ਨਵੀਂ ਦਿੱਲੀ (ਸਮਾਜ ਵੀਕਲੀ):ਸੂਚਨਾ ਤਕਨਾਲੋਜੀ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਤੇ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਉਹ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਟਵਿੱਟਰ ਖਾਤਾ ਆਰਜ਼ੀ ਤੌਰ ’ਤੇ ਬਲਾਕ ਕਰਨ ਲਈ ਮਾਈਕਰੋਬਲੌਗਿੰਗ ਸਾਈਟ ਤੋਂ ਸਪਸ਼ਟੀਕਰਨ ਮੰਗਣਗੇ। ਥਰੂਰ ਨੇ ਕਿਹਾ ਕਿ ਇਹੀ ਕੁਝ ਉਨ੍ਹਾਂ ਨਾਲ ਵੀ ਹੋਇਆ ਸੀ ਤੇ ਸਟੈਂਡਿੰਗ ਕਮੇਟੀ ਦੋਵਾਂ ਮਾਮਲਿਆਂ ’ਚ ਸਪਸ਼ਟੀਕਰਨ ਮੰਗੇਗੀ। ਉਨ੍ਹਾਂ ਕਿਹਾ ਕਿ ਟਵਿੱਟਰ ਨੂੰ ਨਵੇਂ ਨੇਮਾਂ ਦੀ ਪਾਲਣਾ ਸਬੰਧੀ ਵੀ ਸਵਾਲ ਕੀਤੇ ਜਾਣਗੇ।
ਚੇਤੇ ਰਹੇ ਕਿ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ‘ਕੂ’ ਰਾਹੀਂ ਇਕ ਟਵੀਟ ਕਰਕੇ ਆਪਣਾ ਖਾਤਾ ਇਕ ਘੰਟੇ ਲਈ ਆਰਜ਼ੀ ਤੌਰ ’ਤੇ ਜਾਮ ਕੀਤੇ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਥਰੂਰ ਨੇ ਪ੍ਰਸਾਦ ਨੂੰ ਟੈਗ ਕੀਤੇ ਟਵੀਟ ’ਚ ਕਿਹਾ, ‘‘ਰਵੀ ਜੀ, ਇਹੀ ਕੁਝ ਮੇਰੇ ਨਾਲ ਹੋਇਆ ਸੀ। ਸਪਸ਼ਟ ਹੈ ਕਿ ਡਿਜੀਟਲ ਮਿਲੇਨੀਅਮ ਕਾਪੀਰਾਈਟ ਐਕਟ (ਡੀਐੱਮਸੀਏ) ਅਧੀਨ ਲੋੜੋਂ ਵੱਧ ਸਰਗਰਮੀ ਕੀਤੀ ਜਾ ਰਹੀ ਹੈ।’ ਥਰੂਰ ਨੇ ਕਿਹਾ ਕਿ ਉਨ੍ਹਾਂ ਦੇ ਇਕ ਟਵੀਟ ਨੂੰ ਵੀ ਟਵਿੱਟਰ ਨੇ ਡਿਲੀਟ ਕਰ ਦਿੱਤਾ ਸੀ ਕਿਉਂਕਿ ਇਸ ਨਾਲ ਟੈਗ ਵੀਡੀਓ ਵਿਚ ਬੋਨੀਐੱਮ ਦਾ ਗੀਤ ‘ਰਾਸਪੁਤਿਨ’ ਕਾਪੀਰਾਈਟ ਦੇ ਘੇਰੇ ’ਚ ਆਉਂਦਾ ਸੀ।’’ ਕਾਂਗਰਸ ਆਗੂ ਨੇ ਕਿਹਾ ਕਿ ਰਸਮੀ ਅਮਲ ਮਗਰੋਂ ਖਾਤੇ ਨੂੰ ਮੁੜ ਬਹਾਲ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly