ਪੰਚਕੂਲਾ (ਸਮਾਜ ਵੀਕਲੀ):ਅੰਬਾਲਾ-ਪੰਚਕੂਲਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਆਖਰੀ ਸਾਹ ਲਿਆ ਜਿਥੇ ਉਹ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ। ਉਨ੍ਹਾਂ ਦਾ ਅੱਜ ਦੁਪਹਿਰ ਵੇਲੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪੁੱਤਰ ਨੇ ਮ੍ਰਿਤਕ ਦੇਹ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਸੂਬਾ ਸਰਕਾਰ ਵੱਲੋਂ ਇੱਕ ਦਿਨ ਦਾ ਰਾਜ ਪੱਧਰੀ ਸੋਗ ਐਲਾਨਿਆ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਤਨ ਲਾਲ ਕਟਾਰੀਆ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਰਤਨ ਲਾਲ ਕਟਾਰੀਆ ਦੇ ਚਲੇ ਜਾਣ ਨਾਲ ਹਰਿਆਣਾ ਭਾਜਪਾ ਨੂੰ ਵੱਡਾ ਘਾਟਾ ਪਿਆ ਹੈ। ਇਸੇ ਤਰ੍ਹਾਂ ਹਰਿਆਣਾ ਸਟੇਟ ਭਾਜਪਾ ਦੇ ਪ੍ਰਧਾਨ ਓ.ਪੀ. ਧਨਖੜ ਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਵੀ ਰਤਨ ਲਾਲ ਕਟਾਰੀਆ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ।
ਦੱਸਣਯੋਗ ਹੈ ਕਿ ਰਤਨ ਲਾਲ ਕਟਾਰੀਆ ਦਾ ਜਨਮ 19 ਦਸੰਬਰ, 1951 ਨੂੰ ਜ਼ਿਲ੍ਹਾ ਯਮੁਨਾਨਗਰ ਦੇ ਪਿੰਡ ਸੰਧਲੀ ਵਿਚ ਹੋਇਆ ਸੀ। ਉਨ੍ਹਾਂ ਐਮ.ਏ. ਪੋਲੀਟੀਕਲ ਸਾਇੰਸ ਅਤੇ ਐਲਐਲਬੀ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਕੀਤੀ। ਉਹ 50 ਸਾਲਾਂ ਤੋਂ ਆਰਐੱਸਐੱਸ ਵਿਚ ਸ਼ਾਮਲ ਸਨ। ਉਹ 1999 ਵਿੱਚ 13ਵੀਂ ਲੋਕ ਸਭਾ ਦੌਰਾਨ ਅਤੇ ਫਿਰ 2014 ਵਿੱਚ 16ਵੀਂ ਲੋਕ ਸਭਾ ਅਤੇ 2019 ਵਿੱਚ 17ਵੀਂ ਲੋਕ ਸਭਾ ਦੌਰਾਨ ਅੰਬਾਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੇ। ਇਸ ਤੋਂ ਇਲਾਵਾ ਉਹ ਮਈ 2019 ਵਿੱਚ ਕੇਂਦਰੀ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਸਸ਼ਕਤੀਕਰਨ ਮੰਤਰੀ ਰਹੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly