ਜ਼ਿਲ੍ਹੇ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ, ਸ਼ਾਮ 4 ਵਜੇ ਤੱਕ 62.05 ਫੀਸਦੀ ਪੋਲਿੰਗ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸ਼ਾਂਤਮਈ ਵੋਟਿੰਗ ਲਈ ਵੋਟਰਾਂ ਅਤੇ ਪੋਲਿੰਗ ਸਟਾਫ਼ ਦਾ ਧੰਨਵਾਦ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੰਚਾਇਤਾਂ ਲਈ ਵੋਟਿੰਗ ਅਮਨ-ਅਮਾਨ ਨਾਲ ਮੁਕੰਮਲ ਹੋਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 10 ਬਲਾਕਾਂ ਵਿਚ ਸ਼ਾਮ 4 ਵਜੇ ਤੱਕ 62.05 ਫੀਸਦੀ ਪੋਲਿੰਗ ਹੋਈ, ਜਿਸ ਵਿਚ ਗੜ੍ਹਸ਼ੰਕਰ ਬਲਾਕ ਵਿਚ 52.39 , ਮਾਹਿਲਪੁਰ ਵਿਚ 61.07, ਹੁਸ਼ਿਆਰਪੁਰ-1 ਵਿਚ 64.3 ਫੀਸਦੀ, ਹੁਸ਼ਿਆਰਪੁਰ-2 ਵਿਚ 60.28 ਫੀਸਦੀ, ਟਾਂਡਾ ਵਿਚ 62 ਫੀਸਦੀ, ਦਸੂਹਾ ਵਿਚ 64.53 ਫੀਸਦੀ, ਮੁਕੇਰੀਆਂ ਵਿਚ 59.83 ਫੀਸਦੀ, ਹਾਜੀਪੁਰ ਵਿਚ 65.91 ਫੀਸਦੀ , ਤਲਵਾੜਾ ਵਿਚ 64.93 ਫੀਸਦੀ ਅਤੇ ਬਲਾਕ ਭੂੰਗਾ ਵਿਚ 69.48 ਫੀਸਦੀ ਵੋਟਾਂ ਪਈਆਂ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 10 ਬਲਾਕਾਂ ਵਿਚ 1405 ਗਰਾਮ ਪੰਚਾਇਤਾਂ ਹਨ ਅਤੇ ਪੋਲਿੰਗ ਬੂਥਾਂ ਦੀ ਗਿਣਤੀ 1683 ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਰਪੰਚ ਅਹੁਦੇ ਲਈ ਕੁਲ 2730 ਅਤੇ ਪੰਚ ਅਹੁਦੇ ਲਈ 6751 ਉਮੀਦਵਾਰਾਂ ਨੇ ਚੋਣ ਲੜੀ ਹੈ। ਜ਼ਿਲ੍ਹੇ ਵਿਚ 265 ਪੰਚਾਇਤਾਂ ਸਰਬਸੰਮਤੀ ਨਾਲ ਪਹਿਲਾਂ ਹੀ ਚੁਣ ਲਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਚੋਣ ਪ੍ਰਕਿਰਿਆ ਵਿਚ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਜ਼ਿੰਮੇਵਾਰੀ ਨਾਲ ਨਿਭਾਈ ਗਈ ਡਿਊਟੀ ਕਾਰਨ ਹੀ ਸਫ਼ਲਤਾਪੂਰਵਕ ਚੋਣਾਂ ਮੁਕੰਮਲ ਹੋਈਆਂ ਹਨ। ਉਨ੍ਹਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਸਮੂਹ ਵੋਟਰਾਂ ਦੀ ਪ੍ਰਸ਼ੰਸਾ ਅਤੇ ਧੰਨਵਾਦ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਐਸ.ਐਸ.ਪੀ ਸੁਰੇਂਦਰ ਲਾਂਬਾ ਸਮੇਤ ਅੱਜ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ।
ਇਸ ਦੌਰਾਨ ਉਨ੍ਹਾਂ ਪਿੰਡ ਅੱਜੋਵਾਲ, ਆਦਮਵਾਲ, ਬਜਵਾੜਾ, ਹਰਦੋਖਾਨਪੁਰ, ਰਾਮ ਕਲੋਨੀ ਕੈਂਪ ਅਤੇ ਜਹਾਨਖੇਲਾਂ ਅਤੇ ਹੋਰ ਥਾਵਾਂ ਦੇ ਪੋਲਿੰਗ ਬੂਥਾਂ ’ਤੇ ਪਹੁੰਚ ਕੇ ਸਮੁੱਚੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਉਥੇ ਮੌਜੂਦ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ।
ਐਸ.ਐਸ.ਪੀ ਸੁਰੇਂਦਰ  ਲਾਂਬਾ ਨੇ  ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ । ਉਨ੍ਹਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਚੋਣ ਅਮਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਵੱਖ-ਵੱਖ ਥਾਵਾਂ ‘ਤੇ ਲੋੜੀਂਦੇ ਮੁਲਾਜ਼ਮ ਤਾਇਨਾਤ ਸਨ।
ਜਿਕਰਯੋਗ ਹੈ ਕਿ ਸਵੇਰੇ 10 ਵਜੇ ਤੱਕ ਜ਼ਿਲ੍ਹੇ ਵਿਚ ਵੋਟਿੰਗ ਫੀਸਦੀ 12.48, ਦੁਪਹਿਰ 12 ਵਜੇ ਤੱਕ 25.57 ਫੀਸਦੀ, ਦੁਪਹਿਰ 2 ਵਜੇ ਤੱਕ 45.64 ਫੀਸਦੀ, ਸ਼ਾਮ 4 ਵਜੇ ਤੱਕ 62.05 ਫੀਸਦੀ ਰਹੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡੀ ਬਿੱਲੀ ਸਾਨੂੰ ਹੀ ਮਿਆਊਂ
Next articleਅੱਖਾਂ ਦਾਨ ਕਰੋ ਤਾਂ ਜੋ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਦੁਨੀਆਂ ਨੂੰ ਦੇਖ ਸਕਣ – ਸੰਜੀਵ ਅਰੋੜਾ