HOME ਹੰਗਾਮੀ ਹਾਲਾਤ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਦਾ ਹੋਇਆ ਸਨਮਾਨ

ਹੰਗਾਮੀ ਹਾਲਾਤ ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ ਦਾ ਹੋਇਆ ਸਨਮਾਨ

1

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਕੀਤਾ ਸਨਮਾਨਿਤ

ਹੁਸ਼ਿਆਰਪੁਰ    (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਦੇਸ਼ ਦੀ ਸਰਹੱਦ ‘ਤੇ ਪੈਦਾ ਹੋਏ ਤਣਾਅਪੂਰਨ ਹਾਲਾਤ ਅਤੇ ਜੰਗ ਵਰਗੇ ਮਾਹੌਲ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦੇਣ ਲਈ ਅੱਜ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਬੇਹੱਦ ਸੰਕਟ ਦੀ ਘੜੀ ਵਿਚ ਮਿਸਾਲੀ ਸੇਵਾ ਭਾਵਨਾ ਅਤੇ ਦੇਸ਼ ਭਗਤੀ ਦਾ ਪ੍ਰਦਰਸ਼ਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਸਰਹੱਦ ‘ਤੇ ਤਣਾਅ ਵਧਿਆ ਅਤੇ ਸਥਿਤੀ ਗੰਭੀਰ ਹੋ ਗਈ, ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਜਿਸ ਤਰ੍ਹਾਂ ਦਾ ਸਬਰ, ਹਿੰਮਤ ਅਤੇ ਚੌਕਸੀ ਦਿਖਾਈ ਗਈ ਹੈ, ਉਹ ਸ਼ਲਾਘਾਯੋਗ ਹੈ ਅਤੇ ਇਹ ਸਮਰਪਿਤ ਅਧਿਕਾਰੀ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਬ-ਡਵੀਜ਼ਨ, ਕਲੱਸਟਰ, ਪਿੰਡ ਅਤੇ ਵਾਰਡ ਪੱਧਰ ਤੱਕ ਪ੍ਰਸ਼ਾਸਕੀ ਨੈੱਟਵਰਕ ਨੂੰ ਸਰਗਰਮ ਕੀਤਾ ਗਿਆ ਹੈ ਅਤੇ ਵਿਸ਼ੇਸ਼ ਆਫ਼ਤ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਤੁਰੰਤ ਉਪਲਬੱਧ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਅਧਿਕਾਰੀ ਹਰ ਚੁਣੌਤੀ ਲਈ ਤਿਆਰ ਹਨ ਅਤੇ ਪੂਰੀ ਤਨਦੇਹੀ ਨਾਲ ਆਪਣੇ ਫਰਜ਼ ਨਿਭਾਉਂਦੇ ਹਨ। ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਭਵਿੱਖ ਵਿਚ ਵੀ ਇਸੇ ਉਤਸ਼ਾਹ, ਸਮਰਪਣ ਅਤੇ ਜਾਗਰੂਕਤਾ ਨਾਲ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ। ਇਸ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਅਤੇ ਸਕਾਰਾਤਮਕ ਊਰਜਾ ਸਦਕਾ ਪੂਰੇ ਜ਼ਿਲ੍ਹੇ ਵਿਚ ਸੰਕਟ ਦੀ ਸਥਿਤੀ ਨੂੰ ਸੰਗਠਿਤ ਢੰਗ ਨਾਲ ਸੰਭਾਲਿਆ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵੀ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਇਹ ਪਲ ਹਮੇਸ਼ਾ ਉਨ੍ਹਾਂ ਦੀ ਜ਼ਿੰਦਗੀ ਦੀਆਂ ਯਾਦਾਂ ਵਿਚ ਉੱਕਰਿਆ ਰਹੇਗਾ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਮਨੋਬਲ ਵਧਾਉਂਦੇ ਹਨ ਬਲਕਿ ਪ੍ਰਸ਼ਾਸਨਿਕ ਸੇਵਾਵਾਂ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕਰਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਬੀਰ ਕੌਰ ਭੁੱਲਰ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਓਇਸ਼ੀ ਮੰਡਲ, ਐਸ.ਪੀ ਨਵਨੀਤ ਕੌਰ ਗਿੱਲ, ਆਰ.ਟੀ.ਓ ਸੰਜੀਵ ਕੁਮਾਰ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਮੁੱਖ ਮੰਤਰੀ ਫੀਲਡ ਅਫ਼ਸਰ-ਕਮ-ਐਸ.ਡੀ.ਐਮ ਟਾਂਡਾ ਪਰਮਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਮਰਜੈਂਸੀ ਨਾਲ ਨਜਿੱਠਣ ਲਈ ਕਰਵਾਈ ਜ਼ਿਲ੍ਹਾ ਪੱਧਰੀ ਮੌਕ ਡਰਿੱਲ
Next articleਵਿਧਾਇਕ ਜਿੰਪਾ ਨੇ ਚੌਕ ਸੁਰਾਜਾਂ ‘ਚ 23 ਲੱਖ ਰੁਪਏ ਦੀ ਲਾਗਤ ਨਾਲ ਟਾਈਲਾਂ ਦੇ ਕੰਮ ਦਾ ਕੀਤਾ ਉਦਘਾਟਨ