ਪੰਕਜ ਦੀ ਬੁਰੀ ਆਦਤ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਪੰਜਵੀਂ ਜਮਾਤ ਵਿੱਚ ਪੜ੍ਹਦੇ ਹੋਏ ਪੰਕਜ ਨੂੰ ਚੋਰੀ ਕਰਨ ਦੀ ਮਾੜੀ ਆਦਤ ਪੈ ਗਈ। ਉਹ ਆਪਣੀ ਜਮਾਤ ਦੇ ਵਿਦਿਆਰਥੀਆਂ ਦੇ ਬਸਤਿਆਂ ਵਿੱਚੋਂ ਪੈਨਸਿਲਾਂ , ਪੈਨ ਤੇ ਹੋਰ ਚੀਜ਼ਾਂ ਚੋਰੀ ਕਰਨ ਲੱਗ ਪਿਆ ਸੀ। ਜਮਾਤ ਦੇ ਸਾਰੇ ਵਿਦਿਆਰਥੀ ਉਸ ਦੀ ਇਸ ਬੁਰੀ ਆਦਤ ਤੋਂ ਬਹੁਤ ਪਰੇਸ਼ਾਨ ਸਨ। ਇੱਕ ਦਿਨ ਉਸ ਨੇ ਗੋਪੀ ਦੇ ਬਸਤੇ ਵਿੱਚੋਂ ਰੋਟੀ ਕੱਢ ਕੇ ਖਾ ਲਈ। ਜਦੋਂ ਗੋਪੀ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣੀ ਜਮਾਤ ਦੇ ਅਧਿਆਪਕ ਨੂੰ ਇਸ ਬਾਰੇ ਦੱਸਿਆ। ਅਧਿਆਪਕ ਨੇ ਪੰਕਜ ਨੂੰ ਆਪਣੇ ਕੋਲ਼ ਬੁਲਾ ਕੇ ਬਹੁਤ ਪਿਆਰ ਨਾਲ ਉਸ ਨੂੰ ਇਸ ਬੁਰੀ ਆਦਤ ਨੂੰ ਛੱਡ ਦੇਣ ਬਾਰੇ ਸਮਝਾਇਆ। ਪਰ ਪੰਕਜ ਦੇ ਕੰਨ ‘ਤੇ ਜੂੰ ਨਾ ਸਰਕੀ।

ਤੰਗ – ਪਰੇਸ਼ਾਨ ਹੋ ਕੇ ਅਧਿਆਪਕਾਂ ਨੇ ਉਸਦੇ ਮਾਤਾ – ਪਿਤਾ ਨੂੰ ਸਕੂਲ ਬੁਲਾ ਲਿਆ , ਪਰ ਹੈਰਾਨੀ ਉਦੋਂ ਹੋਈ ਜਦੋਂ ਉਸ ਦੇ ਮਾਤਾ – ਪਿਤਾ ਆਪਣੇ ਬੱਚੇ ਪੰਕਜ ਨੂੰ ਸਮਝਾਉਣ ਜਾਂ ਤਾੜ੍ਹਨ ਦੀ ਥਾਂ ਉਲਟਾ ਸਕੂਲ – ਅਧਿਆਪਕਾਂ ਦੇ ਨਾਲ ਹੀ ਗੁੱਸੇ ਹੋ ਕੇ ਲੜਨ ਲੱਗੇ। ਹੁਣ ਤਾਂ ਅਧਿਆਪਕ ਵੀ ਕੀ ਕਰ ਸਕਦੇ ਸੀ ? ਪੰਜਵੀਂ ਜਮਾਤ ਦਾ ਨਤੀਜਾ ਆ ਗਿਆ ਅਤੇ ਪੰਕਜ ਛੇਵੀਂ ਜਮਾਤ ਵਿੱਚ ਹੋਰ ਸਕੂਲ ਵਿੱਚ ਪੜ੍ਹਾਈ ਕਰਨ ਲੱਗਿਆ। ਸਮਾਂ ਬੀਤਦਾ ਗਿਆ , ਪਰ ਉਸ ਨੇ ਆਪਣੀ ਚੋਰੀ ਕਰਨ ਦੀ ਮਾੜੀ ਆਦਤ ਨਹੀਂ ਛੱਡੀ।

ਬਹੁਤ ਸਾਲਾਂ ਬਾਅਦ ਪੰਕਜ ਦੇ ਮਾਤਾ-ਪਿਤਾ ਉਸ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੂੰ ਅਚਾਨਕ ਹੀ ਮਿਲੇ ਤਾਂ ਪੰਕਜ ਦੇ ਅਧਿਆਪਕ ਨੇ ਉਨ੍ਹਾਂ ਕੋਲੋਂ ਪੁੱਛਿਆ , ” ਹੁਣ ਅੱਜਕੱਲ੍ਹ ਪੰਕਜ ਕੀ ਕਰਦਾ ਹੈ ? ਇਹ ਸੁਣ ਕੇ ਪੰਕਜ ਦੇ ਮਾਤਾ – ਪਿਤਾ ਦਾ ਸਿਰ ਨਾਮੋਸ਼ੀ ਨਾਲ ਝੁਕ ਗਿਆ।

ਬੜੀ ਸ਼ਰਮਿੰਦਗੀ ਨਾਲ ਉਨ੍ਹਾਂ ਨੇ ਪੰਕਜ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੂੰ ਕਿਹਾ, ” ਕੀ ਦੱਸੀਏ ਮਾਸਟਰ ਜੀ ! ਪੰਕਜ ਚੋਰੀ ਕਰਨ ਕਰਕੇ ਹੁਣ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ। ਕਾਸ਼ ! ਅਸੀਂ ਸਮੇਂ ਸਿਰ ਤੁਹਾਡੀ ਦੱਸੀ ਗੱਲ ਨੂੰ ਸਮਝ ਲੈਂਦੇ ਤੇ ਆਪਣੇ ਪੁੱਤਰ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਤਾਂ…।”

ਇਹ ਸੁਣ ਕੇ ਸ਼ਰਮਿੰਦਗੀ ਨਾਲ ਹੁਣ ਪੰਕਜ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੀ ਗਰਦਨ ਵੀ ਝੁਕ ਗਈ।

ਸਿੱਖਿਆ :- ਸਾਨੂੰ ਬਚਪਨ ਤੋਂ ਹੀ ਬੁਰੀਆਂ ਆਦਤਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸਕੂਲ – ਅਧਿਆਪਕਾਂ ਦੀ ਸਲਾਹ ਅਤੇ ਦੱਸੀ ਗੱਲ ਨੂੰ ਧਿਆਨ ਨਾਲ ਸੁਣਨਾ ਅਤੇ ਸਮਝਣਾ ਚਾਹੀਦਾ ਹੈ ; ਕਿਉਂਕਿ ਅਧਿਆਪਕ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਦਾ ਭਲਾ ਹੀ ਚਾਹੁੰਦੇ ਹੁੰਦੇ ਹਨ।

ਸਟੇਟ ਅੇੈਵਾਰਡੀ
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
( ਸਾਹਿਤ ਦੇ ਖੇਤਰ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਦੇ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleमहिला पहलवानों के आंदोलन के समर्थन में ..
Next articleਗੀਤ