(ਸਮਾਜ ਵੀਕਲੀ)
‘ਸ਼ੂਕਦੇ ਆਬ ਤੇ ਖ਼ਾਬ’
(ਕਾਵਿ ਪੁਸਤਕ)
ਸਮੀਖਿਅਕ: ਡਾ. ਅਰਵਿੰਦਰ ਕੌਰ ਕਾਕੜਾ
ਡਾ. ਮੇਹਰ ਮਾਣਕ ਕਾਵਿ ਸਿਰਜਣਾ ਵਿੱਚ ਕਾਰਜਸ਼ੀਲ ਉਹ ਸਾ਼ਇਰ ਹੈ ਜੋ ਸਮੇਂ ਦੀ ਰਮਜ਼ ਨੂੰ ਪਹਿਚਾਣਦਾ ਹੈ। ਸਮਾਜ ਵਿਗਿਆਨ ਦਾ ਪ੍ਰੋਫੈਸਰ ਹੋਣ ਕਰਕੇ ਸਮਾਜ ਅੰਦਰਲੀ ਹਿੱਲਜੁਲ ਨੂੰ ਆਪਣੀ ਦ੍ਰਿਸ਼ਟੀ ਨਾਲ ਵਾਚਦਾ ਹੈ। ਉਸ ਦੀ ਕਵਿਤਾ ਦੇ ਸਰੋਕਾਰ ਮਨੁੱਖ ਅਤੇ ਸਮਾਜ ਨਾਲ ਲਬਰੇਜ਼ ਹੋਣ ਕਰਕੇ ਸਮਾਜ ਦੇ ਯਥਾਰਥ ਨਾਲ ਗਹਿਰਾ ਨਾਤਾ ਰੱਖਦੇ ਹਨ।ਉਸਦੀ ਕਵਿਤਾ ਵਿੱਚਲੀ ਮਾਨਵੀ ਸੁਰ ਮਾਨਵੀ ਦੁਬਿਧਾਵਾਂ ਤੇ ਸਮਾਜ ਦੇ ਅਨੇਕਾਂ ਵਕਾਰਾਂ ਪ੍ਰਤੀ ਸੁਚੇਤਤਾ ਨੂੰ ਉਭਾਰਦੀ ਹੈ।ਅਸਲ ਵਿੱਚ ਕਵਿਤਾ ਦਾ ਧਰਮ ਨੂੰ ਕਵੀ ਆਪਣੀ ਕਰਮ ਪ੍ਰਤੀਬੱਧਤਾ ਨਾਲ ਦ੍ਰਿਸ਼ਟਮਾਨ ਕਰਦਾ ਹੈ।ਸਮਕਾਲੀ ਕਾਵਿ ਪ੍ਰਵਾਹ ਵਿੱਚ ਡਾ. ਮੇਹਰ ਮਾਣਕ ਨੇ ‘ਹਨੇਰੇ ਤੇ ਪਰਛਾਵੇਂ’ 2005 , ‘ਲਾਵਾ ਮੇਰੇ ਅੰਦਰ’2011 ਕਾਵਿ ਸੰਗ੍ਰਹਿ, ‘ਸਿਦਕ ਸਲਾਮਤ’ ਗੀਤ ਸੰਗ੍ਰਹਿ 2018 , ‘ਡੂੰਘੇ ਦਰਦ ਦਰਿਆਵਾਂ ਦੇ’ 2022 ਪ੍ਰਗੀਤਕ ਕਾਵਿ ਸੰਗ੍ਰਹਿ ਪਾਠਕਾਂ ਦੇ ਸਨਮੁੱਖ ਕੀਤਾ। ਉਸਦੀ ਨਵੀਂ ਪੁਸਤਕ ‘ ਸ਼ੂਕਦੇ ਆਬ ਤੇ ਖ਼ਾਬ ‘ ( ਸਾਹਿਬ ਦੀਪ ਪਬਲੀਕੇਸ਼ਨਜ਼, ਭੀਖੀ, 2024 ) ਵਿੱਚੋਂ ਗੁਜ਼ਰਦਿਆਂ ਆਪਣੀ ਧਰਤੀ ਦੇ ਗਹਿਰੇ ਅਹਿਸਾਸੀ ਬਿੰਦੂ ਆਪਸ ਵਿੱਚ ਜੁੜੇ ਆਪਣੀ ਹੋਂਦ ਨੂੰ ਪ੍ਰਗਟਾਉਂਦੇ ਇੱਕ ਲੰਮੀ ਪ੍ਰਗੀਤਕ ਕਵਿਤਾ ਬਣਦੇ ਹਨ। ਇਸ ਕਵਿਤਾ ਦਾ ਕੇਂਦਰ ਬਿੰਦੂ ਪੰਜਾਬ ਬਣਦਾ ਹੈ।ਉਹ ਪੰਜਾਬ ਦੀ ਦਹਿਲੀਜ਼ ਤੇ ਖੜ੍ਹ ਕੇ ਪੰਜਾਬ ਦੇ ਵਰਤਮਾਨੀ ਦ੍ਰਿਸ਼ ਨੂੰ ਉਲੀਕਦਿਆਂ ਇੱਕ ਗਹਿਰਾ ਸੰਵਾਦ ਰਚਾਉਣ ਲਈ ਕਵਿਤਾ ਨੂੰ ਮਾਧਿਅਮ ਬਣਾਉਂਦਾ ਹੈ।ਉਹ ਸਰਮਾਏਦਾਰੀ ਵਿਕਾਸ ਦੇ ਅਮਾਨਵੀਂ ਪੱਖਾਂ ਦੀ ਨਿਸਾਨਦੇਈ ਕਰਦਾ ਹੈ।ਸਮਕਾਲੀ ਪ੍ਰਸਥਿਤੀ ਦੇ ਤਹਿਤ ਲੋਕ ਮਾਨਸਿਕਤਾ ਨੂੰ ਪਕੜਦਾ ਕਵੀ ਪੰਜਾਬ ਦੇ ਅਤੀਤ ਦਾ ਪ੍ਰਛਾਵਾਂ ਵੀ ਸੂਖਮਤਾ ਨਾਲ ਵਾਚਦਾ ਹੈ।ਮਾਨਵੀ ਸੋਚ ਦੇ ਪਾਸਾਰ ਵੇਖਦਿਆਂ ਕਵੀ ਸਮਾਜਿਕ ਸਰੰਚਨਾ ਦੀ ਤੋਰ ਪਹਿਚਾਣਦਾ ਸਮਾਜ ਦੇ ਕਈ ਅੰਸਾਂ ਨੂੰ ਰੂਪਮਾਨ ਕਰਦਾ ਹੈ।ਜਿਵੇਂ ‘ਪੰਜ ਆਬ’ ਕਵਿਤਾ ਰਾਹੀਂ ਉਹ ਪੰਜਾਬ ਦੀ ਰਹਿਤਲ ਦੇ ਇਨਕਲਾਬੀ ਆਸੇ ਦੀਆਂ ਤੰਦ ਛੂੰਹਦਾ ਸਮਕਾਲ ਨਾਲ ਸੰਵਾਦ ਵੀ ਰਚਾਉਂਦਾ ਹੈ ।ਇਸ ਪੁਸਤਕ ਦੀਆਂ 19 ਕਵਿਤਾਵਾਂ ਵਿੱਚ ਕਵੀ ਦੀ ਪੰਜਾਬ ਪ੍ਰਤੀ ਫਿਕਰਮੰਦੀ ਅਚੇਤ ਜਾਂ ਸੁਚੇਤ ਤੌਰ ਤੇ ਬਰਕਰਾਰ ਰਹਿੰਦੀ ਹੈ।ਪੰਜਾਬ ਦੇ ਦਰਿਆਵਾਂ ਦੀ ਰਮਜ਼ ਪਹਿਚਾਣਨ ਦੀ ਕਵੀ ਕੋਲ ਦ੍ਰਿਸ਼ਟੀ ਹੈ।ਇਸ ਕਵਿਤਾ ਵਿੱਚੋਂ ਪਾਣੀਆਂ ਦੇ ਵਹਾਅ ਅੰਦਰ ਪਲਦੇ ਪੰਜਾਬ ਦੇ ਸੁਭਾਅ ਤੇ ਕਿਰਦਾਰ ਦਾ ਰੂਪ ਦਿੱਖਦਾ ਹੈ। ਕਵੀ ਪੰਜਾਬ ਦੇ ਪਾਣੀਆਂ ਦੀ ਧੜਕਣ ਨੂੰ ਜੀਵੰਤ ਰੱਖਣ ਲਈ ਸੋਕੇ,ਹੜਾਂ ਦੀ ਮਾਰ ਤੋਂ ਬਚਾਉਣ ਲਈ ਜੀਉਂਦੇ ਧਰਤ ਦੇ ਖ਼ਾਬਾਂ ਅੰਦਰ ਨਵੀਂ ਸਵੇਰ ਦੀ ਆਸ ਜਗਾਉਂਦਾ ਹੈ।
ਇਹ ਪੰਜ ਆਬ
ਜਿੱਥੇ ਪਲ਼ਦੇ ਨੇ ਖ਼ਾਬ
ਬੇ- ਹਿਸਾਬ
ਦੂਰੋਂ ਵੇਖਦਾ ਉਕਾਬ
ਹੈਰਾਨ ਹੋ ਜਾਂਦਾ ਹੈ
ਪ੍ਰੇਸ਼ਾਨ ਹੋ ਜਾਂਦਾ ਹੈ
ਇਸ ਦਾ ਹੌਸਲਾ
ਤੇ ਉਡਾਣ ਵੇਖ ਕੇ
ਉਸ ਦੇ ਪਰ ਵੀ ਨਹੀਂ ਹਨ
ਇਸ ਦੇ ਮੇਚ ਦੇ
ਆਬਾਂ ਦੀ ਆਪਣੀ
ਰਵਾਨੀ ਹੈ
ਇਹੀ ਤਾਂ ਪ੍ਰੇਸ਼ਾਨੀ ਹੈ
ਹੋਰਾਂ ਲਈ
ਇਸ ਕਵਿਤਾ ਨੇ ਪੰਜਾਬ ਦੇ ਪੰਜ ਦਰਿਆਵਾਂ ਦੇ ਵੱਖੋ ਵੱਖਰੇ ਅਰਥਾਂ ਨੂੰ ਆਪਣੇ ਵਿੱਚ ਸਮਾਇਆ ਹੈ।ਪੰਜਾਬ ਦੀ ਖੁਸ਼ਹਾਲੀ ਤੇ ਹਰਿਆਲੀ ਲਈ ਦਰਿਆਵਾਂ ਦਾ ਆਪਣਾ ਮੁਕਾਮ ਕਦੇ ਵੀ ਪੰਜਾਬ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ।ਇਸ ਦਰਿਆਵਾਂ ਦੀ ਧਰਤੀ ਸਾਹਵੇਂ ਖੜੇ ਅਨੇਕਾਂ ਚੈਲੰਜ ਇਸ ਕਵਿਤਾ ਦੇ ਸਰੋਕਾਰ ਬਣਦੇ ਹਨ।ਹਰ ਦਰਿਆ ਵਿੱਚੋਂ ਪੰਜਾਬ ਦਾ ਚਿਹਰਾ ਉਜਾਗਰ ਹੁੰਦਾ ਹੈ।ਜਿਵੇਂ ਕਵੀ ਨੇ ਝਨਾਂ ਦਰਿਆ ਵਿੱਚ ਮੁਟਿਆਰ ਦਾ ਕਾਵਿ ਬਿੰਬ ਦੇ ਰੂਪ ਵਿੱਚ ਪ੍ਰਗਟਾ ਕੇ ਜਿੱਥੇ ਮੁਹੱਬਤੀ ਲੈਅ ਨੂੰ ਛੇੜਿਆ ਉਥੇ ਮੁਹੱਬਤ ਦੇ ਸਮਰਪਣ ਦੇ ਅੰਸ਼ਾਂ ਨੂੰ ਨਵੀਂ ਕਾਵਿ ਭਾਸ਼ਾਈ ਰੰਗ ਦਿੱਤਾ ਹੈ। ਕਵੀ ਪੰਜਾਬ ਦੀ ਧਰਤੀ ਵਿੱਚ ਮਾਨਵੀ ਰਿਸ਼ਤਿਆਂ ਦੀ ਆਪਸੀ ਭਾਈਚਾਰਕ ਸਾਂਝ ਦੇ ਭਾਵਾਂ ਦੀ ਨਿਭਾਓ ਵਿਧੀ ਨੂੰ ਪ੍ਰਗਟਾਉਂਦਾ ਹੈ। ਉਹ ਆਪਣੀ ਕਵਿਤਾ ਵਿੱਚ ਪੰਜਾਬੀ ਮੁਟਿਆਰ ਦੇ ਹਾਵਾਂ – ਭਾਵਾਂ ਦਾ ਪ੍ਰਭਾਵਸ਼ਾਲੀ ਚਿੱਤਰ ਵਾਹੁੰਦਾ ਝਨਾਂ ਦੇ ਗਹਿਰੇ ਅਰਥ ਸਿਰਜ ਲੈਂਦਾ ਹੈ।ਪੁਸਤਕ ਵਿੱਚ ਦਰਜ਼ ਪਹਿਲੀ ਹੀ ਕਵਿਤਾ ‘ਪੰਜ ਆਬ’ ਵਿੱਚ ਹੀ ਪੰਜਾਬੀਆਂ ਦਾ ਮੁਹਾਂਦਰਾ,ਬੇਪ੍ਰਵਾਹੀ ਤੇ ਮਸਤੀ ਦੇ ਕਦਮਾਂ ਦੀ ਰਵਾਨੀ ਵੇਖੀ ਜਾ ਸਕਦੀ ਹੈ।ਪੰਜ ਦਰਿਆਵਾਂ ਅੰਦਰਲੀ ਰਿਦਮ ਤੇ ਪੰਜਾਬੀ ਮਨੁੱਖ ਅੰਦਰਲੇ ਜ਼ਜਬਿਆਂ ਦੇ ਆਪਸੀ ਸਬੰਧ ਮਾਪਣਾ ਇਸ ਕਵਿਤਾ ਵਿੱਚ ਨਿਵੇਕਲੀ ਧੁਨੀ ਵਿਸਥਾਰਿਤ ਕਰਦਾ ਹੈ।
ਇਸ ਦੀ ਬੁੱਕਲ ‘ਚ
ਪੰਜ ਆਬਾਂ ਦਾ ਨੂਰ ਹੈ
ਵਗਦੇ ਨੇ ਹੋ
ਬੇ – ਪਰਵਾਹ
ਜਿਹਲਮ,ਰਾਵੀ, ਸਤਲੁਜ
ਬਿਆਸ, ਝਨਾਂ
ਇਹ ਆਪਣੀ ਫਿਤਰਤ ਦੇ
ਆਪ ਗਵਾਹ
ਇਹ ਕਵਿਤਾ ਪੰਜਾਬ ਦੀ ਧਰਤੀ ਨਾਲ ਗਹਿਰੀ ਸਾਂਝ ਪ੍ਰਗਟਾਉਂਦੀ ਇਸ ਧਰਤ ਦੇ ਦਰਦ ਨੂੰ ਪਹਿਚਾਣਦੀ ਹੈ।ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਹਮਲਾਵਰਾਂ ਦਾ ਡੱਟ ਕੇ ਹਮਲਾ ਕੀਤਾ।ਸਾਡੀ ਵਿਰਾਸਤ ਵਿੱਚ ਲੋਕ ਸੰਘਰਸ਼ ਕਿਵੇਂ ਆਪਣਾ ਨਵਾਂ ਸਿਰਨਾਵਾਂ ਲਿਖਦੇ ਹਨ।ਕਵੀ ਪੰਜਾਬ ਦੀ ਲੋਕਧਾਰਾ ਤੇ ਸਭਿਆਚਾਰ ਦੇ ਅਨਿੱਖੜੇ ਅੰਗਾਂ ਨੂੰ ਉਘੇੜਦਾ ਹੋਇਆ ਇਸ ਉਪਰ ਮਾਣ ਕਰਦਾ ਹੈ ਕਿ ਅਣਖ,ਕੁਰਬਾਨੀ , ਮੁਹੱਬਤ ਤੇ ਤਿਆਗ ਦੇ ਬੀਜ਼ ਇਸ ਧਰਤੀ ਵਿੱਚੋਂ ਪੁੰਗਰੇ ਹਨ।ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਮੇਂ ਸਮੇਂ ਤੇ ਹੋਈਆਂ ਬਰਬਾਦੀਆਂ ਸਹਿਣ ਕਰਦਾ ਪੰਜਾਬ ਦੇਸ਼ ਦੀ ਵੰਡ ਦਾ ਦਰਦ ਅਤੇ ਸੰਤਾਪ ਦੇ ਅਨੇਕਾਂ ਜ਼ਖ਼ਮ ਆਪਣੇ ਅੰਦਰ ਸਾਂਭੀ ਬੈਠਾ ਹੈ। ਏਨਾਂ ਕਵਿਤਾਵਾਂ ਵਿਚਲਾ ਪਾਤਰ ਪੰਜਾਬੀ ਬੰਦੇ ਦੇ ਸੁਭਾਅ ਤੇ ਕਿਰਦਾਰ ਬਿਆਨ ਕਰਦਿਆਂ ਉਸਦੇ ਜੀਵਣ ਦੀ ਤੋਰ ਨੂੰ ਦਰਿਆਵਾਂ ਦੇ ਵਹਿਣ ਦੇ ਸਮਾਨਅੰਤਰ ਰੱਖ ਕੇ ਵਾਚਦਾ ਹੈ।ਕਵੀ ਜਿੱਥੇ ਦਰਿਆਵਾਂ ਦੇ ਬਦਲ ਰਹੇ ਵਹਿਣਾਂ ਦੀ ਤਬਾਹੀ ਨੂੰ ਬਿਆਨਦਾ ਹੋਇਆ ਸਰਸਾ ਤੇ ਘੱਗਰ ਦਰਿਆਵਾਂ ਦੁਆਰਾ ਕੀਤੀ ਬਰਬਾਦੀ ਪਿਛਲੇ ਕਾਰਨਾਂ ਤੇ ਵੀ ਉਂਗਲ ਰੱਖਦਾ ਹੈ।ਉਸਦੀ ਫ਼ਿਕਰਮੰਦੀ ਹੈ ਕਿ ਆਪਣੇ ਹਿੱਤਾਂ ਦੀ ਪੂਰਤੀ ਤੇ ਮੁਨਾਫੇ ਕੇਂਦਰਿਤ ਸੋਚ ਨੇ ਕੁਦਰਤ ਦੇ ਵਹਾਅ ਨੂੰ ਮੋੜ ਕੇ ਮਨੁੱਖ ਦੇ ਖਾਤਮੇ ਲਈ ਕੰਡੇ ਬੀਜੇ ਹਨ।ਉਸਦੀ ਚੇਤੰਨਮੁੱਖੀ ਸੁਰ ਵਿੱਚ ਇੱਕ ਸੰਦੇਸ਼ ਹੈ ਕਿ ਦਰਿਆਵਾਂ ਦੇ ਵਹਾਅ ਵਿੱਚ ਲਾਈਆਂ ਰੋਕਾਂ ਪਾਣੀਆਂ ਦੇ ਵੇਗ ਨੂੰ ਰੋਕ ਨਹੀਂ ਸਕਦੀਆਂ।ਇਹ ਕਵਿਤਾ ਮਨੁੱਖ ਨੂੰ ਸੁਚੇਤ ਕਰਦੀ ਕੁਦਰਤੀ ਸੋਮਿਆਂ ਨਾਲ ਕੀਤਾ ਜਾ ਰਿਹਾ ਖਿਲਵਾੜ ਕਰਕੇ ਮਾਨਵੀ ਸਭਿਅਤਾ ਨੂੰ ਖਾਤਮੇ ਵੱਲ ਨਾਂ ਤੋਰਿਆ ਜਾਵੇ।ਇਸ ਮੰਡੀ ਦੇ ਯੁੱਗ ਵਿੱਚ ਮਾਨਵੀ ਸੰਵੇਦਨਾ ਤੇ ਪਹਿਰਾ ਦਿੰਦਾ ਕਵੀ ਨਿੱਜ ਤੋਂ ਪਾਰ ਜਾਣ ਲਈ ਪੰਜਾਬ ਦੇ ਪਾਣੀਆਂ ਦੀਆਂ ਪੈੜਾਂ ਤੇ ਉਕਰੇ ਹਰਫ਼ਾਂ ਨੂੰ ਕਾਵਿਕ ਜਾਮਾ ਪਹਿਨਾਉਂਦਾ ਹੈ।ਮੇਹਰ ਮਾਣਕ ਨੇ ਸੱਤਾ ਦੇ ਕਿਰਦਾਰ ਵੱਲ ਇਸ਼ਾਰਾ ਕਰਦਿਆਂ ਉਸ ਦੇ ਅਮਾਨਵੀਂ ਰੱਵਈਏ ਦੀ ਨਿੰਦਾ ਵੀ ਕੀਤੀ ਹੈ।ਕਵੀ ਨੂੰ ਦੁੱਖ ਹੈ ਕਿ ਜਵਾਨੀ ਦਿਸ਼ਾਹੀਣ ਹੈ।ਪੰਜਾਬ ਨੂੰ ਛੱਡ ਨੌਜਵਾਨ ਰੋਜ਼ਗਾਰ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ। ਇਹ ਸਮੇਂ ਦੀ ਵਿਡੰਬਨਾ ਹੈ ਕਿ ਪਿੱਛੇ ਰਹਿ ਗਏ ਮਾਂ ਬਾਪ ਦਾ ਏਥੇ ਬੁਢਾਪਾ ਰੁੱਲ ਰਿਹਾ ਹੈ।ਗੁੱਝੀਆਂ ਪੀੜਾਂ” ਏਸੇ ਸੰਦਰਭ ਵਿੱਚ ਪੜੀ ਜਾਣ ਵਾਲੀ ਕਵਿਤਾ ਹੈ।ਜਿਸ ਦੇਸ਼ ਦੀ ਹੋਂਦ ਤੇ ਅਜ਼ਾਦੀ ਦੀ ਲੜਾਈ ਲੜਦਿਆਂ ਪੰਜਾਬੀਆਂ ਨੇ ਆਪਣਾ ਖੂਨ ਵਹਾਇਆ ਉਹ ਪੰਜਾਬ ਹੁਣ ਖਾਲੀ ਹੋ ਰਿਹਾ ਹੈ ਇਹ ਇੱਕ ਗੰਭੀਰ ਸੰਕਟ ਪੰਜਾਬ ਸਾਹਵੇਂ ਖੜਾ ਇਥੋਂ ਦਾ ਅਣਸੁਖਾਵਾਂ ਮਾਹੌਲ ਬਣਾਉਣ ਪਿਛੇ ਸੱਤਾ ਦੀਆਂ ਮਾਰੂ ਨੀਤੀਆਂ ਜ਼ਿੰਮੇਵਾਰ ਹਨ।’ਕਥਾ ਕਿਨਾਰਿਆਂ ਦੀ” ਕਵਿਤਾ ਬਾਖੂਬੀ ਨਾਲ ਸਮਾਜਿਕ ਵਰਤਾਰਿਆਂ ਦੀ ਬਾਤ ਪਾਉਂਦੀ ਹੈ। ਕਾਰਪੋਰੇਟ ਪੱਖੀ ਪ੍ਰਬੰਧ ਦੀ ਲੁੱਟ ਦੇ ਬਹੁ ਪਾਸਾਰ ਹਨ।ਮਨੁੱਖੀ ਮਾਨਸਿਕਤਾ ਵਿੱਚ ਨਿੱਜ ਦਾ ਹਾਵੀ ਹੋਣਾ,ਸੰਵੇਦਨਹੀਣ ਬਣਨਾ,ਰਿਸ਼ਤੇ ਨਾਤਿਆਂ ਦੇ ਤੋਰ ਬਦਲਣੇ,ਮਾਨਵੀਂ ਕਦਰਾਂ ਕੀਮਤਾਂ ਵਿੱਚ ਨਿਘਾਰਤਾ ਆਉਣੀ ਤੇ ਹਰ ਖੇਤਰ ਦਾ ਅਸਾਵਾਂਪਣ ਇਸ ਅਮਾਨਵੀਂ ਪ੍ਰਬੰਧ ਦੀ ਦੇਣ ਹੈ ।ਇਸ ਨੇ ਮਨੁੱਖ ਨੂੰ ਅੰਦਰੋਂ ਬਾਹਰੋਂ ਤੋੜ ਦਿੱਤਾ ਹੈ।ਅਜਿਹੀ ਬੇਆਰਮੀ,ਬੇਚੈਨੀ ,ਵਿਤਕਰੇ ਦਾ ਹੱਲ ਲੋਕ ਸੰਘਰਸ਼ਾਂ ਨਾਲ ਹੀ ਮਿਲ ਸਕਦਾ ਹੈ ।ਕਵੀ ਆਸ਼ਾਵਾਦੀ ਨਜ਼ਰੀਏ ਨਾਲ ਪੰਜਾਬ ਦੀ ਅੰਦਰਲੀ ਰਮਜ਼ ਵੀ ਪਹਿਚਾਣਦਾ ਹੈ ਕਿ ਅਜੇ ਵੀ ਪੰਜਾਬ ਅੰਦਰ ਅਣਖ ਦੇ ਕਣ ਜਿਉਂਦੇ ਹਨ ਜੋਂ ਹੱਕ ਤੇ ਸੱਚ ਦੀ ਲੜਾਈ ਲੜਦੇ ਲੋਕ ਏਕੇ ਵਿੱਚ ਬੱਝ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਜੂਝਦੇ ਨਜ਼ਰ ਆਉਂਦੇ ਹਨ।
ਜਾਗਦੀ ਅੱਖ ਨੇ
ਵੇਖੀ ਠੱਗੀ
ਜੋ ਸੀ ਹੋਈ
ਜਾਗੇ ਖੇਤਾਂ ਨੇ
ਜਦੋਂ ਹੱਕ ਮੰਗੇ
ਘੜੇ ਮੁਕਾਬਲੇ
ਬੂਹੇ ਰੱਤ ਚੋਈ
ਬਹੁ ਰੰਗਾਂ ਦੀ ਇਹ ਕਵਿਤਾ ਪੰਜ ਆਬ ਦੇ ਕੈਨਵਸ ਵਿੱਚ ਪੰਜਾਬ ,ਪੰਜਾਬੀਅਤ ਤੇ ਦਰਿਆਵਾਂ ਦੇ ਆਪਸੀ ਅੰਤਰ ਸਬੰਧਾਂ ਨੂੰ ਅਭਿਵਿਅਕਰ਼ਤ ਕਰਦੀ ਨਿਵੇਕਲੇ ਮੈਟਾਫਰਾਂ ਨਾਲ ਗਹਿਰੇ ਅਰਥ ਪ੍ਰਗਟਾਉਣ ਦੀ ਸਮਰੱਥਾ ਰੱਖਦੀ ਹੈ।ਉਸ ਦੀ ਕਵਿਤਾ ਦਾ ਸ਼ਾਬਦਿਕ ਵੇਗ ਵੀ ਹੈ ਤੇ ਰਿਦਮ ਪਾਠਕਾਂ ਨੂੰ ਜੋੜੀ ਰੱਖਦਾ ਹੈ
। ਇਸ ਕਵਿਤਾ ਦੀ ਘਾੜਤ ਵਿੱਚ ਬਿੰਬਾਂਕਾਰੀ,ਚਿਹਨਕਾਰੀ ਦਾ ਨਿਵੇਕਲਾ ਤਜ਼ਰਬਾ ਮੇਹਰ ਮਾਣਕ ਦੀ ਕਵਿਤਾ ਨੂੰ ਹੋਰ ਵੀ ਵਿਲੱਖਣ ਸਪੇਸ ਪ੍ਰਦਾਨ ਕਰਦਾ ਹੈ।ਦਰਿਆਵਾਂ ਦਾ ਮੈਟਾਫ਼ਰ ਅੰਦਰ ਪੰਜਾਬ ਦੀ ਜ਼ਿੰਦਗੀ ਦੇ ਅਨੇਕਾਂ ਪੱਖਾਂ ਦੀ ਝਲਕ ਸਲੀਕੇ ਨਾਲ ਰੂਪਮਾਨ ਕਰਨਾ ਹੀ ਕਵਿਤਾ ਦਾ ਹਾਸਲ ਹੈ। ਇਸ ਕਵਿਤਾ ਦਾ ਸੁਆਗਤ ਕਰਦਿਆਂ ਡਾ. ਮੇਹਰ ਮਾਣਕ ਤੋਂ ਇਹ ਉਮੀਦ ਜਾਗਦੀ ਰਹੇਗੀ ਕਿ ਉਸਦਾ ਆਪਣੀ ਨਵੀਂ ਕਾਵਿ ਸ਼ੈਲੀ ਨਾਲ ਇਹ ਸਫ਼ਰ ਜਾਰੀ ਰਹੇਗਾ। ਉਹ ਸਮਾਜ ਦੀਆਂ ਵੱਖੋ ਵੱਖਰੀਆਂ ਪਰਤਾਂ ਨੂੰ ਵਿਲੱਖਣ ਲਹਿਜੇ਼ ਨਾਲ ਪੇਸ਼ ਕਰਦਿਆਂ ਸ਼ਾਇਰੀ ਵਿੱਚ ਆਪਣੀ ਪਹਿਚਾਣ ਕਾਇਮ ਰੱਖੇਗਾ।
ਅਰਵਿੰਦਰ ਕਾਕੜਾ
ਮੀਤ ਪ੍ਰਧਾਨ,
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly