“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥

(ਸਮਾਜ ਵੀਕਲੀ) 5 ਜੂਨ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਵਾਤਾਵਰਣ ਇਸ ਮਕਸਦ ਨਾਲ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ ਲੇਕਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋ ਸਦੀਆਂ ਪਹਿਲਾਂ ਹੀ ਇਸ ਸਬੰਧੀ ਗੁਰਬਾਣੀ ਵਿੱਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਸਾਨੂੰ ਵਾਤਾਵਰਣ ਬਾਰੇ ਸੁਚੇਤ ਕੀਤਾ ਹੈ ਅਤੇ ਮਨੁੱਖ ਨੂੰ ਕੁਦਰਤ ਨਾਲ ਜੋੜਿਆ ਗਿਆ ਹੈ ਇਸ ਤੋਂ ਵੱਧ ਕੁਦਰਤ ਨੂੰ ਕੀ ਸਤਿਕਾਰ ਦਿੱਤਾ ਜਾ ਸਕਦਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਮੁਨਾਫਾਖੋਰ ਲੋਕਾਂ ਵਲੋਂ ਜਿਸ ਤਰੀਕੇ ਨਾਲ ਵਾਤਾਵਰਨ ਨੂੰ ਗੰਧਲਾ ਅਤੇ ਜ਼ਹਿਰੀਲਾ ਕੀਤਾ ਜਾ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ਵਿੱਚੋ ਆਕਸੀਜਨ ਮਿਲਣੀ ਸੌਖੀ ਨਹੀਂ ਹੋਵੇਗੀ । ਲਗਾਤਾਰ ਵਾਤਾਵਰਨ ਦਾ ਪ੍ਰਦੂਸ਼ਤ ਹੋਣਾ ਅੱਜ ਭਾਰਤ  ਲਈ ਵੀ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਘੱਟ ਕਰਨਾ ਵੀ ਇਕ ਬਹੁਤ ਵੱਡੀ ਚੁਣੌਤੀ ਹੈ।  ਵਾਤਾਵਰਨ ਦਾ ਮਨੁੱਖੀ ਜੀਵਨ ਤੇ ਪ੍ਰਭਾਵ ਪੈਣਾ ਸੁਭਾਵਿਕ ਹੈ। ਧਰਤੀ ਤੇ ਸਭ ਤਰ੍ਹਾਂ ਦੇ ਕੁਦਰਤੀ ਤੱਤ, ਜੋ ਜੀਵਨ ਨੂੰ ਸੰਭਵ ਬਣਾਉਂਦੇ ਹਨ, ਵਾਤਾਵਰਨ ਦਾ ਹਿੱਸਾ ਹਨ, ਜਿਵੇਂ ਪਾਣੀ, ਹਵਾ, ਧਰਤੀ, ਪ੍ਰਕਾਸ਼, ਜੰਗਲ ਆਦਿ। ਅੱਜ ਮਨੁੱਖ ਲਈ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਵਾਤਾਵਰਣ ਦਾ ਗੰਧਲਾ ਹੋਣਾ ਹੈ ਵਾਤਾਵਰਣ ਦੀ ਹਾਲਤ ਇਹ ਹੋ ਗਈ ਹੈ ਕਿ ਧਰਤੀ ਉੱਪਰ ਜਾਣੀਆਂ ਪਹਿਚਾਣੀਆ 17 ਲੱਖ ਜੀਵ ਨਸਲਾਂ ਵਿੱਚੋਂ ਅੱਜ ਕੱਲ੍ਹ ਇੱਕ ਨਸਲ ਪ੍ਰਤੀ ਘੰਟਾ ਵਾਤਾਵਰਨ ਵਿੱਚ ਪ੍ਰਦੂਸ਼ਣ ਕਾਰਨ ਖ਼ਤਮ ਹੋ ਰਹੀ ਹੈ ਇਥੇ ਅਰਬਾਂ ਰੁਪਏ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਉਪਰ ਖ਼ਰਚ ਹੋ ਰਿਹਾ ਹੈ। ਸੰਨ 1972 ਵਿੱਚ ਸੰਯੁਕਤ ਰਾਸ਼ਟਰ ਨੇ ਵਾਤਾਵਰਨ ਪ੍ਰਦੂਸ਼ਣ ਦੇ ਨਾਲ ਹੋਣ ਵਾਲੀਆਂ ਸਮੱਸਿਆਵਾਂ ਵੱਲ ਵਿਸ਼ਵ ਦਾ ਧਿਆਨ ਲਿਆਉਣ ਲਈ ਇੱਕ ਸਭਾ ਆਯੋਜਿਤ ਕੀਤੀ, ਜਿਸ ਵਿਚ 5 ਜੂਨ 1974 ਤੋਂ ਹਰ ਸਾਲ ਵਿਸ਼ਵ ਪੱਧਰ ’ਤੇ ਵਿਸ਼ਵ ਵਾਤਾਵਰਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਵਿਸ਼ਵ ਦੇ 143 ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ, ਸਮਾਜ-ਸੇਵੀ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਵੱਲੋਂ ਹਰ ਸਾਲ 5 ਜੂਨ ਨੂੰ ਸਮਾਜ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਸੰਬੰਧ ਵਿੱਚ ਵੱਖ-ਵੱਖ ਪ੍ਰੋਗਰਾਮ ਅਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।
ਪ੍ਰਦੂਸ਼ਣ ਦੇ ਕਾਰਨ ਵੱਧਦਾ ਤਾਪਮਾਨ ਇੱਕ ਵਿਸ਼ਵ ਵਿਆਪੀ ਸਮੱਸਿਆ ਬਣਦਾ ਜਾ ਰਿਹਾ ਹੈ, ਜੇਕਰ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖਤਮ ਹੋ ਜਾਣਗੇ, ਸਮੁੰਦਰਾਂ ਵਿੱਚ ਪਾਣੀ ਵੱਧ ਜਾਵੇਗਾ, ਜੋ ਸਮੁੰਦਰ ਕੰਢੇ ਵੱਸਣ ਵਾਲੇ ਕਰੋੜਾ ਲੋਕਾਂ ਦਾ ਖਾਤਮਾ ਹੋ ਜਾਵੇਗਾ। ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵੀ ਪ੍ਰਦੂਸ਼ਣ ਦੇ ਮਾਮਲੇ ਵਿੱਚ ਕਦੇ ਵੀ ਨਾ ਤਾਂ ਸਰਕਾਰਾਂ ਗੰਭੀਰ ਹੋਈਆਂ ਹਨ ਅਤੇ ਨਾ ਹੀ ਪ੍ਰਸ਼ਾਸਨ। ਅਗਰ ਅਸੀਂ ਚੰਡੀਗੜ੍ਹ ਦੀ ਉਦਾਹਰਣ ਲਈਏ ਕਿ ਉਥੇ ਬਿਨਾਂ ਸਰਕਾਰਾਂ ਤੋਂ ਪੰਜਾਬ ਅਤੇ ਹਰਿਆਣਾ ਨਾਲੋ ਪ੍ਰਦੂਸ਼ਣ ਘੱਟ ਹੈ ਅਤੇ ਖੂਬਸੂਰਤੀ ਅਤੇ ਅਨੁਸ਼ਾਸਨ ਪੱਖੋਂ ਵੀ ਬਹੁਤ ਸਾਰੇ ਸੂਬਿਆਂ ਨਾਲੋਂ ਬਹੁਤ ਬੇਹਤਰ ਹੈ। ਸਾਡੀਆ ਸਰਕਾਰਾ ਅਤੇ ਪ੍ਰਸ਼ਾਸਨ ਨੂੰ ਪ੍ਰਦੂਸ਼ਣ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਰੀਸ ਕਰਨੀ ਜ਼ਰੂਰ ਬਣਦੀ ਹੈ। ਇਸ ਤੋਂ ਇਲਾਵਾ ਸਮਾਜ ਅਤੇ ਲੋਕਾਂ ਨੂੰ ਵੀ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਜਾਗਰੂਕ ਹੋਣ ਦੀ ਲੋੜ ਹੈ। ਸੜਕਾਂ ਤੇ ਜਿਆਦਾ ਧੂੰਆਂ ਛੱਡ ਰਹੇ ਵਾਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਦਰੱਖ਼ਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ, ਜੋ ਵਾਤਾਵਰਣ ਪ੍ਰਦੂਸ਼ਣ ਲਈ ਸਭ ਤੋ ਵੱਧ ਜ਼ਿੰਮੇਵਾਰ ਹੈ। ਮੋਟਰ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਦੀ ਰਫ਼ਤਾਰ ਨੂੰ ਤੇਜ਼ ਕੀਤਾ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਇਨ੍ਹਾਂ ਦੇ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਕਾਰਨ ਅਨੇਕਾਂ ਭਿਅੰਕਰ ਬੀਮਾਰੀਆਂ ਪੈਦਾ ਹੋ ਰਹੀਆਂ ਹਨ। ਵਧਦੇ ਸ਼ਹਿਰੀ ਕਰਨ ਦੇ ਕਾਰਨ ਫਾਲਤੂ ਕੂੜਾ ਕਰਕਟ, ਗੰਦਗੀ, ਪਲਾਸਟਿਕ ਪਦਾਰਥ ਅਤੇ ਵਿਸ਼ੇਸ਼ ਤੌਰ ’ਤੇ ਪਾਲੀਥੀਨ ਬੈਗ ਦੇ ਢੇਰ, ਜੋ ਜਲਦ ਨਸ਼ਟ ਨਹੀਂ ਹੁੰਦੇ, ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਚ ਸਭ ਤੋਂ ਅੱਗੇ ਹਨ। ਏਅਰ ਕੰਡੀਸ਼ਨਰ ਚਲਾਉਣ ’ਤੇ ਨਿਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ, ਓਜ਼ੋਨ ਪਰਤ ਨੂੰ ਪਤਲਾ ਕਰਨ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਅ ਰਹੀ ਹੈ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ। ਧਾਰਮਿਕ ਸਥਾਨਾਂ ’ਤੇ ਲੱਗੇ ਵੱਡੇ ਸਪੀਕਰ, ਖੁਸ਼ੀ ਦੇ ਮੌਕੇ ਉੱਚੀ ਆਵਾਜ਼ ਵਿਚ ਚਲਦੇ ਡੀ.ਜੇ ਸਿਸਟਮ, ਘਰਾਂ ਵਿੱਚ ਉਚੀ ਅਵਾਜ਼ ਵਿੱਚ ਚਲਦੇ ਟੈਲੀਵਿਜ਼ਨ ਅਤੇ ਮਿਉਜਿਕ ਸਿਸਟਮ ਅਤੇ ਮੋਟਰ ਸਾਈਕਲਾਂ ’ਤੇ ਲੱਗੇ ਪ੍ਰੈਸਰ ਦੇ ਕਾਰਨ, ਜਿੱਥੇ ਅਵਾਜ਼ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ , ਉਥੇ ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗ ਉਤਪੰਨ ਹੋ ਰਹੇ ਹਨ। ਜਿਨ੍ਹਾਂ ਵਿਚ ਸਿਰਦਰਦ, ਤਣਾਅ, ਕੰਨ ਦੇ ਰੋਗ ਨੀਂਦ ਨਾ ਆਉਣ ਦੀ ਬੀਮਾਰੀ ਆਦਿ ਪ੍ਰਮੁੱਖ ਹਨ।  ਸਮੇਂ ਦੀ ਮੰਗ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਏ ਜਾਣ। ਪੋਲੀਥੀਨ ਬੈਗ ਦਾ ਪ੍ਰਯੋਗ ਨਾ ਹੋਵੇ, ਮੋਟਰ ਗੱਡੀਆਂ ’ਤੇ ਵਿਸ਼ੇਸ਼ ਕਿਸਮ ਦੇ ਸਾਈਲੈਸਰ ਲਗਾਏ ਜਾਣ, ਲੈਡ ਰਹਿਤ ਪਟਰੋਲ ਦੀ ਵਰਤੋਂ ਕੀਤੀ ਜਾਵੇ। ਕਾਰਖਾਨਿਆਂ ਵਿੱਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆ ਲੱਗਣ,  ਧੂਆਂ ਛੱਡ ਰਹੀਆਂ ਫੈਕਟਰੀਆਂ ਦੀ ਚੈਕਿੰਗ ਹੋਣੀ ਚਾਹੀਦੀ ਹੈ।  ਘਰਾਂ ਅਤੇ ਦੁਕਾਨਾਂ ਆਦਿ ਤੋਂ ਕੂੜਾ ਕਰਕਟ ਸੜਕਾਂ ਅਤੇ ਖੁੱਲੇ ਵਿੱਚ ਨਾ ਸੁਟਿਆ ਜਾਵੇ, ਸ਼ਹਿਰਾਂ ਵਿੱਚ ਕੂੜੇ ਅਤੇ ਖੇਤਾਂ ਵਿੱਚ ਪਰਾਲੀ ਨੂੰ ਸਾੜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਘਰਾਂ ਅਤੇ ਦਫ਼ਤਰਾਂ ਵਿਚ ਏਅਰ ਕੰਡੀਸ਼ਨਰਾਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ ਫ਼ਤਿਹ ਵਾਤਾਵਰਨ ਦੀ ਸੁਰੱਖਿਆ ਸਬੰਧੀ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਬੱਚਿਆਂ ਨੂੰ ਸਕੂਲਾਂ ਵਿਚ ਵਾਤਾਵਰਣ ਸਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ, ਜੋ ਉਹ ਆਪਣਾ ਬਣਦਾ ਯੋਗਦਾਨ ਪਾ ਸਕਣ। ਆਉ ਅਸੀ ਸਾਰੇ ਰਲ ਮਿਲ ਕੇ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਅਤੇ ਇਸ ਧਰਤੀ ਨੂੰ ਖੂਬਸੂਰਤੀ ਨਾਲ ਭਰ ਦੇਈਏ। ਭਵਿੱਖ ਲਈ ਦੁਨੀਆਂ ਤੇ ਮਨੁੱਖੀ ਜੀਵਨ ਅਤੇ ਹੋਰ ਜੀਵ ਜੰਤੂਆਂ ਦਾ ਜੀਵਨ ਬਚਾਉਣ ਲਈ ਵਾਤਾਵਰਣ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਜਿਸ ਵਿੱਚ ਰੁੱਖਾਂ ਦਾ ਬਹੁਤ ਹੀ ਵੱਡਾ ਯੋਗਦਾਨ ਸਮਝਿਆ ਜਾਂਦਾ ਹੈ ਰੁੱਖਾਂ ਵਾਰੇ ਸ਼ਿਵ ਕੁਮਾਰ ਬਟਾਲਵੀ ਦੀਆਂ ਇਹ ਸਤਰਾਂ ਮਨੁੱਖ ਅਤੇ ਰੁੱਖ ਦੇ ਰਿਸ਼ਤੇ ਨੂੰ ਪ੍ਰਗਟਾਉਂਦੀਆਂ ਹਨ।
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਵਾਂ
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਂ ਰੁੱਖਾਂ ਦੀਆਂ ਛਾਵਾਂ ।
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ
ਕੁਲਦੀਪ ਸਿੰਘ ਸਾਹਿਲ
9417990040
ਪੇਸ਼ਕਸ਼:-
ਕੁਲਦੀਪ ਸਿੰਘ ਸਾਹਿਲ (ਰਿਟਾ: ਐਸ.ਡੀ.ਓ)
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਲੀਵਲੈਂਡ ਵਿਖੇ ਰੀਜਨਲ ‘ਸਿੱਖ ਯੂਥ ਸਿਮਪੋਜ਼ੀਅਮ 2024’ ਕਰਵਾਇਆ ਗਿਆ
Next article “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥