ਸਬਰ ਬਹੁਤ ਕੁੱਝ ਦਿੰਦਾ ਹੈ

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

(ਸਮਾਜ ਵੀਕਲੀ)

ਸਬਰ ਦਾ ਫੱਲ ਮਿੱਠਾ ਹੁੰਦਾ ਹੈ,ਇਹ ਸਾਰਿਆਂ ਨੇ ਜ਼ਰੂਰ ਸੁਣਿਆ ਹੋਏਗਾ।ਸਬਰ ਕਰਨ ਲਈ ਸੋਚ ਅਤੇ ਸਮਝ ਬਹੁਤ ਸਹਾਈ ਹੁੰਦੀ ਹੈ।ਜਿੰਨ੍ਹਾਂ ਨੂੰ ਸਬਰ ਕਰਨਾ ਆ ਜਾਏ ਜਾਂ ਸਬਰ ਦਾ ਪੱਲਾ ਫੜ ਲੈਣ,ਉਨ੍ਹਾਂ ਦੀ ਆਪਣੀ ਜ਼ਿੰਦਗੀ ਅਤੇ ਉਨ੍ਹਾਂ ਦੇ ਆਸ ਪਾਸ ਰਹਿਣ ਵਾਲਿਆਂ ਲਈ ਬਹੁਤ ਕੁੱਝ ਵੱਖਰਾ ਹੋ ਜਾਂਦਾ ਹੈ।ਸਬਰ,ਸੰਤੋਖ ਅਤੇ ਸੰਤੁਸ਼ਟੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾ ਲੈਂਦੀ ਹੈ।ਅੱਜ ਹਰ ਕੋਈ ਦੂਸਰੇ ਤੋਂ ਅਮੀਰ ਹੋਣ ਅਤੇ ਵਿਖਾਈ ਦੇਣ ਦੀ ਦੌੜ ਵਿੱਚ ਲੱਗਾ ਹੋਇਆ ਹੈ।ਵੱਡੀਆਂ ਗੱਡੀਆਂ, ਮਹਿਲਨੁਮਾ ਘਰ ਅਤੇ ਘਰਾਂ ਵਿੱਚ ਤੜਕ ਭੜਕ,ਇਹ ਅਮੀਰੀ ਦੀ ਨਿਸ਼ਾਨੀ ਸਮਝੀ ਜਾਣ ਲੱਗੀ ਹੈ।ਇਸਨੇ ਬੰਦੇ ਦਾ ਸਕੂਨ ਖਤਮ ਕਰ ਦਿੱਤਾ।ਰਿਸ਼ਤਿਆਂ ਦਾ ਘਾਣ ਕਰ ਦਿੱਤਾ।ਅਸਲ ਵਿੱਚ ਅਜਿਹੇ ਲੋਕ ਘਰਾਂ ਪਰਿਵਾਰਾਂ ਅਤੇ ਸਮਾਜ ਲਈ ਮੁਸੀਬਤ ਹੀ ਹਨ।

ਜਿੰਨੇ ਵੀ ਅਮੀਰ ਧਨਾਢ ਇਸ ਦੁਨੀਆਂ ਤੋਂ ਗਏ,ਖਾਲੀ ਹੱਥ ਗਏ।ਜੇਕਰ ਤੁਸੀਂ ਮਹਿਲਨੁਮਾ ਘਰ ਵਿੱਚ ਖੁਸ਼ ਨਹੀਂ ਹੋ ਤਾਂ ਉਸਦਾ ਕੋਈ ਫਾਇਦਾ ਨਹੀਂ।ਸੋਚ ਦਾ ਅਮੀਰ ਹੋਣਾ ਅਤੇ ਸਾਦਾ ਜਿਊਣਾ ਹੀ ਅਸਲੀ ਅਮੀਰੀ ਹੈ।ਸੁਕਰਾਤ ਨੇ ਲਿਖਿਆ ਹੈ,”ਉਹ ਸਭ ਤੋਂ ਅਮੀਰ ਹੈ ਜਿਹੜਾ ਸਭ ਤੋਂ ਥੋੜ੍ਹੀ ਵਸਤੂ ਨਾਲ ਸੰਤੁਸ਼ਟ ਹੈ।”ਸਬਰ ਕਰਨ ਨਾਲ ਫਾਲਤੂ ਦੀ ਦੌੜ ਤੋਂ ਬੰਦਾ ਬਚ ਜਾਂਦਾ ਹੈ।ਮਿਹਨਤ ਕਰਨਾ ਬੇਹੱਦ ਜ਼ਰੂਰੀ ਹੈ।ਉਸੇ ਵਕਤ ਉਸਦਾ ਨਤੀਜਾ ਸਾਡੀ ਸੋਚ ਮੁਤਾਬਿਕ ਮਿਲੇ ਸੰਭਵ ਨਹੀਂ ਹੈ।ਸਿਆਣੇ ਕਹਿੰਦੇ ਹਨ,”ਵਕਤ ਤੋਂ ਪਹਿਲਾਂ ਕਦੇ ਕੁੱਝ ਨਹੀਂ ਮਿਲਦਾ।”ਜੋ ਕੁਦਰਤ ਦਿੰਦੀ ਹੈ,ਜਿੰਨਾ ਕੁਦਰਤ ਦਿੰਦੀ ਹੈ ਅਤੇ ਜਿਵੇਂ ਦਿੰਦੀ ਹੈ,ਉਸ ਨੂੰ ਲੈਕੇ ਸਬਰ ਕਰਨਾ ਚਾਹੀਦਾ ਹੈ।”

ਜੇਕਰ ਅਸੀਂ ਹੋਰ ਅਤੇ ਹੋਰ ਦੀ ਦੌੜ ਵਿੱਚ ਲੱਗੇ ਰਹਾਂਗੇ ਤਾਂ ਜੋ ਸਾਡੇ ਕੋਲ ਇਸ ਵਕਤ ਹੈ ਉਸਦਾ ਵੀ ਆਨੰਦ ਨਹੀਂ ਮਾਣ ਸਕਦੇ।ਹਰ ਬੰਦੇ ਨੂੰ ਰੋਟੀ,ਕੱਪੜਾ ਅਤੇ ਮਕਾਨ ਚਾਹੀਦਾ ਹੈ।ਸਾਦਾ ਅਤੇ ਪੌਸ਼ਟਿਕ ਖਾਣਾ ਵਧੇਰੇ ਸਿਹਤ ਲਈ ਫਾਇਦੇਮੰਦ ਹੈ।ਜ਼ਰੂਰੀ ਨਹੀਂ ਕਿ ਵੱਡੇ ਹੋਟਲਾਂ ਵਿੱਚ ਖਾਣਾ ਖਾਧੇ ਬਗੈਰ ਗੁਜ਼ਾਰਾ ਨਹੀਂ।ਤਿੰਨ ਵੇਲੇ ਪੇਟ ਭਰਕੇ ਰੋਟੀ ਮਿਲ ਰਹੀ ਹੈ।ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰੋ।ਸਰੀਰ ਢਕਣ ਲਈ ਕੱਪੜਾ ਮਿਲ ਰਿਹਾ ਹੈ,ਹੋਰ ਕੀ ਚਾਹੀਦਾ ਹੈ।ਉਸ ਵਿੱਚ ਸਬਰ ਕਰਨ ਨਾਲ ਮਹਿੰਗੇ ਬਰੈਂਡਿਡ ਕੱਪੜੇ ਖਰੀਦਣ ਦੀ ਦੌੜ ਤੋਂ ਬਚੇ ਰਹਾਂਗੇ।ਮੀਂਹ-ਹਨੇਰੀ,ਗਰਮੀ -ਠੰਡ ਤੋਂ ਘਰ ਬਚਾਉਂਦਾ ਹੈ।ਜੇਕਰ ਸਬਰ ਸੰਤੋਖ ਹੈ ਤਾਂ ਉਸ ਵਰਗਾ ਸੁੱਖ ਹੋਰ ਕਿੱਧਰੇ ਵੀ ਨਹੀਂ ਮਿਲ ਸਕਦਾ।ਸਬਰ ਨਾਲ ਫਾਲਤੂ ਦਾ ਮਾਨਸਿਕ ਦਬਾਅ ਨਹੀਂ ਪੈਂਦਾ।ਸਿਹਤ ਖਰਾਬ ਨਹੀਂ ਹੁੰਦੀ।

ਘਰ ਵਿੱਚ ਆਪਸੀ ਪਿਆਰ ਅਤੇ ਏਕਾ ਬਣਿਆ ਰਹਿੰਦਾ ਹੈ।ਇਸਦਾ ਸਮਾਜ ਤੇ ਵੀ ਅਸਰ ਪੈਂਦਾ ਹਾਂ।ਫਰੈਕਲਿਨ ਅਨੁਸਾਰ,”ਜਿਸ ਕੋਲ ਸਬਰ ਹੈ ਉਹ ਜੋ ਕੁੱਝ ਚਾਹੁੰਦਾ ਹੈ ਪ੍ਰਾਪਤ ਕਰ ਸਕਦਾ ਹੈ।”ਜਦੋਂ ਅਤੇ ਜਿੱਥੇ ਸਬਰ ਨਹੀਂ ਰੱਖਿਆ ਜਾਂਦਾ, ਉੱਥੇ ਕਈ ਵਾਰ ਆਪਣਾ ਨੁਕਸਾਨ ਵੀ ਕਰਵਾ ਲਿਆ ਜਾਂਦਾ ਹੈ।ਅੱਜ ਨੌਜਵਾਨਾਂ ਨੂੰ ਹਰ ਚੀਜ਼ ਜਲਦੀ ਚਾਹੀਦੀ ਹੈ।ਮਾਪਿਆਂ ਕੋਲੋਂ ਵੀ ਫਟਾਫਟ ਸਭ ਕੁੱਝ ਮਿਲ ਜਾਵੇ,ਇਹ ਹੀ ਕੋਸ਼ਿਸ਼ ਹੈ।ਮਾਪਿਆਂ ਨੇ ਘਰ,ਜਾਇਦਾਦ ਜਾਂ ਜੋ ਕੁੱਝ ਵੀ ਉਨ੍ਹਾਂ ਕੋਲ ਹੈ ਪੂਰੀ ਜ਼ਿੰਦਗੀ ਲਗਾਕੇ ਬਣਾਇਆ ਹੈ।ਤੁਸੀਂ ਵੀ ਆਪਣਾ ਕੁੱਝ ਬਣਾਉ ਅਤੇ ਮਾਪਿਆਂ ਦੇ ਬਾਅਦ ਉਹ ਤੁਹਾਨੂੰ ਮਿਲ ਹੀ ਜਾਣਾ ਹੈ।ਪਰ ਮਾਪਿਆਂ ਦਾ ਬੁਢਾਪਾ ਹੀ ਖਰਾਬ ਕਰ ਦਿੱਤਾ ਜਾਂਦਾ ਹੈ।ਮਾਪੇ ਹਮੇਸ਼ਾਂ ਆਪਣੀ ਔਲਾਦ ਲਈ ਸੋਚਦੇ ਹਨ।ਸਬਰ ਕਰੋ ਜੋ ਕੁੱਝ ਉਨ੍ਹਾਂ ਕੋਲ ਹੈ ਤੁਹਾਨੂੰ ਮਿਲੇਗਾ।ਪਰ ਨਹੀਂ ਸਬਰ ਦੀ ਘਾਟ ਕਰਕੇ ਅੰਡੇ ਦੀ ਥਾਂ ਮੁਰਗੀ ਖਾ ਲੈਂਦੇ ਹਨ ਅਤੇ ਬਾਅਦ ਵਿੱਚ ਪਛਤਾਉਂਦਾ ਹਨ।

ਸਬਰ ਵੇਖਣਾ ਹੈ ਤਾਂ ਕਿਸਾਨ ਨੂੰ ਵੇਖੋ।ਪੰਛੀਆਂ ਨੂੰ ਵੇਖੋ।ਹਰ ਰੋਜ਼ ਜੋ ਚੋਗਾ ਖਾਣਾ ਹੈ ਉਸ ਲਈ ਉਡਾਰੀ ਮਾਰਦੇ ਹਨ।ਰਾਤ ਨੂੰ ਆਪਣੇ ਆਲ੍ਹਣਿਆਂ ਵਿੱਚ ਸੌਂ ਜਾਂਦੇ ਹਨ।ਅਸੀਂ ਦੁਨੀਆਂ ਜਹਾਨ ਦਾ ਸਮਾਨ ਇਕੱਠਾ ਕਰਦੇ ਹਾਂ ਅਤੇ ਉਸਦੀ ਫਿਕਰ ਵਿੱਚ ਹੀ ਲੱਗੇ ਰਹਿੰਦੇ ਹਾਂ।ਸਬਰ ਕਰੋ,ਕੁਦਰਤ ਨੇ ਤੁਹਾਡੀ ਮਿਹਨਤ ਦਾ ਮੁੱਲ ਪਾਉਣਾ ਹੀ ਹੈ।ਜੋ ਹੈ,ਜਿਵੇਂ ਕੁਦਰਤ ਨੇ ਦਿੱਤਾ ਅਤੇ ਜਿੰਨਾ ਦਿੱਤਾ,ਉਸ ਦਾ ਆਨੰਦ ਮਾਣੋ।ਜੋ ਨਹੀਂ ਹੈ ਉਸ ਪਿੱਛੇ ਦੌੜਨਾ ਫਾਲਤੂ ਦੇ ਫਿਕਰ ਸਹੇੜਨਾ ਹੈ।ਸਬਰ ਸੰਤੋਖ ਅਤੇ ਸੰਤੁਸ਼ਟੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਹਨ।ਸਬਰ ਸੰਤੋਖ ਅਤੇ ਸੰਤੁਸ਼ਟੀ ਹੈ ਤਾਂ ਕਿਸੇ ਨਾਲ ਈਰਖਾ ਨਹੀਂ ਹੁੰਦੀ।

ਦੂਸਰਿਆਂ ਦੀ ਸਫਲਤਾ ਵੇਖਕੇ ਦੁੱਖ ਨਹੀਂ ਹੁੰਦਾ।ਸਬਰ ਹੈ ਤਾਂ ਬਨਾਵਟੀ ਅਤੇ ਵਿਖਾਵੇ ਦੀ ਜ਼ਿੰਦਗੀ ਜਿਊਣਾ ਵੀ ਚੰਗਾ ਨਹੀਂ ਲੱਗਦਾ।ਸਾਦਾ ਜਿਹੀ ਜ਼ਿੰਦਗੀ ਸਕੂਨ ਵੀ ਦਿੰਦੀ ਹੈ।ਸੋਚ ਵੀ ਠਹਿਰਾ ਵਾਲੀ ਅਤੇ ਉੱਚ ਪੱਧਰ ਦੀ ਹੋਵੇਗੀ।ਸਬਰ ਹੈ ਤਾਂ ਸੰਤੋਖ ਸੰਤੁਸ਼ਟੀ ਵੀ ਹੋਏਗੀ ਅਤੇ ਜੋ ਕੁੱਝ ਇਹ ਦਿੰਦੇ ਹਨ,ਉਹ ਲਿਖਣਾ ਅਤੇ ਬਿਆਨ ਕਰਨਾ ਬਹੁਤ ਔਖਾ ਹੈ।ਮੈਂ ਕੋਸ਼ਿਸ਼ ਕੀਤੀ ਹੈ ਆਪਣੇ ਵਲੋਂ,ਕਿੰਨੀ ਕੁ ਸਫਲ ਹੋਈ ਹਾਂ ਤੁਸੀਂ ਪੜ੍ਹ ਕੇ ਜ਼ਰੂਰ ਦੱਸਣਾ।

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਮੋਬਾਈਲ ਨੰਬਰ 9815030221

 

Previous articleਮਿੱਠੜਾ ਕਾਲਜ ਵਿਖੇ ਵਿਸ਼ਵ ਅੰਗਹੀਣ ਦਿਵਸ ਮੌਕੇ ਸਾਇੰਸ ਫੈਸਟ ਦਾ ਆਯੋਜਨ
Next articleਪੰਜਾਬੀਆਂ ਲਈ ਖੁਸ਼ਖਬਰੀ: ਟੋਰਾਂਟੋ ਅਤੇ ਨਿਉਯਾਰਕ ਤੋਂ ਅੰਮ੍ਰਿਤਸਰ ਲਈ 6 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਨਿਓਸ ਏਅਰ ਦੀਆਂ ਉਡਾਣਾਂ