ਹੈ, ਤਾਂ ਉਸ ਨੂੰ ਸਿਖ਼ਰਲੀ ਅਦਾਲਤ ਵੱਲੋਂ ਨਿਯੁਕਤ ਤਕਨੀਕੀ ਕਮੇਟੀ ਨਾਲ ਸੰਪਰਕ ਕਰਨਾ ਚਾਹੀਦਾ ਹੈ।’ ਨੋਟਿਸ ਵਿਚ ਕਿਹਾ ਗਿਆ ਹੈ, ‘ਨਾਲ ਹੀ ਇਹ ਕਾਰਨ ਵੀ ਦੱਸਣਾ ਪਏਗਾ ਕਿ ਤੁਹਾਨੂੰ ਕਿਉਂ ਅਜਿਹਾ ਲੱਗਦਾ ਹੈ ਕਿ ਤੁਹਾਡੇ ਉਪਕਰਨ ਵਿਚ ਪੈਗਾਸਸ ਮਾਲਵੇਅਰ ਨਾਲ ਸੰਨ੍ਹ ਲੱਗੀ ਹੈ, ਤੇ ਕੀ ਤੁਸੀਂ ਤਕਨੀਕੀ ਕਮੇਟੀ ਨੂੰ ਆਪਣੇ ਉਪਕਰਨ ਦੀ ਜਾਂਚ ਦੀ ਮਨਜ਼ੂਰੀ ਦੇਣ ਦੀ ਸਥਿਤੀ ਵਿਚ ਹੋ।’
ਕਮੇਟੀ ਉਪਕਰਨ ਪ੍ਰਾਪਤ ਕਰਨ ਦੀ ਇਕ ਰਸੀਦ ਦੇਵੇਗੀ ਤੇ ਵਰਤਣ ਵਾਲੇ ਨੂੰ ਉਸ ਦੇ ਰਿਕਾਰਡ ਲਈ ਇਕ ਡਿਜੀਟਲ ਤਸਵੀਰ ਵੀ ਦਿੱਤੀ ਜਾਵੇਗੀ। ਨੋਟਿਸ ਵਿਚ ਕਿਹਾ ਗਿਆ ਹੈ ਕਿ ਮੋਬਾਈਲ ਫੋਨ ਇਕੱਤਰ ਕਰਨ ਦਾ ਸਥਾਨ ਨਵੀਂ ਦਿੱਲੀ ਹੋਵੇਗਾ ਤੇ ਜਾਂਚ/ਛਾਣਬੀਣ ਪੂਰੀ ਹੋਣ ਤੋਂ ਬਾਅਦ ਇਸ ਨੂੰ ਵਾਪਸ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਜ਼ਰਾਇਲੀ ਸਾਫਟਵੇਅਰ ਪੈਗਾਸਸ ਦਾ ਇਸਤੇਮਾਲ ਭਾਰਤ ਵਿਚ ਕਥਿਤ ਤੌਰ ’ਤੇ ਜਾਸੂਸੀ ਲਈ ਕੀਤੇ ਜਾਣ ਬਾਰੇ ਵਿਵਾਦ ਖੜ੍ਹਾ ਹੋ ਗਿਆ ਸੀ। ਪਿਛਲੇ ਸਾਲ ਅਕਤੂਬਰ ਵਿਚ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਸਨ ਕਿ ਮਾਹਿਰਾਂ ਦੀ ਇਕ ਕਮੇਟੀ ਇਹ ਜਾਂਚ ਕਰੇਗੀ ਕਿ ਕੀ ਸਰਕਾਰ ਨੇ ਮਿਲਟਰੀ ਗਰੇਡ ਦੇ ਨਿੱਜੀ ਇਜ਼ਰਾਇਲੀ ਪੈਗਾਸਸ ਸਾਫਟਵੇਅਰ ਦਾ ਇਸਤੇਮਾਲ ਵਿਰੋਧੀ ਧਿਰ ਦੇ ਆਗੂਆਂ, ਕਾਰਕੁਨਾਂ, ਉਦਯੋਗਪਤੀਆਂ, ਜੱਜਾਂ ਤੇ ਪੱਤਰਕਾਰਾਂ ਦੀ ਜਾਸੂਸੀ ਲਈ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly