ਵਾਸ਼ਿੰਗਟਨ (ਸਮਾਜ ਵੀਕਲੀ): ਇਜ਼ਰਾਈਲ ਦੀ ਸਾਈਬਰ ਸਕਿਉਰਿਟੀ ਕੰਪਨੀ ‘ਐਨਐੱਸਓ ਗਰੁੱਪ’ ਜੋ ਕਿ ਪੈਗਾਸਸ ਜਾਸੂਸੀ ਘੁਟਾਲੇ ਦਾ ਕੇਂਦਰ ਬਣੀ ਹੋਈ ਹੈ, ਨੇ ਆਰਜ਼ੀ ਤੌਰ ’ਤੇ ਪੂਰੇ ਸੰਸਾਰ ਵਿਚ ਆਪਣੇ ਕੁਝ ਸਰਕਾਰੀ ਗਾਹਕਾਂ ਨੂੰ ‘ਸਪਾਈਵੇਅਰ’ (ਜਾਸੂਸੀ ਸਾਫਟਵੇਅਰ) ਤਕਨੀਕ ਵਰਤਣ ਤੋਂ ਰੋਕ (ਬਲੌਕ) ਦਿੱਤਾ ਹੈ। ਕੰਪਨੀ ਆਪਣੇ ਸਾਫਟਵੇਅਰ ਦੀ ਕਥਿਤ ਦੁਰਵਰਤੋਂ ਹੋਣ ਬਾਰੇ ਜਾਂਚ ਕਰ ਰਹੀ ਹੈ। ਅਮਰੀਕੀ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਦੁਨੀਆ ਭਰ ’ਚ ਇਸ ਜਾਸੂਸੀ ਕਾਂਡ ਬਾਰੇ ਰਿਪੋਰਟਿੰਗ ਹੋਣ ਤੋਂ ਬਾਅਦ ਕੰਪਨੀ ਨੇ ਇਹ ਫ਼ੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਮੁਲਕਾਂ ਦੇ ਮੀਡੀਆ ਅਦਾਰਿਆਂ ਨੇ ਖੋਜੀ ਪੱਤਰਕਾਰੀ ਰਾਹੀਂ ਰਿਪੋਰਟ ਕੀਤਾ ਹੈ ਕਿ ਕੰਪਨੀ ਦੇ ਪੈਗਾਸਸ ਸਾਫਟਵੇਅਰ ਨੂੰ ਹੈਕਿੰਗ ਤੇ ਜਾਸੂਸੀ ਲਈ ਵਰਤਿਆ ਗਿਆ ਹੈ।
ਪੈਗਾਸਸ ਦੀ ਵਰਤੋਂ ਕਥਿਤ ਤੌਰ ’ਤੇ ਪੱਤਰਕਾਰਾਂ, ਮਨੁੱਖੀ ਹੱਕਾਂ ਕਾਰਕੁਨਾਂ, ਸਿਆਸਤਦਾਨਾਂ ਤੇ ਕੁਝ ਹੋਰਾਂ ਦੀ ਜਾਸੂਸੀ ਕਰਨ ਲਈ ਕੀਤੀ ਗਈ ਹੈ। ਭਾਰਤ ਵਿਚ ਵੀ ਅਜਿਹਾ ਹੋਣ ਦੀ ਪੁਸ਼ਟੀ ਮੀਡੀਆ ਅਦਾਰਿਆਂ ਨੇ ਕੀਤੀ ਹੈ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਨਿੱਜਤਾ (ਪ੍ਰਾਈਵੇਸੀ) ਨਾਲ ਜੁੜੇ ਸਵਾਲ ਖੜ੍ਹੇ ਹੋ ਗਏ ਹਨ। ਅਮਰੀਕੀ ਮੀਡੀਆ ਅਦਾਰੇ ‘ਨੈਸ਼ਨਲ ਪਬਲਿਕ ਰੇਡੀਓ’ (ਐਨਪੀਆਰ) ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਕੰਪਨੀ ਜਾਂਚ ਕਰ ਰਹੀ ਹੈ, ਇਸ ਲਈ ਕੁਝ ਗਾਹਕਾਂ ਨੂੰ ਆਰਜ਼ੀ ਤੌਰ ’ਤੇ ਬਲੌਕ ਕਰ ਦਿੱਤਾ ਗਿਆ ਹੈ। ਸੂਤਰ, ਜੋ ਕਿ ਕੰਪਨੀ ਦਾ ਇਕ ਮੁਲਾਜ਼ਮ ਹੈ, ਨੇ ਹਾਲਾਂਕਿ ਉਨ੍ਹਾਂ ਸਰਕਾਰੀ ਏਜੰਸੀਆਂ ਜਾਂ ਉਨ੍ਹਾਂ ਦੇ ਮੁਲਕਾਂ ਬਾਰੇ ਸਪੱਸ਼ਟ ਤੌਰ ’ਤੇ ਕੁਝ ਨਹੀਂ ਦੱਸਿਆ ਜਿਨ੍ਹਾਂ ਨੂੰ ਬਲੌਕ ਕੀਤਾ ਗਿਆ ਹੈ।
ਐਨਐੱਸਓ ਨੇ ਆਪਣੀ ਜਾਂਚ ਵਿਚ ਕੁਝ ਫੋਨ ਨੰਬਰ ਚੈੱਕ ਕੀਤੇ ਹਨ। ਮੁਲਾਜ਼ਮ ਨੇ ਕਿਹਾ ਕਿ ‘ਜਿੰਨਾ ਕੁਝ ਵੀ ਅਸੀਂ ਚੈੱਕ ਕੀਤਾ ਹੈ, ਸਾਨੂੰ ਪੈਗਾਸਸ ਨਾਲ ਉਸ ਦਾ ਕੋਈ ਸੰਪਰਕ ਨਹੀਂ ਮਿਲ ਸਕਿਆ।’ ਜ਼ਿਕਰਯੋਗ ਹੈ ਕਿ ਐਨਐੱਸਓ ਨੇ ਇਸ ਮੁੱਦੇ ’ਤੇ ਮੀਡੀਆ ਨੂੰ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਦਕਿ ਇਜ਼ਰਾਈਲ ਸਰਕਾਰ ’ਤੇ ਇਸ ਮੁੱਦੇ ਬਾਰੇ ਕੌਮਾਂਤਰੀ ਪੱਧਰ ’ਤੇ ਦਬਾਅ ਬਣਿਆ ਹੋਇਆ ਹੈ। ਸਰਕਾਰ ਨੇ ਉੱਥੇ ਕੰਪਨੀ ਖ਼ਿਲਾਫ਼ ਜਾਂਚ ਵੀ ਆਰੰਭੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਸਰਕਾਰ ਨਾਲ ਜਾਂਚ ਵਿਚ ਸਹਿਯੋਗ ਕਰ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly