ਬੇਅੰਤ ਕੌਰ ਸਾਹੀ (ਘੱਗਾ)
(ਸਮਾਜ ਵੀਕਲੀ) ਉਹ ਆਪਣੇ ਆਫਿਸ ਵਿੱਚ ਬੈਠੀ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ। ਨਾਲ ਨਾਲ ਫੋਨ ਵਿਚ ਫ਼ੋਟੋਆਂ ਵੇਖ ਰਹੀ ਸੀ। ਮਾਂ ਦੀ ਫੋਟੋ ਵੇਖਦੀ ਵੇਖਦੀ ਉਹ ਅਤੀਤ ਵਿੱਚ ਪੰਹੁਚ ਗਈ। ਜਦੋਂ ਉਹਦਾ ਦਸਵੀਂ ਜਮਾਤ ਦਾ ਨਤੀਜਾ ਆਇਆ ਸੀ। ਉਹ ਮੈਰਿਟ ਵਿੱਚ ਆਈ ਸੀ। ਸਕੂਲ ਦੀ ਅਸੈਂਬਲੀ ਵਿੱਚ ਉਹਦੇ ਨਾਂ ਤੇ ਤਾੜੀਆਂ ਵਜੀਆਂ ਸੀ ਪਰ ਘਰ ਵਿੱਚ ਕਿਸੇਨੇ ਨੋਟਿਸ ਨਹੀਂ ਲਿਆ ਸੀ। ਉਸ ਨੂੰ ਯਾਦ ਹੈ ਕਿ ਸਰਕਾਰੀ ਸਕੂਲ ਦੀ ਪ੍ਰਿੰਸਪਲ ਨੇ ਉਹਦੇ ਘਰ ਚਪੜਾਸੀ ਨੂੰ ਭੇਜਿਆ ਸੀ ਜੋ ਕਿ ਚਾਰ ਕਿਲੋਮੀਟਰ ਸਾਈਕਲ ਚਲਾ ਕੇ ਮੈਡਮ ਦਾ ਸੁਨੇਹਾ ਦੇਣ ਲਈ ਆਇਆ ਸੀ ਕਿ ਕੂੜੀ ਨੂੰ ਅੱਗੇ ਜ਼ਰੂਰ ਪੜ੍ਹਾਓ।ਪਰ ਘਰ ਵਿੱਚ ਕਦੇ ਵੀ ਉਸ ਦੀ ਪੜਾਈ ਦਾ ਜ਼ਿਕਰ ਨਹੀਂ ਹੋਇਆ ਸੀ। ਨਾ ਹੀ ਉਸ ਨੇ ਆਪਣੇ ਮਾਂ ਬਾਪ ਨੂੰ ਕਿਹਾ ਸੀ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ। ਉਹ ਗੱਲ ਵੱਖਰੀ ਸੀ ਕਿ ਉਹ ਹਮੇਸ਼ਾ ਸੁਪਨਿਆ ਵਿੱਚ ਪ੍ਰੀਖਿਆ ਹਾਲ ਵਿੱਚ ਬੈਠੀ ਹੂੰਦੀ ਸੀ। ਉਹਨੂੰਪੜ੍ਹਨਦਾਜਨੂੰਨਜਿਹਾਸੀ। ਬੜੀਵਾਰਓਹਨੂੰ ਇਸ ਲਈ ਝਿੜਕਾਂ ਪੈ ਜਾਂਦੀਆਂ ਕਿ ਉਹ ਘਰ ਦੇ ਕੰਮ ਨਾਲੋਂ ਜਿਆਦਾ ਕਿਤਾਬਾਂ ਵਿੱਚ ਦਿਲਚਸਪੀ ਰੱਖਦੀ ਸੀ। ਇੱਕ ਵਾਰ ਝਾੜੂ ਲਾਉਂਦੀ ਨੂੰ ਇੱਕ ਵੱਡਾ ਸਾਰਾ ਕਾਗ਼ਜ਼ ਦਾ ਲਿਫ਼ਾਫ਼ਾ ਹੱਥ ਆ ਗਿਆ ਸੀ। ਉਸਨੇ ਪਾੜ ਕੇ ਸਿੱਧਾ ਕੀਤਾ ਤੇ ਉੱਥੇ ਹੀ ਪੜ੍ਹਨ ਬੈਠ ਗਈ। ਉਸ ਨੂੰ ਪਤਾ ਹੀ ਨਾ ਲੱਗਿਆ ਕਦੋਂ ਧੁੱਪ ਚੜ੍ਹ ਗਈ ਤੇ ਬੀਜੀ ਨੇ ਝਿੜਕਦੇ ਹੋਏ ਕਿਹਾ ਇਹ ਕੁੜੀ ਨੇ ਨੀ ਕੁਝ ਕਰਨਾ। ਇਹ ਤੇ ਅਗਲੇ ਘਰੋਂ ਵੀ ਲਾਹਮੇ ਹੀ ਦੁਆਏਗੀ। ਜਿਵੇਂ ਇਹਨੇ ਕਾਗਜਾਂ ਦੀ ਹੀ ਖੱਟੀ ਖਾਣੀ ਯੇ।ਪੰਜ ਕੁ ਸਾਲ ਬਾਅਦ ਉਹਦਾ ਵਿਆਹ ਕਰ ਦਿੱਤਾ ਗਿਆ ਸੀ। ਜਦੋਂ ਬੇਟਾ ਚਾਰ ਸਾਲ ਦਾ ਹੋ ਗਿਆ ਤਾਂ ਗੱਲਾਂ ਗੱਲਾਂ ਵਿੱਚ ਨਾਲਦੇ ਨੂੰ ਉਹਦੀ ਪੜ੍ਹਨ ਦੀ ਇੱਛਾ ਬਾਰੇ ਪਤਾ ਲੱਗਿਆ। ਉਹ ਅਗਲੇ ਦਿਨ ਹੀ ਬਾਰ੍ਹਵੀਂ ਜਮਾਤ ਲਈ ਫ਼ਾਰਮ ਲੈ ਆਇਆ ਤੇ ਫਿਰ ਉਹਦਾ ਪੜ੍ਹਾਈ ਦਾ ਦੌਰ ਸ਼ੁਰੂ ਹੋਇਆ।ਉਹ ਗਿਆਰਾਂ ਸਾਲ ਬਾਅਦ ਪੜਾਈ ਸ਼ੁਰੂ ਕਰ ਕੇ ਵੀ ਹਮੇਸ਼ਾ ਪਹਿਲੇ ਦਰਜੇ ਵਿਚ ਪਾਸ ਹੁੰਦੀ ਸੀ। ਪਤਾ ਹੀ ਨਹੀਂ ਲੱਗਿਆ ਕਦੋਂ ਬੀ ਏ, ਐਮ ਏ ਬੀ ਐਡ ਹੋ ਗਈ ਤੇ ਨਾਲ਼ ਨਾਲ਼ ਦੋਵਾਂ ਜੀਆਂ ਨੇ ਮਿਲ ਕੇ ਇੱਕ ਸਕੂਲ ਚਲਾ ਲਿਆ। ਜਿੱਥੇ ਹਮੇਸ਼ਾ ਗਰੀਬ ਵਿਦਿਆਰਥੀਆਂ ਦੀਆਂਮੁਸ਼ਕਲਾਂ ਨੂੰ ਹਮਦਰਦੀ ਨਾਲ ਹੱਲ ਕੀਤਾ ਜਾਂਦਾ। ਖਾਸ ਕਰ ਕੇ ਇਸ ਗੱਲ ਦਾ ਖ਼ਿਆਲ ਰੱਖਦਿਆਂ ਕਿ ਲੜਕੀਆਂ ਕਿਸੇ ਵੀ ਕਾਰਣ ਸਿੱਖਿਆ ਤੋਂ ਵਾਂਝੀਆਂ ਨਾ ਰਹਿ ਜਾਣ। ਉਹ ਸਮਾਜਿਕ ਪੱਖ ਦੇ ਨਾਲ ਨਾਲ ਆਰਥਿੱਕ ਪੱਖ ਤੋਂ ਵੀ ਆਤਮਨਿਰਭਰ ਹੋ ਗਏ। ਅੱਜ ਮਾਂ ਦੀ ਫ਼ੋਟੋ ਵੇਖ਼ ਕੇ ਉਸ ਦੇ ਦਿਲ ਵਿੱਚ ਇੱਕ ਟੀਸ ਓਠੀ ਕਾਸ਼ ਮਾਂ ਹੁੰਦੀ ਤਾਂ ਉਹ ਕਹਿੰਦੀ ਕੇ ਵੇਖੋ ਬੀਜੀ ਤੂਹਾਡੀ ਧੀ ਕਾਗਜਾਂ ਦੀ ਹੀ ਖੱਟੀ ਖ਼ਾ ਰਹੀ ਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



