ਨਵੇਂ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਦਿੱਤੇ ਤੇ ਨੌਜਵਾਨ ਵੋਟਰਾਂ ਨੂੰ ਕੀਤਾ ਸਨਮਾਨਿਤ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ ਨੇ ਕਿਹਾ ਕਿ ਲੋਕਤੰਤਰ ਦਾ ਹਿੱਸਾ ਬਨਣ ਲਈ ਵੋਟਰ ਬਣਨਾ ਜ਼ਰੂਰੀ ਹੈ ਅਤੇ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਹ ਸ਼ਨੀਵਾਰ ਸਵਾਮੀ ਸਰਵਾਨੰਦ ਗਿਰੀ ਰਿਜਨਲ ਸੈਂਟਰ ਪੰਜਾਬ ਯੂਨੀਵਰਸਿਟੀ ਵਿਚ ਰਾਸ਼ਟਰੀ ਵੋਟਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ ਹੁਸ਼ਿਆਰਪੁਰ ਸੰਜੀਵ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ’ਤੇ ਰਿਜਨਲ ਸੈਂਟਰ ਦੇ ਡਾਇਰੈਕਟਰ ਡਾ. ਐਚ.ਐਸ.ਬੈਂਸ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ਵਿਚ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ, ਕਵਿਤਾ ਅਤੇ ਨਾਟਕ ਰਾਹੀਂ ਭਾਰਤ ਦੇ ਮਜ਼ਬੂਤ ਲੋਕਤੰਤਰ ਅਤੇ ਵੋਟ ਦੀ ਮਹੱਤਤਾ ਦੇ ਬਾਰੇ ਵਿਚ ਦੱਸਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਰਾਸ਼ਟਰੀ ਵੋਟਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਉਣ ਵਾਲੀਆਂ ਚੋਣਾਂ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਇਸਨੂੰ ਸਫ਼ਲ ਬਣਾਉਣ ਵਿਚ ਵੋਟਰਾਂ ਦੀ ਭੂਮਿਕਾ ਅਹਿੰਮ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਆਪਣੇ ਵੋਟ ਦੀ ਵਰਤੋਂ ਕਰਨ ਦੇ ਨਾਲ-ਨਾਲ ਦੂਸਰਿਆਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਤਿਉਹਾਰ ਵਿਚ ਸਾਡੀ ਸਾਰਿਆਂ ਦੀ ਭਾਗੀਦਾਰ ਹੋਣੀ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਬਿਨ੍ਹਾਂ ਕਿਸੇ ਲਾਲਚ ਵਿਚ ਆਏ ਆਪਣੀ ਜ਼ਮੀਨ ਦੇ ਆਧਾਰ ’ਤੇ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਪ੍ਰੋਗਰਾਮ ਦੌਰਾਨ ਰਾਸ਼ਟਰੀ ਵੋਟਰ ਦਿਵਸ ’ਤੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਵਲੋਂ ਜਾਰੀ ਸੰਦੇਸ਼ ਵੀ ਪ੍ਰੋਜੈਕਟਰ ਰਾਹੀਂ ਦਿਖਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਚੋਣ ਪ੍ਰਕਿਰਿਆ ਵਿਚ ਲੱਗੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਾਰਾ ਸਾਲ ਵੋਟ ਬਣਾਉਣ ਦੇ ਕੰਮ ਵਿਚ ਲੱਗੇ ਰਹਿੰਦੇ ਹਨ ਅਤੇ ਚੋਣਾਂ ਆਉਣ ’ਤੇ ਪੂਰੀ ਤਨਦੇਹੀ ਨਾਲ ਕਰਵਾਉਂਦੇ ਹਨ। ਇਸ ਮੌਕੇ ਉਨ੍ਹਾਂ ਨਵੇਂ ਵੋਟਰਾਂ ਨੂੰ ਵੋਟਰ ਪਹਿਚਾਣ ਪੱਤਰ ਦਿੱਤੇ ਅਤੇ ਨੌਜਵਾਨ ਵੋਟਰਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ’ਤੇ ਸਹੁੰ ਵੀ ਚੁਕਾਈ। ਨਿਕਾਸ ਕੁਮਾਰ ਨੇ ਇਸ ਦੌਰਾਨ ਐਸ.ਡੀ.ਐਮ ਗੜ੍ਹਸ਼ੰਕਰ ਹਰਬੰਸ ਸਿੰਘ ਨੂੰ ਬੈਸਟ ਈ.ਆਰ. ਓ, ਸਹਾਇਕ ਪ੍ਰੋਫੈਸਰ ਪੀ.ਯੂ.ਐਸ.ਐਸ.ਜੀ.ਆਰ.ਸੀ ਵਿਨੇ ਕੁਮਾਰ ਅਰੋੜਾ ਨੂੰ ਬੈਸਟ ਨੋਡਲ ਅਧਿਕਾਰੀ ਫਾਰ ਕਾਲਜਿਜ਼ ਅਤੇ ਵਿਧਾਨ ਸਭਾ ਖੇਤਰ ਗੜ੍ਹਸ਼ੰਕਰ ਦੇ ਬੀ.ਐਲ.ਓ ਯੋਗਰਾਜ ਨੂੰ ਬੈਸਟ ਬੀ.ਐਲ.ਓ ਦੇ ਤੌਰ ’ਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਵਿਚ ਅਹਿੰਮ ਭੂਮਿਕਾ ਨਿਭਾਉਣ ਵਾਲੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਕੁਇਜ, ਸਲੋਗਨ, ਸਪੀਚ, ਨਿਬੰਧ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਦੌਰਾਨ ਵੋਟਰ ਜਾਗਰੂਕਤਾ ਸਬੰਧੀ ਨੁਕੜ ਨਾਟਕ, ਗੀਤ, ਭੰਡ ਕਲਾ, ਵਾਰ ਗਾਇਨ, ਬੋਲੀਆਂ, ਭੰਗੜਾ ਅਤੇ ਗਿੱਧੇ ਦਾ ਵੀ ਪ੍ਰਦਰਸ਼ਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj