ਪਟਿਆਲਾ (ਸਮਾਜ ਵੀਕਲੀ): ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਨਿਗਮ ਦੀ ਮੀਟਿੰਗ ਦੌਰਾਨ ਨਿਰਧਾਰਤ ਨਿਯਮਾਂ ਤਹਿਤ ਬਹੁਮੱਤ ਨਾ ਸਾਬਤ ਕਰ ਸਕਣ ਕਾਰਨ ਮੇਅਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕੇਸ ਹੁਣ ਅਗਲੇਰੀ ਕਾਰਵਾਈ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਨੂੰ ਭੇਜ ਦਿੱਤਾ ਗਿਆ ਹੈ। ਅੱਜ ਦੇ ਇਸ ਫ਼ੈਸਲੇ ’ਤੇ ਮੁਕੰਮਲ ਮੋਹਰ ਉਥੋਂ ਹੀ ਲੱਗੇਗੀ। ਇਸ ਦੌਰਾਨ ਹੀ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਕਾਰਜਕਾਰੀ ਮੇਅਰ ਵੀ ਚੁਣਿਆ ਗਿਆ ਹੈ। ਇਸ ਕਾਰਵਾਈ ਨੂੰ ਪੰਜਾਬ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਗਿਆ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਬਿੱਟੂ ਕੈਪਟਨ ਖੇਮੇ ਦੇ ਹਮਾਇਤੀ ਹਨ। ਕੈਪਟਨ ਵੱਲੋਂ ਵੱਖਰੀ ਪਾਰਟੀ ਬਣਾਉਣ ਮਗਰੋਂ ਵੀ ਬਿੱਟੂ ਦੇ ਕੈਪਟਨ ਖੇਮੇ ਨਾਲ ਖੜ੍ਹਨ ਕਰਕੇ ਹੀ ਵਿਰੋਧੀ ਧੜੇ ਨੇ ਉਸ ਵਿਰੁੱਧ ਅੱਜ ਦੀ ਕਾਰਵਾਈ ਅਮਲ ’ਚ ਲਿਆਂਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਵਿਧਾਨ ਸਭਾ ਹਲਕਿਆਂ ’ਤੇ ਆਧਾਰਤ ‘ਨਗਰ ਨਿਗਮ ਪਟਿਆਲਾ’ ਦੇ ਕੁੱਲ 60 ਕੌਂਸਲਰ ’ਚੋਂ 59 ਕਾਂਗਰਸੀ ਅਤੇ ਇਕ ਅਕਾਲੀ ਦਲ ਤੋਂ ਹੈ। ਤਿੰਨ ਹਲਕਿਆਂ ਦੇ ਵਿਧਾਇਕ ਵੀ ਹਾਊਸ ਦੇ ਵੋਟਰ ਮੈਂਬਰ ਹੁੰਦੇ ਹਨ। ਪਿਛਲੇ ਦਿਨੀਂ 40 ਦੇ ਕਰੀਬ ਕੌਂਸਲਰਾਂ ਵੱਲੋਂ ਬਹੁਮੱਤ ਸਾਬਤ ਕਰਨ ਲਈ ਜਾਰੀ ਕੀਤੇ ਗਏ ਨੋਟਿਸ ਤਹਿਤ ਹੀ ਮੇਅਰ ਵੱਲੋਂ ਅੱਜ ਦੀ ਇਹ ਮੀਟਿੰਗ ਸੱਦੀ ਗਈ ਸੀ ਜਿਸ ਦੌਰਾਨ ਤਿੰਨਾਂ ਵਿਧਾਇਕਾਂ ਕੈਪਟਨ ਅਮਰਿੰਦਰ ਸਿੰਘ (ਪਟਿਆਲਾ ਸ਼ਹਿਰੀ), ਬ੍ਰਹਮ ਮਹਿੰਦਰਾ (ਪਟਿਆਲਾ ਸ਼ਹਿਰੀ) ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ (ਸਨੌਰ) ਸਮੇਤ ਕੁੱਲ 62 ਵੋਟਰ ਮੈਂਬਰਾਂ ਨੇ ਸ਼ਿਰਕਤ ਕੀਤੀ। ਇਕ ਕੌਂਸਲਰ ਗ਼ੈਰ-ਹਾਜ਼ਿਰ ਰਿਹਾ, ਉਥੇ ਹੀ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਾਂਗਰਸ ਖ਼ਿਲਾਫ਼ ਰੋਸ ਵਜੋਂ ਰੋਸ ਵਜੋਂ ਵੋਟ ਨਹੀਂ ਪਾਈ। ਇਸ ਤਰ੍ਹਾਂ ਬਾਕੀ 61 ਵਿਚੋਂ ਬਿੱਟੂ ਨੇ 25 ਵੋਟਾਂ ਹਾਸਲ ਕੀਤੀਆਂ ਜਦਕਿ ਬਹੁਮੱਤ ਸਾਬਤ ਕਰਨ ਲਈ 31 ਵੋਟਾਂ ਲੋੜੀਂਦੀਆਂ ਸਨ ਜਿਸ ਕਰਕੇ ਹੀ ਮੇਅਰ ਨੂੰ ਮੁਅੱਤਲ ਕੀਤਾ ਗਿਆ ਹੈ। ਉੱਧਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁਅੱਤਲੀ ਦਾ ਇਹ ਕੇਸ ਅਗਲੇਰੀ ਕਾਰਵਾਈ ਲਈ ਵਿਭਾਗ ਦੇ ਮੁੱਖ ਦਫਤਰ ਨੂੰ ਭੇਜ ਦਿੱਤਾ ਹੈ। ਯੋਗਿੰਦਰ ਸਿੰਘ ਯੋਗੀ ਸੀਨੀਅਰ ਡਿਪਟੀ ਮੇਅਰ ਹਨ। ਇਸ ਕਰਕੇ ਉਨ੍ਹਾਂ ਨੂੰ ਕਾਰਜਕਾਰੀ ਮੇਅਰ ਚੁਣਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly