ਪਟਿਆਲਾ (ਸਮਾਜ ਵੀਕਲੀ): ਲੰਘੀ ਰਾਤ ਪਟਿਆਲਾ ਸ਼ਹਿਰ ਦੇ ਬਾਹਰਵਾਰ ਸੰਗਰੂਰ ਰੋਡ ’ਤੇ ਸਥਿਤ ਭਾਖੜਾ ਦੇ ਪਸਿਆਣਾ ਵਾਲੇ ਪੁਲਾਂ ਕੋਲ ਸਵਿਫਟ ਕਾਰ ਭਾਖੜਾ ’ਚ ਡਿੱਗਣ ਕਾਰਨ ਰਾਮਪੁਰਾ ਫੂਲ ਵਾਸੀ ਇੱਕੋ ਪਰਿਵਾਰ ਦੇ ਪੰਜ ਮੈਂਬਰ ਡੁੱਬ ਗਏ। ਦੋ ਲਾਸ਼ਾਂ ਮਿਲ ਚੁੱਕੀਆਂ ਹਨ ਪਰ ਬਾਕੀ ਤਿੰਨਾਂ ਬਾਰੇ ਖਬਰ ਲਿਖੇ ਜਾਣ ਤੱਕ ਪਤਾ ਨਹੀਂ ਸੀ ਲੱਗ ਸਕਿਆ। ਜਾਣਕਾਰੀ ਮੁਤਾਬਕ ਪੈਸਟੀਸਾਈਡ ਦਾ ਕੰਮ ਕਰਦੇ ਰਾਮਪੁਰਾ ਫੂਲ (ਜ਼ਿਲ੍ਹਾ ਬਠਿੰਡਾ) ਵਾਸੀ ਜਸਵਿੰਦਰ ਗਰਗ ਆਪਣੀ ਪਤਨੀ ਨੀਲਮ ਰਾਣੀ, ਦੋ ਧੀਆਂ ਸਮਿਤਾ ਤੇ ਇਸ਼ਾ ਅਤੇ ਪੁੱਤਰ ਪੀਰੂ ਗਰਗ ਦੇ ਨਾਲ ਮਨਸਾ ਦੇਵੀ ਮੰਦਰ ’ਚ ਮੱਥਾ ਟੇਕ ਕੇ ਪਰਤ ਰਹੇ ਸਨ। ਪਰ 2-3 ਜਨਵਰੀ ਦੀ ਦਰਮਿਆਨ ਰਾਤ ਨੂੰ ਉਨ੍ਹਾਂ ਦੀ ਸਵਿਫ਼ਟ ਕਾਰ ਪਟਿਆਲਾ ਦੇ ਬਾਹਰਵਾਰ ਸਥਿਤ ਭਾਖੜਾ ਨਹਿਰ ’ਚ ਡਿੱਗ ਗਈ।
ਕਾਰ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਕਿਸੇ ਨੇ ਵੀ ਕਾਰ ਡਿੱਗਦੀ ਨਹੀਂ ਵੇਖੀ। ਇੱਕ ਰਾਹਗੀਰ ਨੇ ਭਾਖੜਾ ’ਚ ਲਾਈਟਾਂ ਜਗਦੀਆਂ ਵਾਲਾ ਕੋਈ ਵਾਹਨ ਦੇਖਣ ਮਗਰੋਂ ਸੂਚਨਾ ਪਸਿਆਣਾ ਥਾਣੇ ’ਚ ਇਤਲਾਹ ਦਿੱਤੀ। ਇਸ ਮਗਰੋਂ ਐੱਸਐੱਚਓ ਅੰਕੁਰਦੀਪ ਸਿੰਘ ਮੁਲਾਜ਼ਮਾਂ ਨਾਲ ਨਹਿਰ ’ਤੇ ਪੁੱਜੇ ਅਤੇ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੂੰ ਫੋਨ ਕਰਕੇ ਬੁਲਾਇਆ। ਗੋਤਾਖੋਰ ਨਹਿਰ ’ਚ ਉਤਰ ਗਏ, ਪਰ ਉਦੋਂ ਤੱਕ ਇਹ ਵਾਹਨ ਡੁੱਬ ਚੁੱਕਾ ਸੀ। ਸੋਮਵਾਰ ਸਵੇਰੇ ਮੁੜ ਅਪਰੇਸ਼ਨ ਸ਼ੁਰੂ ਕੀਤਾ ਤਾਂ ਘਟਨਾ ਸਥਾਨ ਤੋਂ ਕਾਫ਼ੀ ਦੂਰੀ ਤੋਂ ਇੱਕ ਸਵਿਫ਼ਟ ਕਾਰ ਲੱਭ ਗਈ ਜਿਸ ਵਿਚੋਂ ਦੋ ਲਾਸ਼ਾਂ ਵੀ ਮਿਲੀਆਂ। ਥਾਣਾ ਮੁਖੀ ਅੰਕੁਰਦੀਪ ਸਿੰਘ ਮੁਤਾਬਕ ਇੱਕ ਲਾਸ਼ ਜਸਵਿੰਦਰ ਗਰਗ ਦੀ ਪਤਨੀ ਨੀਲਮ ਰਾਣੀ ਦੀ ਅਤੇ ਦੂਜੀ ਉਨ੍ਹਾਂ ਦੀ ਬੇਟੀ ਸਮਿਤਾ ਗਰਗ ਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly