(ਸਮਾਜ ਵੀਕਲੀ)
ਕੌੜੇ ਧੂੰਏ ਕੋਲੋਂ ਧਰਤ ਬਚਾਈਂ ਵੀਰਨਾਂ
ਅੱਗ ਨਾ ਪਰਾਲੀ਼ ਨੂੰ ਤੂੰ ਲਾਈਂ ਵੀਰਨਾਂ
ਆਲ੍ਹਣੇ ਚ ਤੱਕੀਂ ਬੈਠੇ ਨਿੱਕੇ ਨਿੱਕੇ ਬੋਟ ਵੇ
ਭੋਲੇ਼ ਪੰਛੀਆਂ ਨੂੰ ਐਵੇਂ ਨਾ ਸਤਾਈਂ ਵੀਰਨਾਂ
ਸ਼ੁੱਧ ਹਵਾ ਵਿੱਚ ਵੇਖੀਂ ਸਾਹ ਸੌਖਾ ਆਊਗਾ
ਗੱਲ ਸੱਚੀ ਇਹ ਭਾਵੇਂ ਅਜ਼ਮਾਈਂ ਵੀਰਨਾਂ
ਹਰ ਵਾਰ ਫੁਕਦੈਂ ਤੂੰ ਧਰਤ ਦੀ ਹਿੱਕ ਵੇ
ਐਤਕੀਂ ਤੂੰ ਠੰਡ ਵਰਤਾਈਂ ਵੀਰਨਾਂ
ਫ਼ਸਲ ਹੋਵੇ ਦੂਣੀਂ ਵਿੱਚ ਨਾੜ ਨੂੰ ਜੇ ਵਾਹ ਦੀਏ
ਇਹੋ ਹੋਰਾਂ ਤਾਈਂ ਗੱਲ ਸਮਝਾਈਂ ਵੀਰਨਾਂ
ਮੱਚ ਜਾਂਦੇ ਰੁੱਖ ਜਿਹੜੇ ਖੇਤਾਂ ਵਿੱਚ ਖੜ੍ਹੇ ਨੇ
ਇੰਨਾ ਵੱਡਾ ਕਹਿਰ ਨਾ ਕਮਾਈਂ ਵੀਰਨਾਂ
ਦਿੰਦੀ ਸਰਕਾਰ ਫੇਰ ਮਾਣ ਸਨਮਾਨ ਵੀ
ਚੰਗੀ ਖੇਤੀ ਨਾਲ ਨਾਮ ਚਮਕਾਈਂ ਵੀਰਨਾਂ
ਭੁੱਲ ਨਾ ਤੂੰ ਜਾਵੀਂ ਇਹੇ ਧਰਤ ਹੈ ਮਾਂ ਜਿਹੀ
ਗੱਲ ਦੀਪ ਦੀ ਤੂੰ ਖਾਨੇ ਵਿੱਚ ਪਾਈਂ ਵੀਰਨਾਂ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596