ਵਾਰ- ਵਾਰ ਕਹਿਣ ਤੇ ਪ੍ਰਸ਼ਾਸਨ ਦੇ ਕੰਨ ਜੂੰ ਨਹੀਂ ਸਰਕੀ – ਬਾਜਵਾ
ਮਹਿਤਪੁਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ)– ਮਹਿਤਪੁਰ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਲੈ ਕੇ ਸੜਕਾਂ ਦਾ ਪੱਟ ਪਟੱਈਆ ਜ਼ੋਰਾਂ ਨਾਲ ਚੱਲ ਰਿਹਾ ਹੈ। ਜਿਸ ਕਰਕੇ ਸਾਰੇ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੂਜੇ ਪਾਸੇ ਸ਼ੂਗਰ ਮਿੱਲ ਗਗੜਵਾਲ ਨਕੋਦਰ ਵਿਖੇ ਗੰਨੇ ਦਾ ਸੀਜ਼ਨ ਜ਼ੋਰਾਂ ਤੇ ਹੈ। ਸੜਕਾਂ ਦੀ ਖ਼ਸਤਾ ਹਾਲਤ ਕਾਰਨ ਸੜਕਾਂ ਵਿਚ ਉਖਲੀਆਂ ਤੇ ਟੋਏ ਪਏ ਹੋਣ ਕਾਰਨ ਅਕਸਰ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਦੇਰ ਸ਼ਾਮ ਮਹਿਤਪੁਰ ਦੀ ਖ਼ਸਤਾ ਹਾਲਤ ਸੜਕ ਕਾਰਨ ਉਸ ਵਕਤ ਹਾਦਸਾ ਵਾਪਰ ਗਿਆ ਜਦੋਂ ਪਰਜੀਆ ਰੋਡ ਮਹਿਤਪੁਰ ਦੀ ਖ਼ਸਤਾ ਹਾਲਤ ਸੜਕ ਤੇ ਗੰਨੇ ਨਾਲ ਭਰੀ ਟਰਾਲੀ ਸ਼ੂਗਰ ਮਿੱਲ ਗਗੜਵਾਲ ਜਾ ਰਹੀ ਸੀ ਤਾਂ ਪਰਜੀਆ ਰੋਡ ਤੇ ਸਥਿਤ ਜਨਰਲ ਸਟੋਰ ਦੇ ਅੱਗੇ ਫਰੂਟ ਦਾ ਕੰਮ ਕਰਦਾ ਦੁਕਾਨਦਾਰ ਭੋਲਾ ਫਰੂਟ ਵਾਲਾ ਆਪਣੇ ਅਤੇ ਆਪਣੇ ਭਤੀਜੇ ਨਾਲ ਸਮਾਨ ਲੈਣ ਲਈ ਰੁਕਿਆ ਤਾਂ ਅਚਾਨਕ ਡੂੰਘੇ ਟੋਏ ਕਾਰਨ ਵੱਜੀ ਝੋਲ ਨਾ ਸੰਭਲੇ ਹੋਏ ਗੰਨੇ ਦੀ ਲੱਦੀ ਟਰਾਲੀ ਉਨ੍ਹਾਂ ਉਪਰ ਪਲਟ ਗਈ ਜਿਸ ਕਾਰਨ ਭੋਲਾ ਫਰੂਟ ਵਾਲਾ ਅਤੇ ਦੋ ਬੱਚੇ ਗੰਨੇ ਦੀ ਲੱਦ ਥੱਲੇ ਆ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜੇਸੀਬੀ ਦੀ ਮਦਦ ਨਾਲ ਉਨ੍ਹਾਂ ਨੂੰ ਗੰਨੇ ਦੀ ਉੱਲਰੀ ਲੱਦ ਥਲਿਉਂ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾ ਦਿੱਤਾ। ਇਸ ਘਟਨਾ ਕਾਰਨ ਲੋਕਾਂ ਵਿਚ ਰੋਸ ਦੀ ਲਹਿਰ ਦੌੜ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਸੜਕਾਂ ਦੀ ਖ਼ਸਤਾ ਹਾਲਤ ਤੋਂ ਕੋਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਪਰ ਉਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪਹਿਲਾਂ ਇਕ ਸੜਕ ਕੰਪਲੀਟ ਕਰਨ ਤੋਂ ਬਾਅਦ ਦੂਜੀ ਨੂੰ ਪੁਟਿਆ ਜਾਂਦਾ ਪਰ ਜਿਸ ਤਰ੍ਹਾਂ ਮਹਿਤਪੁਰ ਦੀ ਜਖਣਾ ਪੱਟੀ ਹੋਈ ਹੈ ਉਸ ਦਾ ਤਾਂ ਰੱਬ ਰਾਖਾ ਹੈ। ਉਨ੍ਹਾਂ ਕਿਹਾ ਕਿ ਫਰੂਟ ਵਾਲੇ ਦੁਕਾਨਦਾਰ ਵੀਰ ਅਤੇ ਉਸਦੇ ਬੱਚਿਆਂ ਨੂੰ ਪਰਮਾਤਮਾ ਜਲਦੀ ਠੀਕ ਕਰੇ । ਬਾਜਵਾ ਨੇ ਇਸ ਹਾਦਸੇ ਨੂੰ ਪ੍ਰਸ਼ਾਸਨ ਦੀ ਨਲਾਇਕੀ ਦਾ ਨਤੀਜਾ ਦੱਸਿਆ ।