ਪਰਮ ‘ਪ੍ਰੀਤ’ ਬਠਿੰਡਾ ਨੂੰ ਵਿਸ਼ੇਸ਼ ਅਸ਼ੀਰਵਾਦ…ਵੱਲੋਂ – ਮਕ਼ਬੂਲ ਲੇਖਕ ਨਰਿੰਦਰ ਸਿੰਘ ਕਪੂਰ ਜੀ

ਨਰਿੰਦਰ ਸਿੰਘ ਕਪੂਰ
(ਸਮਾਜ ਵੀਕਲੀ) ਕੁੱਝ ਅਰਸਾ ਪਹਿਲਾਂ ਪਰਮ ‘ਪ੍ਰੀਤ’ ਬਠਿੰਡਾ ਦਾ ਗ਼ਜ਼ਲ ਅਤੇ ਗੀਤ ਸੰਗ੍ਰਹਿ “ਮੇਰੀਆਂ ਗ਼ਜ਼ਲਾਂ ਮੇਰੇ ਗੀਤ” ਪੜ੍ਹਣ ਦਾ ਅਵਸਰ ਮਿਲਿਆ ਸੀ, ਜਿਸ ਦੀ ਮੈਨੂੰ ਕਾਵਿ-ਉਡਾਰੀ , ਕਲਪਨਾ ਦੀ ਅਮੀਰੀ ਅਤੇ ਪ੍ਰਗਟਾਵੇ ਦੀ ਪ੍ਰਪੱਕਤਾ ਨੇ ਪ੍ਰਭਾਵਿਤ ਕੀਤਾ ਸੀ। ਹੁਣ ਮੈਨੂੰ ਉਸਦੇ ਵਿਚਾਰ ਸੰਗ੍ਰਹਿ “ਕ਼ੰਦੀਲ” ਜਿਸ ਵਿੱਚ ਅਜੋਕੇ ਭਖਦੇ ਮਸਲਿਆਂ ‘ਤੇ ਕੁੱਝ ਲੇਖ ਵੀ ਹਨ, ਨੇ ਹੈਰਾਨ ਕੀਤਾ ਹੈ ਕਿਉਂਕਿ ਪਰਮ ‘ਪ੍ਰੀਤ’ ਨੇ ਵਿਚਾਰ ਸੰਗ੍ਰਹਿ ” ਕ਼ੰਦੀਲ” ਵਿੱਚ ਜ਼ਿੰਦਗੀ ਦੀ ਡੂੰਘੀ ਸਮਝ, ਵਿਸ਼ਾਲ ਸੋਝੀ ਅਤੇ ਧਾਰਨਾਵਾਂ ਸਿਰਜਣ ਦਾ ਪ੍ਰਮਾਣ ਦਿੱਤਾ ਹੈ। ਵਿਚਾਰਾਂ ਨੂੰ ਕਲਮਬੰਦ ਕਰਨ ਲਈ ਜ਼ਿੰਦਗੀ ਅਤੇ ਕਿਤਾਬਾਂ ਦੇ ਜਿਹੜੇ ਡੂੰਘੇ ਅਤੇ ਵਿਸ਼ਾਲ ਅਧਿਐਨ ਦੀ ਲੋੜ ਪੈਂਦੀ ਹੈ, ਉਸ ਨੂੰ ਮੈਂ ਭਲੀ-ਭਾਂਤ ਜਾਣਦਾ ਹਾਂ। “ਕ਼ੰਦੀਲ” ਪਰਮ ‘ਪ੍ਰੀਤ’ ਬਠਿੰਡਾ ਦੀ ਇੱਕ ਵਡਮੁੱਲੀ ਪ੍ਰਾਪਤੀ ਹੈ, ਜਿਸ ਤੋਂ ਪਾਠਕ ਨੂੰ ਨਾ ਕੇਵਲ ਆਪਣੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦਾ ਸਾਹਸ ਮਿਲੇਗਾ, ਬਲਕਿ ਦਿੱਸਦੇ ਦੇ ਪਿੱਛੇ ਅਣਦਿੱਸਦੇ ਨੂੰ ਜਾਣਨ ਦੀ ਵੀ ਜਾਂਚ ਆਵੇਗੀ।
ਅਜੋਕੇ ਉਲਝੇ ਹੋਏ ਸਮਿਆਂ ਵਿੱਚ ਨਿਰਪੱਖ ਅਤੇ ਉਦਾਰ ਹੋ ਕੇ ਸੋਚਣਾ ਅਤੇ ‘ਹਾਂ-ਪੱਖੀ’ ਪਹੁੰਚ ਅਪਣਾਉਣੀ ਅਤੇ ਭਾਵਪੂਰਨ ਢੰਗ ਨਾਲ ਉਪਯੋਗੀ ਵਿਚਾਰਾਂ ਨੂੰ ਪ੍ਰਗਟਾਉਣਾ ਇੱਕ ਪ੍ਰਾਪਤੀ ਹੈ। ਇਸ ਪ੍ਰਾਪਤੀ ਲਈ ਮੈਂ ਪਰਮ ‘ਪ੍ਰੀਤ’ ਬਠਿੰਡਾ  ਨੂੰ ਵਧਾਈ ਦਿੰਦਾ ਹਾਂ। ਉਸ ਦੀਆਂ ਪਹਿਲੀਆਂ ਰਚਨਾਵਾਂ ” ਮੇਰੀ ਕ਼ਲਮ ਮੇਰੇ ਅਲਫ਼ਾਜ਼” ਅਤੇ ” ਮੇਰੀਆਂ ਗ਼ਜ਼ਲਾਂ ਮੇਰੇ ਗੀਤ” ਵਾਂਗ ” ਕ਼ੰਦੀਲ” ਵਿੱਚ ਪੇਸ਼ਕਾਰੀ ਅਤੇ ਦਿਖ ਵਾਲਾ ਪੱਖ ਸਲਾਹੁਣਯੋਗ ਹੈ। “ਕ਼ੰਦੀਲ” ਵਿਚਲਾ ਹਰੇਕ ਵਿਚਾਰ ਜੀਵਨ ਦੇ ਇੱਕ ਗੰਭੀਰ ਮਸਲੇ ਉੱਤੇ ਰੌਸ਼ਨੀ ਪਾ ਕੇ, ਉਸਾਰੂ ਅਤੇ ਸੁਚਾਰੂ ਜੀਵਨ ਜਿਉਣ ਲਈ ਮਾਰਗ- ਦਰਸ਼ਨ ਕਰਦਾ ਹੈ। ਜਦੋਂ ਕਿਸੇ ਮਸਲੇ ਦੀ ਸਾਨੂੰ ਸਮਝ ਆ ਜਾਵੇ ਤਾਂ ਸਾਡੇ ਜੀਵਨ ਦੀ ਕੋਈ ਨਾ ਕੋਈ ਸਮੱਸਿਆ ਸਹਿਜੇ ਹੀ ਹੱਲ ਹੋ ਜਾਂਦੀ ਹੈ। ਅਜੋਕੇ ਯੁੱਗ ਵਿੱਚ ਫੈਲੇ ਹੋਏ ਅਗਿਆਨ ਵਿਚੋਂ ਗਿਆਨ ਦੀ ਤਲਾਸ਼ ਕਰਨੀ ਅਤੇ ਉਸਨੂੰ ਪ੍ਰਗਟਾਉਣ ਦਾ ਢੰਗ ਲੱਭਣਾ ਪਰਮ ‘ਪ੍ਰੀਤ’ ਬਠਿੰਡਾ ਦੀ ਮਾਣ ਕਰਨ ਯੋਗ ਪ੍ਰਾਪਤੀ ਹੈ, ਉਸਦੇ ਹਰੇਕ ਵਿਚਾਰ ਪਿੱਛੇ ਇੱਕ ਨਿੱਗਰ ਸੋਚ ਕਾਰਜਸ਼ੀਲ ਹੈ। ਇਹ ਪੁਸਤਕ ਪੜ੍ਹਣ ਅਤੇ ਸਾਂਭਣਯੋਗ ਹੈ। ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਵਿਚਾਰ ਸੰਗ੍ਰਹਿ ਅਤੇ ਇਸ ਵਿੱਚ ਸ਼ਾਮਲ ਕੀਤੇ ਗਏ ਲੇਖ ਹਰੇਕ ਪਾਠਕ ਲਈ ਬੜੇ ਉਪਯੋਗੀ ਸਾਬਤ ਹੋਣਗੇ।
ਨਰਿੰਦਰ ਸਿੰਘ ਕਪੂਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮੈਂ ਇਨਸਾਨ ਹਾਂ
Next articleਡਾ. ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.) ਖੰਨਾ ਵੱਲੋਂ ਅੰਬੇਡਕਰ ਭਵਨ ਵਿਖੇ ਪੂਨਾ ਪੈਕਟ ਦਿਵਸ ਮਨਾਇਆ