ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੈਨਸ਼ਨ ਨਾ ਲੈਣ ਦਾ ਫੈਸਲਾ

ਲੰਬੀ (ਸਮਾਜ ਵੀਕਲੀ):  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਛੱਡ ਦਿੱਤੀ ਹੈ। ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਆਖਿਆ ਹੈ ਕਿ ਪੈਨਸਨ ਦੀ ਰਾਸ਼ੀ ਦੇ ਅਸਲ ਹੱਕਦਾਰ ਪੰਜਾਬ ਦੇ ਉਹ ਲੋੜਵੰਦ ਲੋਕ ਹਨ, ਜਿਨ੍ਹਾਂ ਨੇ ਸਾਰੀ ਉਮਰ ਉਨ੍ਹਾਂ ਨੂੰ ਆਪਣੇ ਦਿਲ ਵਿੱਚ ਨਿੱਘੀ ਜਗ੍ਹਾ ਦੇ ਕੇ ਰੱਖੀ। ਟਵਿੱਟਰ ਰਾਹੀਂ ਜਨਤਕ ਕੀਤੇ ਗਏ ਪੱਤਰ ਵਿੱਚ ਸ੍ਰੀ ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਇਸ ਤੋਂ ਪਹਿਲਾਂ ਵਿਧਾਨ ਸਭਾ ਤੋਂ ਕਦੇ ਵੀ ਕੋਈ ਪੈਨਸ਼ਨ ਨਹੀਂ ਲਈ ਹੈ। ਇਸ ਤੋਂ ਪਹਿਲਾਂ ਸ੍ਰੀ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਟਵਿੱਟਰ ਹੈਂਡਲ ’ਤੇ ਪੰਜਾਬ ਸਰਕਾਰ ਅਤੇ ਵਿਧਾਨ ਸਭਾ ਸਪੀਕਰ ਨੂੰ ਸੰਬੋਧਨ ਹੁੰਦਿਆਂ ਪੈਨਸ਼ਨ ਨੂੰ ਲੋਕ ਹਿੱਤਾਂ ਲਈ ਵਰਤਣ ਦੀ ਅਪੀਲ ਕੀਤੀ ਸੀ।

ਜ਼ਿਕਰਯੋਗ ਹੈ ਕਿ ਸ੍ਰੀ ਬਾਦਲ ਨੂੰ ਇਸ ਵਾਰ ਲੰਬੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੱਤਰ ’ਚ ਸ੍ਰੀ ਬਾਦਲ ਨੇ ਆਖਿਆ ਕਿ ਪੈਨਸ਼ਨ ਨੂੰ ਕਿਸੇ ਵੀ ਸਮਾਜ ਭਲਾਈ ਲਈ ਇਸਤੇਮਾਲ ਕਰਨ ਹਿੱਤ ਸਰਕਾਰੀ ਖਜ਼ਾਨੇ ਵਿੱਚ ਹੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦੇ ਕਾਰਜ ’ਚ ਜੇਕਰ ਇਹ ਰਕਮ ਵਰਤੀ ਜਾਵੇਗੀ ਤਾਂ ਉਨ੍ਹਾਂ ਦੇ ਦਿਲ ਨੂੰ ਹੋਰ ਵੀ ਸੰਤੁਸ਼ਟੀ ਹੋਵੇਗੀ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਕਿਸੇ ਵੀ ਸੂਰਤ ’ਚ ਉੁਨ੍ਹਾਂ ਨੂੰ ਪੈਨਸ਼ਨ ਨਾ ਭੇਜੀ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਉਨ੍ਹਾਂ ਵੱਲੋਂ ਬਤੌਰ ਸਾਬਕਾ ਵਿਧਾਇਕ ਹਰ ਮਹੀਨੇ ਲੱਖਾਂ ਰੁਪਏ ਦੀ ਸਭ ਤੋਂ ਵੱਧ ਪੈਨਸ਼ਨ ਲੈਣ ਬਾਰੇ ਸੋਸ਼ਲ ਮੀਡੀਆ ’ਤੇ ਵੱਡਾ ਵਿਵਾਦ ਸਾਹਮਣੇ ਆਇਆ ਸੀ। ਬਾਦਲ ਪਰਿਵਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਆਖਿਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੋਈ ਪੈਨਸ਼ਨ ਨਹੀਂ ਲੈ ਰਹੇ ਹਨ ਕਿਉਂਕਿ ਉਹ ਲਗਾਤਾਰ ਵਿਧਾਇਕ ਚੱਲੇ ਆ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਨੀਲ ਜਾਖੜ ਵੱਲੋਂ ਅੰਬਿਕਾ ਸੋਨੀ ’ਤੇ ਤਿੱਖੇ ਹਮਲੇ
Next articleShooting: Aishwary Pratap Singh Tomar wins Men’s Air Rifle T2 trial