(ਸਮਾਜ ਵੀਕਲੀ)
ਝਾਵਾਂ ਝਾਵਾਂ ਝਾਵਾਂ
ਟੋਲ ਪਲਾਜਿਆਂ ਉੱਤੇ,
ਟੋਲ ਪਲਾਜਿਆਂ ਉੱਤੇ,
ਲਾਹੁਣ ਜਾਂਦੀਆਂ ਮਕਾਣ ਨਿੱਤ ਮਾਵਾਂ।
ਡੋਈ ਡੋਈ ਡੋਈ
ਲੋੜ ਨਹੀਂ ਸੰਧਾਰਿਆਂ ਦੀ,
ਲੋੜ ਨਹੀਂ ਸੰਧਾਰਿਆਂ ਦੀ,
ਦਿੱਲੀ ਧਰਨੇ’ਚ ਵੀਰਾ ਜਾ ਖਲੋਈਂ।
ਰੜਕੇ ਰੜਕੇ ਰੜਕੇ,
ਹਾਕਮ ਜੇ ਬੋਲ਼ੇ ਹੋ ਗਏ,
ਲੀਡਰ ਜੇ ਬੋਲ਼ੇ ਹੋ ਗਏ,
ਕੰਨ ਖੋਲ੍ਹਦੋ ਜੁਝਾਰੂ ਬਣਕੇ।
ਲੋਈ ਲੋਈ ਲੋਈ
ਮਹੀਨਿਆਂ ਤੋਂ ਲੋਕ ਰੁਲਦੇ,
ਮਹੀਨਿਆਂ ਤੋਂ ਲੋਕ ਰੁਲਦੇ,
ਰਤਾ ਦਿੱਲੀਏ ਸ਼ਰਮ ਨਾ ਹੋਈ।
ਆਰੀ ਆਰੀ ਆਰੀ
ਕਾਨੂੰਨ ਕਾਲ਼ੇ ਰੱਦ ਕਰਦੇ,
ਕਾਨੂੰਨ ਕਾਲ਼ੇ ਰੱਦ ਕਰਦੇ,
ਛੱਡ ਕਾਰਪੋਰੇਟਾਂ ਦੀ ਯਾਰੀ।
ਬੂਹੇ ਬਾਰੀਆਂ ਬੂਹੇ ਬਾਰੀਆਂ
ਲੋਕਾਂ ਦੀ ਏਕਤਾ ਅੱਗੇ,
ਕਿਰਤੀ ਦੀ ਏਕਤਾ ਅੱਗੇ,
ਚਾਲਾਂ ਹਾਕਮਾਂ ਦੀਆਂ ਸਭ ਹਾਰੀਆਂ।
ਛੈਣੇ ਛੈਣੇ ਛੈਣੇ
ਵਿਦੇਸ਼ਾਂ ਵਿੱਚ ਗੱਲਾਂ ਹੁੰਦੀਆਂ,
ਦੁਨੀਆ ‘ਚ ਗੱਲਾਂ ਹੁੰਦੀਆਂ,
ਲੈ ਲਓ ਇੰਡੀਆ ਵਿਕਾਊ ਗਹਿਣੇ।
ਰਾਈ ਰਾਈ ਰਾਈ
ਸਦੀਆਂ ਸਵਾਲ ਪੁੱਛਣੇ,
ਲੋਕਾਂ ਨੇ ਸਵਾਲ ਪੁੱਛਣੇ,
ਕਾਹਤੋਂ ਸ਼ਾਸਕਾਂ ਸ਼ਰਮ ਜਮਾਂ ਲਾਹੀ।
ਝੜੀਆਂ ਝੜੀਆਂ ਝੜੀਆਂ,
ਵੇਲੇ ਨੂੰ ਪਛਤਾਵੇਂਗੀ,
ਦਿੱਲੀਏ ਪਛਤਾਵੇਂਗੀ,
ਕਾਹਨੂੰ ਕਰਦੀ ਜੱਟਾਂ ਅੱਗੇ ਅੜੀਆਂ।
ਰਜਿੰਦਰ ਸਿੰਘ ਰਾਜਨ
9653885032
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly