ਦਿਲਪ੍ਰੀਤ ਗੁਰੀ
(ਸਮਾਜ ਵੀਕਲੀ) ਨਵਦੀਪ ਅੱਜ ਕਾਲਜ ਤੋਂ ਆਈ ਤਾਂ ਕਾਫ਼ੀ ਉਦਾਸ ਮਹਿਸ਼ੂਸ ਹੋਈ ਤੇ ਆਪਣੇ ਕਮਰੇ ’ਚ ਚਲੀ ਗਈ। ਅੱਜ ਨਵਦੀਪ ਨੇ ਕੁੱਝ ਖਾਧਾ ਵੀ ਨਹੀਂ। ਮਾਂ ਵੀ ਪ੍ਰੇਸ਼ਾਨ ਹੋ ਗਈ। ਨਵਦੀਪ ਮਾਪਿਆਂ ਦੀ ਇਕਲੌਤੀ ਔਲਾਦ ਹੋਣ ਕਾਰਨ ਲਾਡਲੀ ਤਾਂ ਹੈ ਪਰ ਹੋਣਹਾਰ ਹੋਣ ਕਾਰਨ ਮਾਪਿਆਂ ਦਾ ਮਾਣ ਵੀ ਹੈ।
ਨਵਦੀਪ ਦੇ ਦਾਦੇ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ, “ਅੱਜ ਸਾਰੇ ਇਕੱਠੇ ਖਾਣਾ ਖਾਵਾਂਗੇ, ਬਾਹਰ ਆ ਜਾਓ।”
ਸਭ ਨੇ ਖਾਣਾ ਖਾਧਾ ਤਾਂ ਨਵਦੀਪ ਨੇ ਵੀ ਚੁੱਪ ਕਰਕੇ ਖਾ ਲਿਆ।
ਖਾਣਾ ਖਤਮ ਕਰਕੇ ਨਵਦੀਪ ਦੇ ਪਿਤਾ ਨੇ ਗੱਲ ਛੇੜੀ, “ਦੇਖ ਬੇਟਾ, ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰੀਦਾ ਤੇ ਹਿੰਮਤ ਤੇ ਹੌਸਲੇ ਨਾਲ ਉਹਨਾਂ ਤੇ ਜਿੱਤ ਹਾਸਿਲ ਕਰੀਦੀ ਹੈ।ਉਦਾਸ ਜਾਂ ਪ੍ਰੇਸ਼ਾਨ ਹੋ ਜਾਣ ਨਾਲ ਅਨਮੋਲ ਵੀਚਾਰ ਜਾਂ ਸੁਝਾਅ ਸਾਡੇ ਦਿਮਾਗ ਤੋਂ ਦੂਰ ਹੋ ਜਾਂਦੇ ਹਨ। ਪੁੱਤ, ਜੇ ਤੂੰ ਆਪਣੀ ਪ੍ਰੇਸ਼ਾਨੀ ਸਾਂਝੀ ਕਰਨਾ ਚਾਹਵੇ ਤਾਂ ਉਸਨੂੰ ਦੂਰ ਕਰਨ ਲਈ ਅਸੀਂ ਸੁਝਾਅ ਦੇ ਸਕਦੇ ਹਾਂ।”
ਨਵਦੀਪ ਨੇ ਕੁੱਝ ਵੀ ਨਾ ਦੱਸਣ ਦਾ ਫ਼ੈਸਲਾ ਲੈਂਦਿਆਂ ਆਪ ਹੀ ਆਪਣੀ ਮੁਸ਼ਕਿਲ ਦਾ ਹੱਲ ਕੱਢਣ ਦਾ ਫ਼ੈਸਲਾ ਲਿਆ। ਨਵਦੀਪ ਨੂੰ ਪ੍ਰੋਫ਼ੈਸਰ ਦੀ ਕਹੀ ਗੱਲ ਯਾਦ ਆ ਰਹੀ ਸੀ, ਇਸ ਵਾਰ ਸਾਲਾਨਾ ਫੰਕਸ਼ਨ ’ਤੇ ਸਟੇਜ ਨਵਦੀਪ ਸੰਭਾਲੇਗੀ।
ਨਵਦੀਪ ਹਰ ਕੰਮ ’ਚ ਅੱਵਲ ਰਹਿਣ ਵਾਲੀ ਕੁੜੀ ਸੀ, ਇਸ ਲਈ ਨਵਦੀਪ ਨੂੰ ਚੁਣਿਆ ਗਿਆ ਹੈ। ਨਵਦੀਪ ਇਹ ਬਾਖ਼ੂਬੀ ਕਰ ਲਵੇਗੀ। ਅਸੀਂ ਵੀ ਇਸ ਦੀ ਹਰ ਤਰ੍ਹਾ ਦੀ ਸੰਭਵ ਮੱਦਦ ਕਰਨ ਲਈ ਤਿਆਰ ਹਾਂ। ਪ੍ਰੋਫ਼ੈਸਰ ਨੇ ਸਭ ਜਾਣ ਬੁੱਝ ਕੇ ਕੀਤਾ।
ਪ੍ਰੋਫ਼ੈਸਰ ਰੋਜ਼ ਨਵਦੀਪ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਤੇ ਨਕਾਮ ਰਹਿੰਦਾ। ਉਸਨੂੰ ਪਤਾ ਕਿ ਪੰਜਾਬੀ ਦਾ ਬਹੁਤ ਕੁੱਝ ਨਵਦੀਪ ਨੂੰ ਪ੍ਰੋਫ਼ੈਸਰ ਤੋਂ ਹੀ ਸਿੱਖਣਾ ਪੈਣਾ।
ਨਵਦੀਪ ਪੜ੍ਹਾਈ ਤੇ ਖੇਡਾਂ ’ਚ ਅੱਵਲ ਹੈ ਪਰ ਸਾਹਿਤ ਬਹੁਤ ਘੱਟ ਪੜ੍ਹਿਆ। ਮੁੰਡਿਆਂ ਵਾਂਗ ਪਾਲੀ ਗਈ ਨਵਦੀਪ ਨੱਚਣ, ਗਾਉਣ ਬਾਰੇ ਨਹੀਂ ਜਾਣਦੀ।
ਨਵਦੀਪ ਨੂੰ ਅੱਜ ਵਾਪਸੀ ’ਤੇ ਕਾਲਜ ਦੇ ਗੇਟ ’ਚ ਖੜ੍ਹੇ ਪ੍ਰੋਫ਼ੈਸਰ ਨੇ ਕਹਿ ਹੀ ਦਿੱਤਾ, “ਨਵਦੀਪ ਪਾਣੀ ਤਾਂ ਪੁੱਲਾਂ ਥੱਲਿਉ ਹੀ ਲੰਘਣਾ। ਹੁਣ ਤਾਂ ਮੇਰੇ ਕੋਲੋਂ ਸਿੱਖਣਾ ਹੀ ਪਊ ਤੇ ਸਿੱਖਣ ਲਈ ਮੇਰੇ ਕੋਲ ਵੀ ਆਉਣਾ ਹੀ ਪਊ”
ਨਿਮਰਤ ਨੇ ਗੱਲ ਟੋਕ ਕੇ ਕਹਿ ਹੀ ਦਿੱਤਾ, “ਕਦੇ ਨਹੀਂ”
ਪ੍ਰੋਫ਼ੈਸਰ ਦੀਆਂ ਅੱਖਾਂ ’ਚ ਚਮਕ ਤੇ ਜੋ ਮਸ਼ਕਰੀ ਹਾਸਾ ਸੀ ਉਹ ਦੇਖ ਨਵਦੀਪ ਇੱਕ ਵਾਰ ਕੰਬ ਗਈ। ਅੱਜ ਨਵਦੀਪ ਭਰੀ-ਪੀਤੀ ਘਰ ਆਈ ਤੇ ਉਸਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ?
ਪ੍ਰੋਫ਼ੈਸਰ ਦੀ ਕਹੀ ਹਰ ਗੱਲ ਗੂੰਜ਼ ਰਹੀ ਸੀ। ਨਵਦੀਪ ਹੁਣ ਪਰਿਵਾਰ ਨਾਲ ਬੈਠਣ ਤੋਂ ਬਾਅਦ ਸੌਂਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਨੀਂਦ ਵੀ ਤਾਂ ਨਹੀਂ ਆ ਰਹੀ ਸੀ।
ਨਵਦੀਪ ਦੀ ਮਾਂ ਉਸ ਕੋਲ ਆਈ ਤੇ ਕਿਹਾ, “ਵੇਖ ਪੁੱਤ, ਤੂੰ ਹੁਣ ਵੱਡੀ ਹੋ ਗਈ ਹੈ, ਜ਼ਿੰਦਗੀ ’ਚ ਦੁੱਖ ਵੀ ਆਉਣੇ ਆ ਤੇ ਸੁੱਖ ਵੀ, ਇਸੇ ਤਰ੍ਹਾਂ ਜ਼ਿੰਦਗੀ ’ਚ ਮੰਜ਼ਿਲਾਂ ਵੀ ਮਿਲਣੀਆਂ ਤੇ ਇਹੋ ਜਿਹਾ ਵਕਤ ਵੀ ਆਉਣਾ ਕਿ ਜਿਥੇ ਲੱਗੇ ਕਿ ਇਥੇ ਆ ਕੇ ਜ਼ਿੰਦਗੀ ਰੁਕ ਗਈ ਹੈ। ਇਹ ਔਕੜ ਮੇਰੇ ਤੋਂ ਪਾਰ ਨਹੀਂ ਹੋਣੀ ਪਰ ਬੱਚੇ ਨਾ ਸਮਾਂ ਰੁਕਦਾ, ਨਾ ਹਾਲਾਤ ਸਥਿਰ ਰਹਿੰਦੇ ਹਨ, ਹਿੰਮਤ ਤੇ ਹੌਸਲੇ ਨਾਲ ਔਕੜਾਂ ਪਾਰ ਹੋ ਜਾਂਦੀਆਂ ਹਨ ।”
ਨਵਦੀਪ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ। ਜਾਗ ਆਈ ਤਾਂ ਸਵੇਰ ਦੇ 10 ਵੱਜ ਗਏ ਸਨ।
ਨਵਦੀਪ ਦੇ ਬਾਪੂ ਨੇ ਆਵਾਜ਼ ਦਿੱਤੀ, “ਨਵ ਪੁੱਤ, ਜੇ ਖੇਤ ਜਾਣਾ ਤਾਂ ਛੇਤੀ ਤਿਆਰ ਹੋ ਜਾਵੀਂ।”
ਅੱਧੇ ਕੁ ਘੰਟੇ ’ਚ ਹੀ ਨਵਦੀਪ ਤਿਆਰ ਹੋ ਗਈ ਤੇ ਸਾਰਾ ਪਰਿਵਾਰ ਖੇਤ ਚਲਾ ਗਿਆ। ਨਵਦੀਪ ਦੇ ਦਿਮਾਗ਼ ’ਚ ਬੇਸ਼ੱਕ ਫ਼ਿਕਰ ਸੀ ਪਰ ਫਿਰ ਵੀ ਉਹ ਦਿਨ ਖ਼ਰਾਬ ਨਹੀਂ ਕਰਨਾ ਚਾਹੁੰਦੀ ਸੀ। ਨਵਦੀਪ ਦੇ ਪਿਤਾ, ਦਾਦਾ ਜੀ ਤੇ ਦਾਦੀ ਖੇਤ ਵੇਖਣ ਲੱਗ ਗਏ ਤੇ ਮਾਂ ਤੇ ਨਵਦੀਪ ਨੇ ਸ਼ਬਜੀਆਂ ਤੋੜੀਆਂ। ਸਾਗ ਤੋੜਿਆ, ਗੰਨੇ ਪੱਟੇ ਤੇ ਕੁੱਝ ਅਮਰੂਦ ਵੀ ਗੱਡੀ ’ਚ ਰੱਖ ਲਏ।
ਨਵਦੀਪ ਨੂੰ ਆਪਣੀ ਦਾਦੀ ਦੀ ਆਵਾਜ ਸੁਣੀ, “ਨਾ ਹੁਣ ਮੈਨੂੰ ਇਸ ਉਮਰੇ ਗੱਲਾਂ ਕਰਾਉਣੀਆਂ।”
ਨਵਦੀਪ ਨੇ ਦੇਖਿਆ ਕਿ ਦਾਦਾ ਜੀ ਪਾਣੀ ਵਾਲਾ ਖਾਲ ਟੱਪ ਗਏ ਸਨ ਤੇ ਦਾਦੀ ਨੂੰ ਹੱਥ ਕਰ ਰਹੇ ਸਨ ਪਰ ਦਾਦੀ ਖੇਤ ’ਚ ਕੰਮ ਕਰਦੇ ਕਾਮਿਆਂ ਤੋਂ ਸ਼ਰਮਾ ਰਹੀ ਸੀ ਕਿ ਉਹ ਕੀ ਕਹਿਣਗੇ ਕਿ ਇਸ ਉਮਰੇ ਬੁੱਢੇ ਦਾ ਹੱਥ ਫੜ੍ਹ ਬੁੱਢੀ ਖਾਲ ਤੋਂ ਛਾਲਾਂ ਮਾਰਦੀ ਫਿਰਦੀ ਆ।
ਨਵਦੀਪ ਹੱਸਦੀ-ਹੱਸਦੀ ਕੋਲ ਆ ਗਈ। ਨਵਦੀਪ ਦੇ ਦਾਦੇ ਨੇ ਆਪਣਾ ਖੂੰਡਾ ਪਾਣੀ ’ਚ ਰੱਖਿਆ ਤੇ ਨਵਦੀਪ ਨੇ ਖੂੰਡਾ ਫੜ੍ਹ ਲਿਆ। ਦਾਦੇ ਨੇ ਨਵਦੀਪ ਨੂੰ ਖੂੰਡਾ ਇਸ ਖਾਲ ਦੇ ਵਿਚਾਲੇ ਖੜ੍ਹਾ ਕੇ ਇੱਕ ਸਾਈਡ ਆਪਣੇ ਵੱਲ ਕਰਕੇ ਖੂੰਡੇ ’ਤੇ ਸਾਰਾ ਭਾਰ ਪਾਉਂਦਿਆਂ ਉਹ ਖਾਲ ਦੇ ਦੂਜੇ ਪਾਸੇ ਛਾਲ ਮਾਰ ਦੇਵੇ। ਨਵਦੀਪ ਨੇ ਆਸਾਨੀ ਨਾਲ ਛਾਲ ਮਾਰ ਲਈ। ਨਵਦੀਪ ਇਸ ਤਰ੍ਹਾਂ ਹੀ ਦੁਬਾਰਾ ਕਰਕੇ ਵਾਪਿਸ ਦਾਦੀ ਵੱਲ ਆ ਗਈ। ਇਸ ਤਕਨੀਕ ਨੂੰ ਵਰਤਦਿਆਂ ਹੀ ਦਾਦੀ ਨੇ ਖਾਲ ਪਾਰ ਕਰ ਲਿਆ।
ਨਵਦੀਪ ਦੇ ਦਾਦਾ ਜੀ ਹੱਸ ਪਏ, “ਲੈ ਹੁਣ ਤਾਂ ਨਹੀਂ ਕੋਈ ਕਹੁ ਕਿ ਬੁੱਢੇ ਦਾ ਹੱਥ ਫੜ੍ਹ ਖਾਲ ਟੱਪਦੀ ਆ।”
ਦਾਦੀ ਨੀਵੀਂ ਪਾ ਹੱਸ ਪਈ ਤੇ ਸਾਰੇ ਖਿੜ ਖਿੜ ਹੱਸੇ। ਇਹ ਸਭ ਦੇਖ ਨਵਦੀਪ ਨੂੰ ਆਪਣੀ ਮੁਸ਼ਕਿਲ ਦਾ ਹੱਲ ਲੱਭ ਗਿਆ।
ਨਵਦੀਪ ਅਗਲੇ ਦਿਨ ਕਾਲਜ ਗਈ ਤਾਂ ਪ੍ਰੋਫ਼ੈਸਰ ਨੂੰ ਨਜ਼ਰਅੰਦਾਜ਼ ਕਰਦਿਆਂ ਸਿੱਧੀ ਲਾਇਬ੍ਰੇਰੀ ਗਈ, ਉਥੋਂ ਉਸਨੇ ਕੁੱਝ ਜ਼ਰੂਰੀ ਕਿਤਾਬਾਂ ਲਈਆਂ ਤੇ ਬੈਠ ਕੇ ਪੜ੍ਹਦੀ ਰਹੀ। ਲਾਇਬ੍ਰੇਰੀਅਨ ਦੀ ਮੱਦਦ ਨਾਲ ਉਸਨੂੰ ਉਹ ਕਿਤਾਬਾਂ ਮਿਲ ਗਈਆਂ, ਜੋ ਉਸਦੀ ਮੱਦਦ ਲਈ ਕਾਫ਼ੀ ਸਨ। ਘਰ ਆ ਕੇ ਵੀ ਨਵਦੀਪ ਕਿਤਾਬਾਂ ਪੜ੍ਹਦੀ ਰਹੀ, ਰਾਤ ਉਸਨੇ ਕਾਫ਼ੀ ਕੁੱਝ ਨੋਟ ਕਰ ਲਿਆ। ਉਹ ਲੋੜ ਅਨੁਸਾਰ ਕਾਵਿ-ਟੋਟੇ ਬੋਲਣ ਲਈ ਕਿਤਾਬਾਂ ’ਚੋਂ ਕੁੱਝ ਨੋਟ ਕਰਦੀ ਰਹੀ।
ਨਵਦੀਪ ਨੇ ਸਭ ਕੁੱਝ ਦੀ ਇੱਕ ਫਾਇਲ ਤਿਆਰ ਕੀਤੀ। ਇਸ ਸਭ ’ਚ ਨਵਦੀਪ ਦੀ ਮਾਂ ਤੇ ਦਾਦੀ ਨੇ ਬਹੁਤ ਮੱਦਦ ਕੀਤੀ। ਨਵਦੀਪ ਫੰਕਸ਼ਨ ਤੋਂ ਇੱਕ ਦਿਨ ਪਹਿਲਾਂ ਤੱਕ ਸਭ ਕੁੱਝ ਯਾਦ ਕਰ, ਬਹੁਤ ਸੋਹਣਾ ਤਰੀਕੇ ਨਾਲ ਬੋਲਣਾ ਸਿੱਖ ਗਈ।
ਉੱਧਰ ਪ੍ਰੋਫ਼ੈਸਰ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਸੀ। ਉਸਨੂੰ ਅਜੇ ਵੀ ਉਮੀਦ ਸੀ ਕਿ ਇਕ ਦਿਨ ਬਾਕੀ ਹੈ, ਨਵਦੀਪ ਜ਼ਰੂਰ ਉਸ ਕੋਲ ਆਵੇਗੀ ਪਰ ਇਸ ਤਰ੍ਹਾਂ ਨਾ ਹੋਇਆ।
ਹੁਣ ਪ੍ਰੋਫ਼ੈਸਰ ਨੂੰ ਡਰ ਵੀ ਸਤਾਉਣ ਲੱਗਾ ਕਿ ਨਵਦੀਪ ਦਾ ਨਾਮ ਉਸਨੇ ਚੁਣਿਆ, ਜੇ ਨਵਦੀਪ ਤੋ ਇਹ ਜ਼ਿੰਮੇਵਾਰੀ ਸਹੀ ਤਰ੍ਹਾਂ ਨਾ ਨਿਭੀ ਤਾਂ ਉਹ ਪ੍ਰਿੰਸੀਪਲ ਨੂੰ ਕੀ ਜਵਾਬ ਦੇਵੇਗਾ ਤੇ ਜੋ ਕਾਬਲ ਹੋਣ ਦੇ ਬਾਵਜੂਦ ਵੀ ਉਸਨੇ ਮੌਕਾ ਨਹੀਂ ਦਿੱਤਾ, ਉਹਨਾਂ ਨੂੰ ਕੀ ਜਵਾਬ ਦੇਵੇਗਾ।
ਆਖ਼ਰ ਫੰਕਸ਼ਨ ਸ਼ੁਰੂ ਹੋਇਆ ਤਾਂ ਨਵਦੀਪ ਦੀ ਸ਼ਾਇਰੀ ਨੇ ਸਟੇਜ ਇੰਝ ਕੀਲੀ ਕਿ ਹਰ ਇੱਕ ਬੋਲ ’ਤੇ ਤਾੜੀ ਵੱਜਣ ਲੱਗੀ। ਫੰਕਸ਼ਨ ਖ਼ਤਮ ਹੋਣ ’ਤੇ ਨਵਦੀਪ ਨੂੰ ਫੁੱਲਕਾਰੀ, ਸ਼ੀਲਡ ਤੇ ਹੋਰ ਕੁੱਝ ਯਾਦਗਾਰੀ ਚੀਜ਼ਾਂ ਨਾਲ ਸਨਮਾਨਿਤ ਕੀਤਾ ਗਿਆ।
ਉਹ ਪ੍ਰੋਫ਼ੈਸਰ ਸਟੇਜ ’ਤੇ ਆਇਆ ਤੇ ਨਵਦੀਪ ਦਾ ਹੱਥ ਫੜਨ ਹੀ ਲੱਗਾ ਸੀ ਤਾਂ ਨਵਦੀਪ ਨੇ ਹੱਥ ਪਿੱਛੇ ਕਰ ਲਿਆ, ਪ੍ਰਿੰਸੀਪਲ ਨੇ ਇਹ ਦੇਖ ਲਿਆ।
ਪ੍ਰੋਫ਼ੈਸਰ ਨੇ ਕਿਹਾ, “ਨਵਦੀਪ ਨੇ ਅੱਜ ਕਮਾਲ ਕਰ ਦਿੱਤਾ, ਮੈਨੂੰ ਨਹੀਂ ਲੱਗਦਾ ਕਿ ਮੇਰੇ ਲਏ ਫ਼ੈਸਲੇ ’ਤੇ ਜੋ ਕਿੰਤੂ-ਪ੍ਰੰਤੂ ਕਰਦੇ ਸਨ ਉਹਨਾਂ ਨੇ ਹੁਣ ਕੁੱਝ ਕਹਿਣਾ ਹੋਏਗਾ। ਇਹ ਸਾਰਾ ਮੇਰੀ ਪਾਰਖੂ ਨਜ਼ਰ ਦਾ ਕਮਾਲ ਹੈ।”
ਨਵਦੀਪ ਹੌਲੀ ਜਿਹੀ ਬੋਲੀ, “ਪਾਰਖੂ ਨਜ਼ਰ ਜਾਂ ਘਟੀਆ ਨੀਅਤ”
ਨਵਦੀਪ ਦੀ ਸਾਰੇ ਕਾਲਜ ’ਚ ਤਾਰੀਫ਼ ਹੋਣ ਲੱਗੀ। ਦੂਜੇ ਦਿਨ ਛੁੱਟੀ ਸੀ। ਨਵਦੀਪ ਅਗਲੇ ਦਿਨ ਕਾਲਜ ਗਈ ਤਾਂ ਪ੍ਰਿੰਸੀਪਲ ਨੇ ਆਫ਼ਿਸ ’ਚ ਬੁਲਾ ਕੇ ਵਧਾਈ ਦਿੱਤੀ ਤੇ ਫਿਰ ਪ੍ਰੋਫ਼ੈਸਰ ਬਾਰੇ ਸਭ ਕੁੱਝ ਪੁੱਛਿਆ। ਨਵਦੀਪ ਨੇ ਸਭ ਕੁੱਝ ਦੱਸ ਦਿੱਤਾ।
ਪ੍ਰਿੰਸੀਪਲ ਨੇ ਪ੍ਰੋਫ਼ੈਸਰ ਨੂੰ ਬੁਲਾ ਲਿਆ। ਪ੍ਰੋਫ਼ੈਸਰ ਸਭ ਕੁੱਝ ਸਮਝ ਚੁੱਕਿਆ ਸੀ। ਇਸ ਲਈ ਉਸਨੇ ਝੂਠ ਬੋਲਣਾ ਠੀਕ ਨਹੀਂ ਸਮਝਿਆ।
ਨਵਦੀਪ ਨੇ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਕਿ ਪ੍ਰੋਫ਼ੈਸਰ ਨੂੰ ਸਮਝ ਆ ਗਈ ਹੋਵੇਗੀ ਕਿ ਕੁੜੀਆਂ ਕਮਜ਼ੋਰ ਨਹੀਂ ਹੁੰਦੀਆਂ। ਜੋ ਸਬਕ ਇਸਨੂੰ ਮਿਿਲਆ, ਜੇ ਇਸ ’ਚ ਥੋੜ੍ਹੀ ਵੀ ਇਨਸਾਨੀਅਤ ਹੋਈ ਤਾਂ ਦੁਬਾਰਾ ਏਦਾਂ ਦਾ ਕੁੱਝ ਕਰਨ ਦੀ ਗ਼ਲਤੀ ਨਹੀਂ ਕਰੇਗਾ। ਪ੍ਰੋਫ਼ੈਸਰ ਨਜ਼ਰਾਂ ਝੁਕਾ ਕੇ ਖੜਾ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly