ਡਿਪਟੀ ਸਪੀਕਰ ਨੇ ਨਸ਼ਾ ਜਾਗਰੂਕਤਾ ਕੈਂਪ ਦੌਰਾਨ ਗੜ੍ਹਸ਼ੰਕਰ ਦੀਆਂ ਪੰਚਾਇਤਾਂ ਨੂੰ ਕੀਤਾ ਸੰਬੋਧਨ
ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਗੜ੍ਹਸ਼ੰਕਰ ਦੇ ਪਿੰਡ ਮਹਿਤਾਬਪੁਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਨਸ਼ਾ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਨਸ਼ਾ ਮੁਕਤ ਕਰਨ ਲਈ ਲਗਾਤਾਰ ਸਖਤ ਕਦਮ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਸਕਾਰਾਤਮਕ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ। ਡਿਪਟੀ ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਵਿਚ ਪਿੰਡਾਂ ਦੀਆਂ ਪੰਚਾਇਤਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਯਕੀਨੀ ਬਣਾਉਣ ਕਿ ਪਿੰਡ ਦੇ ਨੌਜਵਾਨ ਗੁੰਮਰਾਹ ਨਾ ਹੋਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪਿਛਲੇ ਢਾਈ ਸਾਲ ਵਿਚ ਨਸ਼ਿਆਂ ਦੀ ਰੋਕਥਾਮ ਲਈ ਜੋ ਸਖਤ ਕਦਮ ਉਠਾਏ ਗਏ ਹਨ, ਉਹ ਇਤਿਹਾਸਕ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਪਿੰਡਾਂ ਅਤੇ ਮੁਹੱਲਿਆਂ ਤੱਕ ਪਹੁੰਚ ਕੇ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ ਤਾਂ ਜੋ ਹਰ ਵਿਅਕਤੀ ਇਸ ਮੁਹਿੰਮ ਦਾ ਹਿੱਸਾ ਬਣ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ’ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ ਅਤੇ ਇਸ ਲਈ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਸਕਾਰਾਤਮਕ ਕੰਮਾਂ ਵਿਚ ਲਗਾਇਆ ਜਾ ਰਿਹਾ ਹੈ। ਡਿਪਟੀ ਸਪੀਕਰ ਨੇ ਕਿਹਾ ਕਿ ਸਰਕਾਰ ਜਿਥੇ ਨਸ਼ੇ ਦੀ ਗ੍ਰਿਫਤ ਵਿਚ ਫਸੇ ਨੌਜਵਾਨਾਂ ਦੇ ਪੁਨਰਵਾਸ ਲਈ ਵਚਨਬੱਧ ਹੈ ਉਥੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਸਖਤ ਐਕਸ਼ਨ ਲੈਣ ਲਈ ਕੋਈ ਕਮੀ ਨਹੀਂ ਛੱਡ ਰਹੀ ਹੈ। ਉਨ੍ਹਾਂ ਸਮੂਹ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਚਾਇਤਾਂ ਦੀ ਜ਼ਿੰਮੇਵਾਰੀ ਕੇਵਲ ਪਿੰਡਾਂ ਦੇ ਵਿਕਾਸ ਤੱਕ ਸੀਮਤ ਨਹੀਂ ਹੈ ਬਲਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਨੈਤਿਕ ਜ਼ਿੰਮੇਵਾਰੀ ਵੀ ਪੰਚਾਇਤਾਂ ਦੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨਸ਼ੇ ਦੇ ਵਿਰੁੱਧ ਇਸ ਲੜਾਈ ਵਿਚ ਸਰਕਾਰ ਦਾ ਸਹਿਯੋਗ ਕਰਨ ਅਤੇ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਨੂੰ ਬੜ੍ਹਾਵਾ ਦੇਣ। ਇਸ ਮੌਕੇ ਨਸ਼ੇ ਦੀ ਆਦਤ ਛੱਡ ਕੇ ਨਵੀਂ ਸ਼ੁਰੂਆਤ ਕਰਨ ਵਾਲੇ ਨੌਜਵਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਉਹ ਨਸ਼ੇ ਦੀ ਚੁੰਗਲ ਤੋਂ ਬਾਹਰ ਨਿਕਲੇ ਅਤੇ ਆਪਣੇ ਜੀਵਨ ਨੂੰ ਇਕ ਨਵੀਂ ਦਿਸ਼ਾ ਦਿੱਤੀ। ਡਿਪਟੀ ਸਪੀਕਰ ਨੇ ਇਨ੍ਹਾਂ ਨੌਜਵਾਨਾਂ ਦੇ ਉਪਰਾਲੇ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਹ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਨਗੇ। ਡਿਪਟੀ ਸਪੀਕਰ ਨੇ ਅਖੀਰ ਵਿਚ ਕਿਹਾ ਕਿ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਤਾਂ ਹੀ ਸਾਕਾਰ ਹੋਵੇਗਾ ਜਦ ਸਰਕਾਰ, ਪੰਚਾਇਤਾਂ ਅਤੇ ਆਮ ਜਨਤਾ ਮਿਲ ਕੇ ਇਸ ਮੁਹਿੰਮ ਨੂੰ ਸਫ਼ਲ ਬਣਾਉਣਗੇ। ਇਸ ਮੌਕੇ ਐਸ.ਡੀ.ਐਮ. ਗੜ੍ਹਸ਼ੰਕਰ ਹਰਬੰਸ ਸਿੰਘ, ਐਸ.ਪੀ. ਮੇਜਰ ਸਿੰਘ ਅਤੇ ਡੀ.ਐਸ.ਪੀ. ਗੜ੍ਹਸ਼ੰਕਰ ਜਸਪ੍ਰੀਤ ਸਿੰਘ, ਓ.ਐਸ.ਡੀ. ਚਰਨਜੀਤ ਸਿੰਘ ਚੰਨੀ, ਬੀ.ਡੀ.ਪੀ.ਓ ਮਨਜਿੰਦਰ ਕੌਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj