ਫ਼ਰੀਦਕੋਟ (ਜਸਵੰਤ ਜੱਸ):ਦੇਸ਼ ਦੇ ਕੌਮੀ ਗ੍ਰੀਨ ਟ੍ਰਿਬਿਊਨਲ ਨੇ ਫ਼ਰੀਦਕੋਟ ਵਿੱਚ ਜ਼ਹਿਰੀਲੀ ਸਪਰੇਅ ਨਾਲ 400 ਸੌ ਤੋਂ ਵੱਧ ਤੋਤੇ ਅਤੇ ਹੋਰ ਪੰਛੀ ਮਰਨ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਚੀਫ਼ ਵਾਰਡਨ ਨੂੰ ਆਦੇਸ਼ ਦਿੱਤੇ ਹਨ ਕਿ ਇਸ ਮਾਮਲੇ ਦੀ ਤੁਰੰਤ ਪੜਤਾਲ ਕਰ ਕੇ ਕਸੂਰਵਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਫ਼ਰੀਦਕੋਟ ਦੇ ਮਿਨੀ ਸਕੱਤਰੇਤ ਵਿੱਚ ਜਾਮਣਾਂ ਦੇ ਸੈਂਕੜੇ ਰੁੱਖ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਹਰ ਸਾਲ ਠੇਕੇ ’ਤੇ ਦਿੰਦਾ ਹੈ। ਠੇਕੇਦਾਰ ਨੇ ਜਾਮਣ ਦਾ ਵੱਧ ਝਾੜ ਲੈਣ ਲਈ ਜੂਨ ਦੇ ਪਹਿਲੇ ਹਫ਼ਤੇ ਰੁੱਖਾਂ ਉੱਪਰ ਜ਼ਹਿਰੀਲੀ ਸਪਰੇਅ ਕਰ ਦਿੱਤੀ ਸੀ, ਜਿਸ ਕਰਕੇ ਤੋਤੇ, ਘੁੱਗੀਆਂ, ਬਗਲੇ ਅਤੇ ਹੋਰ ਸੈਂਕੜੇ ਪੰਛੀ ਮਰ ਗਏ ਸਨ। ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਇਹ ਪੰਛੀ ਤੇਜ਼ ਹਨ੍ਹੇਰੀ ਕਾਰਨ ਮਰੇ ਹਨ। ਕੌਮੀ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਹੈ ਕਿ ਇਹ ਬੇਹੱਦ ਸੰਜੀਦਾ ਮਸਲਾ ਹੈ ਅਤੇ ਇਸ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਪੜਤਾਲ ਕਰ ਕੇ ਕਾਰਵਾਈ ਹੋਣੀ ਜ਼ਰੂਰੀ ਹੈ।
ਵਾਤਾਵਰਨ ਤੇ ਪੰਛੀ ਪ੍ਰੇਮੀ ਗੁਰਪ੍ਰੀਤ ਸਰਾਂ, ਗੁਰਦਿੱਤ ਸਿੰਘ ਸੇਖੋਂ, ਗੁਰਬਿੰਦਰ ਸਿੰਘ ਸਿੱਖਾਂਵਾਲਾ ਅਤੇ ਜੀਆ ਗਿੱਲ ਨੇ ਕੌਮੀ ਗਰੀਨ ਟ੍ਰਿਬਿਊਨਲ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly