ਨਵੀਂ ਦਿੱਲੀ (ਸਮਾਜ ਵੀਕਲੀ): ਪੇਟੀਐੱਮ ਦੇ ਸੀਈਓ ਵਿਜੇ ਸ਼ੇਖਰ ਸ਼ਰਮਾ ਨੂੰ ਦਿੱਲੀ ਪੁਲੀਸ ਨੇ ਫਰਵਰੀ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਦੀ ਕਾਰ ਵਿੱਚ ਕਥਿਤ ਤੌਰ ‘ਤੇ ਟੱਕਰ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਅਤੇ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਘਟਨਾ ਦੀ ਪੁਸ਼ਟੀ ਕੀਤੀ। ਦਿੱਲੀ ਪੁਲੀਸ ਦੇ ਬੁਲਾਰੇ ਸੁਮਨ ਨਲਵਾ ਨੇ ਦੱਸਿਆ ਕਿ ਇਹ ਘਟਨਾ 22 ਫਰਵਰੀ ਨੂੰ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੀ ਹੈ। ਅਧਿਕਾਰੀ ਨੇ ਕਿਹਾ, ‘ ਮੁਲਜ਼ਮ ਨੇ ਦੱਖਣੀ ਦਿੱਲੀ ਦੀ ਡਿਪਟੀ ਕਮਿਸ਼ਨਰ ਆਫ ਪੁਲੀਸ (ਡੀਸੀਪੀ) ਬੇਨੀਤਾ ਮੈਰੀ ਜੈਕਰ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਡੀਸੀਪੀ ਘਟਨਾ ਦੇ ਸਮੇਂ ਕਾਰ ਦੇ ਅੰਦਰ ਮੌਜੂਦ ਨਹੀਂ ਸੀ।’ ਇਹ ਹਾਦਸਾ 22 ਫਰਵਰੀ ਨੂੰ ਮਦਰ ਇੰਟਰਨੈਸ਼ਨਲ ਸਕੂਲ ਸ੍ਰੀ ਅਰਬਿੰਦੋ ਮਾਰਗ ਦੇ ਬਾਹਰ ਉਸ ਸਮੇਂ ਹੋਇਆ ਜਦੋਂ ਡੀਸੀਪੀ ਦੇ ਡਰਾਈਵਰ ਨੇ ਕਾਰ ਨੂੰ ਤੇਲ ਭਰਨ ਲਈ ਬਾਹਰ ਕੱਢਿਆ ਸੀ। ਹਾਦਸੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਡੀਸੀਪੀ ਦੇ ਡਰਾਈਵਰ ਕਾਂਸਟੇਬਲ ਦੀਪਕ ਕੁਮਾਰ ਨੇ ਤੁਰੰਤ ਟੱਕਰ ਮਾਰਨ ਵਾਲੀ ਲੈਂਡ ਰੋਵਰ ਦਾ ਨੰਬਰ ਨੋਟ ਕੀਤਾ ਅਤੇ ਘਟਨਾ ਬਾਰੇ ਡੀਸੀਪੀ ਜੈਕਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਉਸ ਨੂੰ ਸ਼ਿਕਾਇਤ ਦਰਜ ਕਰਨ ਲਈ ਕਿਹਾ। ਲੈਂਡ ਰੋਵਰ ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly