ਪੱਪੂ ਹੀ ਪਾਸ ਹੈ…

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਮਨਰਾਜ ਅੱਜ ਬਹੁਤ ਖੁਸ਼ ਸੀ। ਅੱਜ ਓਹਦੀਆਂ ਆਸਾਂ ਨੂੰ ਬੂਰ ਜੁ ਪੈਣਾ ਸੀ। ਉਹ ਇੱਕ ਬਹੁਤ ਵਡੇ ਸਕੂਲ ਵਿੱਚ ਪ੍ਰਿੰਸੀਪਲ ਦੀ ਨੌਕਰੀ ਲਈ ਇੰਟਰਵਿਊ ਦੇਣ ਆਇਆ ਸੀ। ਉਹਨੂੰ ਯਾਦ ਆ ਰਿਹਾ ਸੀ ਕਿ ਜਦੋਂ ਉਸਨੇ ਬਾਰਵੀਂ ਕੀਤੀ ਤਾਂ ਘਰ ਵਾਲ਼ੇ, ਰਿਸ਼ਤੇਦਾਰ ਤੇ ਮਿੱਤਰ-ਸੱਜਣ ਉਹਨੂੰ ਇੱਕੋ ਸਲਾਹ ਦੇ ਰਹੇ ਸਨ ਕਿ ਆਇਲਟਸ ਕਰ ਲੈ ਤੇ ਕੈਨੇਡਾ ਚਲੇ ਜਾ। ਪਰ ਉਹਨੂੰ ਆਪਣੇ ਦੇਸ਼,ਆਪਣੇ ਪੰਜਾਬ ਨਾਲ਼ ਬਹੁਤ ਪਿਆਰ ਸੀ। ਉਸਨੇ ਉੱਚ ਪੜ੍ਹਾਈ ਕੀਤੀ।ਪਰ ਸਰਕਾਰੀ ਨੌਕਰੀ ਨਾ ਮਿਲ਼ੀ।ਹਰ ਕੋਈ ਉਸਨੂੰ ਪਾਗ਼ਲ ਕਹਿੰਦਾ।ਅਖੇ, ਤੂੰ ਕਿਹੜਾ ਰਿਜ਼ਰਵ ਜਾਤੀ ਵਿੱਚ ਆਉਂਦਾ ਏਂ ਕਿ ਤੈਨੂੰ ਸਰਕਾਰੀ ਨੌਕਰੀ ਮਿਲ਼ ਜੂ। ਤੇ ਨੌਕਰੀ ਕਰਕੇ ਕਰ ਵੀ ਕੀ ਲਵੇਂਗਾ? ਪਰ ਉਹ ਹਮੇਸ਼ਾਂ ਕਹਿੰਦਾ ਕਿ ਚੰਗੀ ਨੌਕਰੀ ਕਰਾਂਗਾ ਤੇ ਨਾਲ਼ ਦੀ ਨਾਲ਼ ਬਾਪੂ ਜੀ ਦੀ ਖੇਤੀਬਾੜ੍ਹੀ ਵਿੱਚ ਮਦਦ ਵੀ ਕਰਾਂਗਾ। ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਸਾਰੇ ਉਸਦੀਆਂ ਗੱਲਾਂ ਸੁਣ ਕੇ ਹੱਸ ਕਿਉਂ ਪੈਂਦੇ ਸਨ।

ਕਯਾ ਨਾਮ ਹੈ ਭਾਈ ਸਾਹਿਬ ਆਪਕਾ? ਨਾਲ਼ ਬੈਠੇ ਇੱਕ ਬੰਦੇ ਨੇ ਕਿਹਾ ਤਾਂ ਉਹਦੀ ਸੋਚਾਂ ਦੀ ਲੜੀ ਟੁੱਟੀ।

ਜੀ ਮਨਰਾਜ ਸਿੰਘ। ਤੇ ਤੁਹਾਡਾ? ਉਹ ਆਦਤਨ ਪੰਜਾਬੀ ਵਿੱਚ ਬੋਲਿਆ।

ਮੈਂ ਰਿਤੇਸ਼ ਯਾਦਵ ਹੂੰ।ਉਹਨੇ ਜਵਾਬ ਦਿੱਤਾ।

ਮਨਰਾਜ ਨੇ ਆਸ ਪਾਸ ਨਜ਼ਰ ਘੁੰਮਾਈ ਤਾਂ ਉਸਨੂੰ ਹੈਰਾਨੀ ਹੋਈ ਕਿ ਸਾਰੇ ਹੀ ਮੈਂਬਰ ਜਿਹੜੇ ਇਸ ਇੰਟਰਵਿਊ ਲਈ ਆਏ ਸਨ ਉਹ ਬਾਹਰਲੇ ਰਾਜਾਂ ਤੋਂ ਸਨ ਕੋਈ ਵੀ ਪੰਜਾਬੀ ਨਹੀਂ ਸੀ। ਉਹਨੂੰ ਮਨ ਹੀ ਮਨ ਤੱਸਲੀ ਹੋਈ ਕਿ ਇਹ ਨੌਕਰੀ ਉਸਨੂੰ ਹੀ ਮਿਲੇ਼ਗੀ ਕਿਉਂਕਿ ਚੰਗਾ ਪੜ੍ਹਿਆ ਲਿਖਿਆ ਹੋਣ ਦੇ ਨਾਲ਼-ਨਾਲ਼ ਉਹ ਪੰਜਾਬੀ ਵੀ ਹੈ। ਉਹਨੂੰ ਲੱਗਿਆ ਕਿ ਇਹ ਵੀ ਉਸਦੀ ਡਿਗਰੀ ਹੈ ਜਿਹੜੀ ਇੱਥੇ ਹੋਰ ਕਿਸੇ ਕੋਲ਼ ਨਹੀਂ ਹੈ।

ਮਨਰਾਜ ਸਿੰਘ! ਆਵਾਜ਼ ਵੱਜੀ ਤਾਂ ਉਹ ਬੜੇ ਆਤਮ-ਵਿਸ਼ਵਾਸ ਨਾਲ਼ ਉੱਠ ਕੇ ਅੰਦਰ ਚਲੇ ਗਿਆ। ਉਸਨੇ ਹਰ ਗੱਲ ਦਾ ਜਵਾਬ ਬਹੁਤ ਵਧੀਆ ਢੰਗ ਨਾਲ਼ ਦਿੱਤਾ। ਉਸਨੂੰ ਕਿਹਾ ਗਿਆ ਕਿ ਤੁਹਾਨੂੰ ਫ਼ੋਨ ਕਰਕੇ ਨਤੀਜਾ ਦੱਸ ਦਿੱਤਾ ਜਾਵੇਗਾ। ਉਹ ਹੈਰਾਨ ਸੀ ਕਿ ਐਡ (ਮਸ਼ਹੂਰੀ) ਵਿੱਚ ਤਾਂ ਅਰਜੰਟ (ਜਲਦੀ) ਜ਼ਰੂਰਤ ਲਿਖਿਆ ਹੋਇਆ ਸੀ….ਪਰ!

ਖ਼ੈਰ ਉਹ ਉਮੀਦ ਬੰਨ੍ਹ ਕੇ ਘਰ ਚਲੇ ਗਿਆ। ਕਈ ਦਿਨ ਉਡੀਕਦਾ ਰਿਹਾ ਪਰ ਕੋਈ ਜਵਾਬ ਨਾ ਮਿਲ਼ਿਆ। ਅਖ਼ੀਰ ਉਹ ਆਪੇ ਪਤਾ ਕਰਨ ਤੁਰ ਪਿਆ। ਸਕੂਲ ਜਾਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਓਹੀ ਰਿਤੇਸ਼ ਯਾਦਵ ਨੂੰ ਰੱਖ ਲਿਆ ਗਿਆ ਸੀ। ਉਹ ਬੜਾ ਹੈਰਾਨ ਹੋਇਆ। ਐਮ.ਡੀ.ਸਰ ਨੂੰ ਮਿਲ਼ਿਆ ਤੇ ਦੱਸਿਆ ਕਿ ਸਰ ਮੈਂ ਪੰਜਾਬੀ ਹਾਂ ਤੇ ਇਸ ਨੌਕਰੀ ਦਾ ਪਹਿਲਾ ਹੱਕਦਾਰ ਹਾਂ ਤਾਂ ਉਹਨਾਂ ਕਿਹਾ ਕਿ ਸੌਰੀ ਇਹ ਸੀ. ਬੀ. ਐਸ. ਸੀ. ਸਕੂਲ ਹੈ ਤੇ ਸਾਨੂੰ ਹਰ ਸਮੇਂ ਹਿੰਦੀ ਜਾਂ ਅੰਗਰੇਜ਼ੀ ਬੋਲਣ ਵਾਲੇ ਪ੍ਰਿੰਸੀਪਲ ਦੀ ਲੋੜ ਸੀ ਇਸ ਲਈ ਅਸੀਂ ਰਿਤੇਸ਼ ਯਾਦਵ ਨੂੰ ਇਹ ਨੌਕਰੀ ਦਿੱਤੀ ਹੈ।

ਤੁਸੀਂ ਬੇਸ਼ੱਕ ਬਹੁਤ ਕਾਬਿਲ ਹੋ ਪਰ ਤੁਸੀਂ ਬਾਹਰ ਬੈਠ ਕੇ ਪੰਜਾਬੀ ‘ਚ ਗੱਲ ਕੀਤੀ ਸੀ ਇਸ ਲਈ ਤੁਹਾਨੂੰ ਨਹੀਂ ਰੱਖ ਸਕਦੇ ਸੀ। ਤੁਸੀਂ ਕਿਤੇ ਹੋਰ ਕੋਸ਼ਿਸ ਕਰ ਲਓ। ਵੈਸੇ ਤੁਸੀਂ ਸਰਕਾਰੀ ਨੌਕਰੀ ਦੇ ਵੀ ਕਾਬਿਲ ਹੋ। ਕੁੱਝ ਦੇ ਲੈ ਕੇ ਮਿਲ਼ ਸਕਦੀ ਹੈ ਤੁਹਾਨੂੰ ਨੌਕਰੀ, ਐਮ. ਡੀ. ਸਰ ਨੇ ਹਲਕਾ ਜਿਹਾ ਮੁਸਕਾਉਂਦਿਆਂ ਕਿਹਾ।

ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ। ਮਨਰਾਜ ਇੰਨਾ ਹੀ ਕਹਿ ਸਕਿਆ। ਘਰ ਆ ਕੇ ਉਹਨੇ ਮਾਂ ਨੂੰ ਕਿਹਾ,” ਮੈਂ ਆਇਲਟ ਸੈਂਟਰ ਜਾ ਰਿਹਾ ਹਾਂ, ਐਵੇਂ ਐਨੇ ਸਾਲ ਖ਼ਰਾਬ ਕੀਤੇ, ਇੱਥੇ ਤਾਂ ਹੁਣ ਪੱਪੂ ਹੀ ਪਾਸ ਹੈ।”

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕਿਸਾਨ ਦੀ ਅਰਜ’
Next articleਹੁਣ ਕਿਉਂ ਨਹੀਂ ਸਰਦਾ…?