“ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ”

ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ
ਕੁਲਦੀਪ ਸਿੰਘ ਸਾਹਿਲ 
(ਸਮਾਜ ਵੀਕਲੀ) ਪਟਿਆਲਾ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿੱਥੋਂ ਇਸਦਾ ਨਾਂਅ ਆਲਾ ਸਿੰਘ ਦੀ ਪੱਟੀ ਅਤੇ ਮਗਰੋਂ ਪੱਟੀ ਆਲਾ ਅਤੇ ਫੇਰ ਪਟਿਆਲਾ ਪੈ ਗਿਆ। ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈੱਗ ਲਈ  ਵੀ ਪ੍ਰਸਿੱਧ ਹੈ। ਪਟਿਆਲਾ ਜ਼ਿਲ੍ਹੇ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਵੀ ਆਪਣਾ ਹੀ ਇਤਿਹਾਸ ਅਤੇ ਸੱਭਿਆਚਾਰ ਹੈ। ਸੰਨ 1948 ਈ. ਤੱਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਉਸ ਤੋਂ ਬਾਅਦ ਸੰਨ 1956 ਈ. ਤੱਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ ਅਗਰ ਇਸ ਸ਼ਹਿਰ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਚਲਦਾ ਕਿ ਸਿੱਖ ਮਿਸਲ ਦੇ ਮੁਖੀ ਅਤੇ ਪਟਿਆਲਾ ਤੇ ਰਾਜ ਕਰਨ ਵਾਲੇ ਪਹਿਲੇ ਮਹਾਰਾਜਾ ਬਾਬਾ ਆਲਾ ਸਿੰਘ ਪੰਜਾਬ ਦੇ ਅਜੋਕੇ ਜ਼ਿਲ੍ਹਾ ਬਠਿੰਡਾ ਦੇ ਫੂਲ ਵਿਖੇ 8 ਜਨਵਰੀ 1691 ਨੂੰ ਪੈਦਾ ਹੋਏ ਸਨ ਅਤੇ ਭਾਈ ਰਾਮ ਸਿੰਘ ਦੇ ਤੀਸਰੇ ਪੁੱਤਰ ਸਨ। ਆਲਾ ਸਿੰਘ ਛੋਟੀ ਉਮਰ ਵਿਚ ਹੀ ਫਤਿਹ ਕੌਰ ਨਾਲ ਵਿਆਹੇ ਗਏ ਸਨ ਜਿਨ੍ਹਾਂ ਨੂੰ ਮਾਈ ਫੱਤੋ ਕਰਕੇ ਜਾਣਿਆ ਜਾਂਦਾ ਹੈ। ਇਹ ਅਜੋਕੇ ਸੰਗਰੂਰ ਜ਼ਿਲ੍ਹੇ ਵਿਚ ਕਾਲੇਕੇ ਪਿੰਡ , ਦੇ ਇਕ ਜ਼ਿਮੀਂਦਾਰ ਖਾਨਾ ਦੇ ਚੌਧਰੀ ਕਾਲਾ ਦੀ ਪੁੱਤਰੀ ਸੀ। ਆਲਾ ਸਿੰਘ ਦੇ ਤਿੰਨ ਪੁੱਤਰ ਭੂਮੀਆ ਸਿੰਘ, ਸਰਦੂਲ ਸਿੰਘ, ਲਾਲ ਸਿੰਘ ਸਨ ਜਿਹੜੇ ਸਾਰੇ ਹੀ ਉਸਦੇ ਜੀਵਨ ਕਾਲ ਵਿਚ ਹੀ ਅਕਾਲ ਚਲਾਣਾ ਕਰ ਗਏ ਅਤੇ ਇਕ ਪੁੱਤਰੀ ਬੀਬੀ ਪਰਧਾਨ ਕੌਰ ਸੀ। ਆਲਾ ਸਿੰਘ ਦਾ ਜਿੱਤਾਂ ਵਾਲਾ ਜੀਵਨ 1716 ਵਿਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਸ਼ੁਰੂ ਹੁੰਦਾ ਹੈ ਜਦੋਂ ਕੇਂਦਰੀ ਪੰਜਾਬ ਵਿਚ ਬਹੁਤ ਗੜਬੜ ਮਚੀ ਹੋਈ ਸੀ ਉਸ ਵਕਤ ਆਲਾ ਸਿੰਘ ਬਠਿੰਡਾ ਤੋਂ 40 ਕਿਲੋਮੀਟਰ ਦੂਰ ਫੂਲ ਵਿਖੇ ਰਹਿ ਰਹੇ ਸਨ। ਇਹਨਾਂ ਨੇ ਆਪਣੇ ਆਲੇ ਦੁਆਲੇ ਜ਼ੋਸ਼ੀਲੇ ਅਤੇ ਦਲੇਰ ਨੌਜਵਾਨ ਇਕੱਠੇ ਕੀਤੇ। 1722 ਵਿਚ ਉਨ੍ਹਾਂ ਨੇ ਆਪਣਾ ਮੁਖ ਟਿਕਾਣਾ ਬਰਨਾਲਾ ਵਿਖੇ ਕਾਇਮ ਕੀਤਾ ਅਤੇ ਉਸ ਤੋਂ ਪੂਰਬ ਵਲ ਦਾ 32 ਕਿਲੋਮੀਟਰ ਦੂਰ ਤਕ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਸੀ  ਜਿਸ ਵਿਚ 30 ਪਿੰਡ ਆਉਂਦੇ ਸਨ। ਬਰਨਾਲਾ ਵਿਖੇ ਆਲਾ ਸਿੰਘ ਨੇ 1731 ਵਿਚ ਰਾਇ ਕੋਟ ਦੇ ਇਕ ਪ੍ਰਭਾਵਸ਼ਾਲੀ ਮੁਖੀ ਅਤੇ ਚੰਗੀ ਫੌਜ ਵਾਲੇ ਰਾਇ ਕਲ੍ਹਾ ਨੂੰ ਹਰਾ ਦਿੱਤਾ। ਉਨ੍ਹਾਂ ਨੇ ਦਲ ਖਾਲਸਾ ਦੀ ਮਦਦ ਨਾਲ ਭੱਟੀਆਂ ਦੇ ਕਈ ਪਿੰਡਾਂ ਨੂੰ ਲੁੱਟਿਆ ਅਤੇ ਆਪਣੇ ਨਾਲ ਮਿਲਾ ਲਿਆ। ਇਹਨਾਂ ਨੇ ਕਈ ਹੋਰ ਨਵੇਂ ਪਿੰਡ ਵੀ ਵਸਾਏ ਜਿਵੇਂ ਛਾਜਲੀ, ਦਿੜ੍ਹਬਾ , ਲੌਂਗੋਵਾਲ ਅਤੇ ਸ਼ੇਰੋਂ। ਕੁਝ ਸਮੇਂ ਲਈ ਆਲਾ ਸਿੰਘ 1745-48 ਤਕ ਸਰਹਿੰਦ ਦੇ ਮੁਗਲ ਗਵਰਨਰ ਅਲੀ ਮੁਹੰਮਦ ਖ਼ਾਨ ਰੁਹੀਲਾ ਦੀ ਕੈਦ ਵਿਚ ਵੀ ਰਹੇ ਅਤੇ ਇਹਨਾਂ ਨੂੰ ਕੇਵਲ ਉਦੋਂ ਹੀ ਛੱਡਿਆ ਗਿਆ ਜਦੋਂ ਅਲੀ ਮੁਹੰਮਦ ਫਰਵਰੀ 1748 ਵਿਚ ਅਫਗਾਨ ਹਮਲਾਵਰ ਅਹਿਮਦ ਸ਼ਾਹ ਦੁੱਰਾਨੀ ਦੇ ਆਉਣ ਨਾਲ ਰਾਜਧਾਨੀ ਵਿਚੋਂ ਭੱਜ ਗਿਆ। 11 ਮਾਰਚ 1748 ਨੂੰ ਸਰਹਿੰਦ ਦੇ ਦੱਖਣ ਪੂਰਬ ਵਿਚ 15 ਕਿਲੋਮੀਟਰ ਦੂਰ ਮਾਨੂਪੁਰ ਦੇ ਨੇੜੇ ਮੁਗਲਾਂ ਅਤੇ ਅਹਮਦ ਸ਼ਾਹ ਦੁੱਰਾਨੀ ਵਿਚ ਹੋਈ ਲੜਾਈ ਵਿਚ ਆਲਾ ਸਿੰਘ ਨੇ ਮੁਗਲਾਂ ਦੀ ਮਦਦ ਕੀਤੀ। ਉਨ੍ਹਾਂ ਨੇ ਦੁੱਰਾਨੀ ਦੀ ਰਸਦ ਪਾਣੀ ਬੰਦ ਕਰ ਦਿੱਤੀ ਅਤੇ ਉਸਦੇ ਊਠ ਅਤੇ ਘੋੜੇ ਪਕੜ ਲਏ। 1749 ਵਿਚ ਆਲਾ ਸਿੰਘ ਨੇ ਰਾਜਪੂਤ ਮੁਖੀ ਫ਼ਰੀਦ ਖ਼ਾਨ ਨੂੰ ਹਰਾਇਆ ਜਿਸਨੇ ਸਰਹਿੰਦ ਦੇ ਸ਼ਾਹੀ ਗਵਰਨਰ ਦੀ ਮਦਦ ਲੈਣੀ ਚਾਹੀ ਸੀ ਅਤੇ ਭਵਾਨੀਗੜ੍ਹ ਵਿਖੇ ਇਹਨਾਂ ਦੁਆਰਾ ਬਣਾਏ ਜਾ ਰਹੇ ਕਿਲੇ ਦੀ ਉਸਾਰੀ ਨੂੰ ਰੋਕ ਦਿੱਤਾ ਸੀ। ਤਿੰਨ ਸਾਲਾਂ ਪਿੱਛੋਂ ਆਲਾ ਸਿੰਘ ਨੇ ਸਨੌਰ ਦਾ ਜ਼ਿਲ੍ਹਾ, ਜਿਸਨੂੰ ਚੌਰਾਸੀ ਕਿਹਾ ਜਾਂਦਾ ਸੀ ਜਿਸਦਾ ਮਤਲਬ, ਚੌਰਾਸੀ ਪਿੰਡਾਂ ਦਾ ਸਮੂਹ ਸੀ , ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ ਅਤੇ ਇਨ੍ਹਾਂ ਪਿੰਡਾਂ ਵਿੱਚੋਂ ਹੀ 1763 ਵਿਚ ਇਕ ਕਿਲਾ ਬਣਾਇਆ ਗਿਆ ਜਿਹੜਾ ਆਲਾ ਸਿੰਘ ਦਾ ਪੱਕਾ ਟਿਕਾਣਾ ਬਣ ਗਿਆ ਸੀ ਜੋ ਬਾਅਦ ਵਿੱਚ ਪਟਿਆਲੇ ਦੇ ਤੌਰ ਤੇ ਪ੍ਰਸਿੱਧ ਹੋਇਆ। 1760 ਦੇ ਅੰਤ ਵਿਚ ਆਲਾ ਸਿਘ ਕੋਲ 726 ਪਿੰਡ ਸਨ ਜਿਨ੍ਹਾਂ ਵਿਚ ਕਈ ਕਸਬੇ ਵੀ ਸਨ। ਪਾਣੀਪਤ (1761) ਦੀ ਲੜਾਈ ਦੇ ਅੰਤ ਸਮੇਂ, ਜਦੋਂ ਮਰਾਠਿਆਂ ਨੂੰ ਅਹਮਦ ਸ਼ਾਹ ਦੁੱਰਾਨੀ ਨੇ ਘੇਰ ਲਿਆ ਸੀ ਉਸ ਵੇਲੇ ਆਲਾ ਸਿੰਘ ਨੇ ਉਹਨਾਂ ਦੀ ਦਾਣੇ ਅਤੇ ਹੋਰ ਵਸਤਾਂ ਨਾਲ ਮਦਦ ਕੀਤੀ। ਫਰਵਰੀ 1762 ਵਿਚ ਵੱਡੇ ਘੱਲੂਘਾਰੇ ਵਿਚ ਆਲਾ ਸਿੰਘ ਨਿਰਪੱਖ ਰਹੇ। ਅਹਮਦ ਸ਼ਾਹ ਨੇ ਬਰਨਾਲੇ ਦੀ ਤਬਾਹੀ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ। ਆਲਾ ਸਿੰਘ ਜਿਸ ਨੇ ਆਪਣੇ ਆਪ ਨੂੰ ਸ਼ਾਹ ਦੇ ਡੇਰੇ ਵਿਚ ਪੇਸ਼ ਕੀਤਾ ਨੂੰ ਦਾੜ੍ਹੀ ਅਤੇ ਸਿਰ ਮੁਨਾਉਣ ਦਾ ਹੁਕਮ ਦਿੱਤਾ ਗਿਆ ਸੀ। ਇਹਨਾਂ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਸਦੇ ਇਨਾਮ ਵਜੋਂ ਉਨ੍ਹਾਂ ਨੇ ਸਵਾ ਲੱਖ ਰੁਪਿਆ ਦੇਣਾ ਮੰਨ ਲਿਆ। ਸ਼ਾਹ ਨੇ ਪੈਸਾ ਪਰਵਾਨ ਕਰ ਲਿਆ ਪਰੰਤੂ ਸ਼ਾਹ ਇਹਨਾਂ ਨੂੰ ਆਪਣੇ ਨਾਲ ਲਾਹੌਰ ਲੈ ਗਏ  ਜਿਥੇ ਆਲਾ ਸਿੰਘ ਨੇ ਪੰਜ ਲੱਖ ਰੁਪਿਆ ਸ਼ਾਹ ਨੂੰ ਹੋਰ ਦੇ ਕੇ ਆਪਣੀ ਅਜ਼ਾਦੀ ਕਰਵਾਈ। ਆਲਾ ਸਿੰਘ ਨੇ ਦਲ ਖਾਲਸਾ ਦੇ ਮੁਖੀ, ਨਵਾਬ ਕਪੂਰ ਸਿੰਘ ਤੋਂ 1732 ਵਿਚ ਅੰਮ੍ਰਿਤ ਪਾਨ ਕੀਤਾ। 1764 ਵਿਚ ਸਰਹਿੰਦ ਉੱਤੇ ਹਮਲੇ ਵੇਲੇ ਇਹ ਜੱਸਾ ਸਿੰਘ ਆਹਲੂਵਾਲੀਆ ਦੇ ਸਾਥੀ ਸਨ। ਪਿੱਛੋਂ ਇਹਨਾਂ ਨੇ ਭਾਈ ਬੁੱਢਾ ਸਿੰਘ ਤੋਂ ਇਹ ਕਸਬਾ ਖਰੀਦ ਲਿਆ ਸੀ। ਭਾਈ ਬੁੱਢਾ ਸਿੰਘ ਨੂੰ ਖਾਲਸਾ ਦਲ ਵਲੋਂ ਇਹ ਕਸਬਾ ਦਿੱਤਾ ਗਿਆ ਸੀ। 29 ਮਾਰਚ 1761 ਨੂੰ ਅਹਮਦ ਸ਼ਾਹ ਦੁੱਰਾਨੀ ਨੇ, ਆਲਾ ਸਿੰਘ ਦੁਆਰਾ ਮੱਲੇ ਹੋਏ ਇਲਾਕੇ ਉੱਤੇ ਉਨ੍ਹਾਂ ਦਾ ਅਧਿਕਾਰ , ਹੁਕਮ ਜਾਰੀ ਕਰਕੇ ਮੰਨ ਲਿਆ ਸੀ। ਉਸਦੇ ਭਾਰਤ ਉੱਤੇ ਸੱਤਵੇਂ ਹਮਲੇ ਵੇਲੇ ਉਸਨੇ ਆਲਾ ਸਿਘ ਨੂੰ ਸਰਹਿੰਦ (1765) ਦੀ ਸਰਕਾਰ ਵਿਚ ਪੱਕਾ ਕਰ ਦਿੱਤਾ ਸੀ ਅਤੇ ਇਹਨਾਂ ਨੂੰ ਰਾਜਾ ਦੀ ਉਪਾਧੀ ਦਿੱਤੀ, ਸਨਮਾਨ ਸੂਚਕ ਬਸਤਰ , ਇਕ ਨਗਾਰਾ ਅਤੇ ਬਾਦਸ਼ਾਹਤ ਦੀ ਨਿਸ਼ਾਨੀ ਵਜੋਂ ਇਕ ਝੰਡਾ ਦਿੱਤਾ ਸੀ। ਅਖੀਰ ਸਾਫ ਸੁਥਰੇ, ਸਿਖਿਆ ਅਤੇ ਖੇਡ ਹੱਬ ਵਜੋਂ ਜਾਣੇ ਜਾਂਦੇ ਸ਼ਹਿਰ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ 7 ਅਗਸਤ 1765 ਨੂੰ ਪਟਿਆਲੇ ਵਿਖੇ ਅਕਾਲ ਚਲਾਣਾ ਕਰ ਗਏ ਅਤੇ ਇਹਨਾਂ ਦਾ ਅਜੋਕੇ ਸ਼ਹਿਰ ਦੇ ਅੰਦਰਲੇ ਕਿਲੇ ਵਿਚ ਸਸਕਾਰ ਕੀਤਾ ਗਿਆ ਜਿਸ ਨੂੰ ਸ਼ਾਹੀ ਸਮਾਧਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਹਾਰਾਜਾ ਆਲਾ ਸਿੰਘ ਦੀ ਮੌਤ ਤੋਂ ਬਾਅਦ ਪਟਿਆਲਾ ਰਿਆਸਤ ਤੇ 8 ਮਹਾਰਾਜਿਆਂ ਨੇ ਹਕੂਮਤ ਚਲਾਈ ਜਿਨ੍ਹਾਂ ਵਿੱਚ ਮਹਾਰਾਜਾ ਅਮਰ ਸਿੰਘ, ਮਹਾਰਾਜਾ ਸਾਹਿਬ ਸਿੰਘ, ਮਹਾਰਾਜਾ ਕਰਮ ਸਿੰਘ, ਮਹਾਰਾਜਾ ਨਰਿੰਦਰ ਸਿੰਘ, ਮਹਾਰਾਜਾ ਮਹਿੰਦਰ ਸਿੰਘ, ਮਹਾਰਾਜਾ ਰਜਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ, ਅਤੇ ਮਹਾਰਾਜਾ ਯਾਦਵਿੰਦਰ ਸਿੰਘ ਸਨ ਇਸ ਖ਼ਾਨਦਾਨ ਵਿਚੋਂ ਹੀ ਅੱਜ ਵੀ ਮਹਾਰਾਜਾ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਭਾਰਤੀ ਸਿਆਸਤ ਵਿੱਚ ਜ਼ੋਰ ਅਜ਼ਮਾਈ ਕਰ ਰਹੇ ਹਨ। ਅੱਜ ਖਾਸ ਕਰਕੇ ਪਟਿਆਲਾ ਵਾਸੀਆਂ ਵੱਲੋਂ ਇਸ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੂੰ ਉਨ੍ਹਾਂ  ਦੀ ਬਰਸੀ ਮੌਕੇ ਯਾਦ ਕੀਤਾ ਜਾ ਰਿਹਾ ਹੈ।
ਕੁਲਦੀਪ ਸਿੰਘ ਸਾਹਿਲ 
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 2024, ਬਲੇਰ ਖਾਨਪੁਰ ਸਕੂਲ ਦੇ ਵਿਦਿਆਰਥੀ ਨੇ ਸਿਲਵਰ ਮੈਡਲ ਜਿੱਤ ਜ਼ਿਲ੍ਹਾ ਕਪੂਰਥਲਾ ਦਾ ਨਾਂ ਕੀਤਾ ਰੌਸ਼ਨ
Next articleਰਵਨੀਤ ਬਿੱਟੂ ਕਾਂਗਰਸ ਤੋਂ ਭਾਜਪਾਈ ਬਣਿਆ ਤੇ ਉਸਦੇ ਮਾਮੇ ਕਾਂਗਰਸ ਚੋਂ ਕੱਢੇ