ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੂਨ ਮਹੀਨੇ ਦੀਆਂ ਆਜ਼ਾਦੀ ਸੰਗਰਾਮ ਨਾਲ਼ ਜੁੜੀਆਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਨੂੰ ਸਮਰਪਿਤ ਗੰਭੀਰ ਵਿਚਾਰ ਚਰਚਾ 29 ਜੂਨ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਜਾਵੇਗੀ, ਜਿਸਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਉਹਨਾਂ ਦੱਸਿਆ ਕਿ ਦੂਜਾ ਲਾਹੌਰ ਸਾਜ਼ਿਸ਼ ਕੇਸ 18 ਜੂਨ 1916 ਜਿਸ ਵਿਚ ਰੂੜ ਸਿੰਘ ਤਲਵੰਡੀ ਦੁਸਾਂਝ (ਉਸ ਮੌਕੇ ਫਿਰੋਜ਼ਪੁਰ), ਈਸ਼ਰ ਸਿੰਘ ਢੁੱਡੀਕੇ (ਉਸ ਮੌਕੇ ਫਿਰੋਜ਼ਪੁਰ), ਬੀਰ ਸਿੰਘ ਬਾਹੋਵਾਲ (ਹੁਸ਼ਿਆਰਪੁਰ), ਰੰਗਾ ਸਿੰਘ ਖੁਰਦਪੁਰ (ਜਲੰਧਰ), ਉੱਤਮ ਸਿੰਘ ਹਾਂਸ ਕਲਾਂ (ਲੁਧਿਆਣਾ) ਮੁਲਕ ਦੀ ਆਜ਼ਾਦੀ ਲਈ ਜੱਦੋ ਜਹਿਦ ਕਰਨ ਦੇ ‘ਦੋਸ਼’ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਵਿਸ਼ੇਸ਼ ਤੌਰ ਤੇ ਉਹਨਾਂ ਦੀ ਘਾਲਣਾ ਨੂੰ ਯਾਦ ਕਰਨ, ਉਹਨਾਂ ਦੇ ਸੰਗਰਾਮੀ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਹਨਾਂ ਦੇ ਸੁਪਨਿਆਂ ਦੀ ਪੂਰਤੀ ਲਈ ਵਿਚਾਰ ਚਰਚਾ ‘ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਮੁੱਖ ਵਕਤਾ ਹੋਣਗੇ।
ਇਸ ਮੌਕੇ ਸ਼ਹੀਦ ਆਤਮਾ ਰਾਮ (ਸ਼ੰਘਾਈ), ਬੱਬਰ ਅਕਾਲੀ ਚਿੰਤਾ ਸਿੰਘ ਢੰਡੋਲੀ (ਜਲੰਧਰ ਜੇਲ੍ਹ ‘ਚ 8 ਜੂਨ 1941 ਫਾਂਸੀ), ਜਨਮ ਦਿਨ ਕਿਸ਼ੋਰੀ ਲਾਲ (9 ਜੂਨ 1909), ਸ਼ਹੀਦ ਹਰੀ ਕਿਸ਼ਨ ਸਰਹੱਦੀ ਨੂੰ ਮੀਆਂਵਾਲੀ ਜੇਲ੍ਹ ਵਿੱਚ ਫਾਂਸੀ, ਜਨਮ ਦਿਨ ਕ੍ਰਾਂਤੀਕਾਰੀ ਰਾਮ ਪ੍ਰਸਾਦ ਬਿਸਮਿਲ (12 ਜੂਨ 1897), ਸਾਕਾ ਵੱਲਾ ਪੁਲ (ਅੰਮ੍ਰਿਤਸਰ) (12 ਜੂਨ 1915), ਕ੍ਰਾਂਤੀਕਾਰੀ ਸਚਿੰਦਰ ਨਾਥ ਪਾਂਡੇ ਦਾ ਸਦੀਵੀ ਵਿਛੋੜਾ (13 ਜੂਨ 1992), ਸ਼ਹੀਦੀ ਬਾਬੂ ਨਲਨੀ ਬਾਗ਼ਚੀ (16 ਜੂਨ 1918), ਸ਼ਹੀਦੀ ਮਨਿੰਦਰ ਬੈਨਰਜੀ (ਭੁੱਖ ਹੜਤਾਲ ਦੌਰਾਨ ਫਤਿਹਗੜ੍ਹ ਜੇਲ੍ਹ ‘ਚ ਸ਼ਹੀਦ) (20 ਜੂਨ 1935), ਕ੍ਰਾਂਤੀਕਾਰੀ ਡਾ. ਗਆ ਪ੍ਰਸਾਦ ਦਾ ਜਨਮ ਦਿਨ (20 ਜੂਨ 1900), ਜਨਮ ਦਿਨ ਕ੍ਰਾਂਤੀਕਾਰੀ ਰਜਿੰਦਰਨਾਥ ਲਹਿਰੀ (ਕਾਕੋਰੀ ਕੇਸ) (23 ਜੂਨ 1901) ਆਦਿ ਦੀਆਂ ਕੁਰਬਾਨੀਆਂ ਭਰੇ ਇਤਿਹਾਸਕ ਸਫ਼ਿਆਂ ਉਪਰ ਗੰਭੀਰ ਵਿਚਾਰਾਂ ਵੀ ਕੀਤੀਆਂ ਜਾਣਗੀਆਂ।
ਭਖ਼ਦੇ ਮੁੱਦਿਆਂ ਤੇ ਆਵਾਜ਼ ਬੁਲੰਦ ਕਰਨ ਲਈ ਮਤੇ ਪੇਸ਼ ਕੀਤੇ ਜਾਣਗੇ।
ਕਮੇਟੀ ਨੇ ਦੇਸ਼ ਭਗਤਾਂ ਦੀਆਂ ਵਾਰਸ ਸਮੂਹ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly