ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਤੇ ਵਿਸ਼ੇਸ਼

(ਸਮਾਜ ਵੀਕਲੀ)
 ” ਸੱਚ ਦਾ ਸੂਰਜ “
ਜਬਰ ਜੁਲਮ ਦੀ ਵਗੇ ਹਨੇਰੀ,
ਜੁਲਮ ਹੀ ਜੁਲਮ ਚੁਫੇਰੇ ਦਿੱਸੋ !
ਤੱਤੀ ਤਵੀ ਤੇ ਨੂਰ ਸੜੇ ਪਿਆ,
ਕੋਲ ਖਲੋਤਾ ਜਾਲਮ  ਹੱਸੇ  !
ਔਹ ਦੇਖੋ ! ਰਾਵੀ  ਦੇ ਕੰਢੇ,
ਪੰਜਵੇਂ ਗੁਰਾਂ ਨੇ  ਆਸਨ ਲਾਇਆ !
ਲਾਹੌਰ ਸ਼ਹਿਰ ਦੀ ਧਰਤੀ  ਉੱਤੇ,
ਰੱਬ ਨੂੰ ਮੁਸ਼ਕਾਂ ਬੰਨ੍ਹ ਬਿਠਾਇਆ  !
ਇਹ ਝਾਕੀ ਤੱਕ ਰਾਵੀ ਕੰਬੀ,
ਰਾਵੀ ਵਿਚਲੇ ਜਾਲ ਵੀ ਕੰਬੇ !
ਕੰਬ ਗਿਆ ਧਰਤੀ ਦਾ ਸੀਨਾ,
ਸੱਤੇ ਅਕਾਂਸ਼ ਪਤਾਲ ਵੀ ਕੰਬੇ !
ਡੋਲ ਗਿਆ  ਇੰਦਰ ਦਾ ਆਸਨ ,
ਬ੍ਰਹਮਾ ਦਾ ਦਿਲ ਥਰ ਥਰ ਕੰਬੇ !
ਰਾਮ ਚੰਦ ਤੇ  ਕਿਸ਼ਨ ਕੰਬਿਆ,
ਸਾਗਰ ਕੰਬੇ, ਪੱਥਰ ਕੰਬੇ !
ਅਕਾਸ਼ ‘ਚ ਉੱਡਦੇ ਪੰਛੀ ਕੰਬੇ ,
ਧਰਤੀ ਤੇ  ਇਨਸਾਨ ਕੰਬਿਆ  !
ਪਰ ਨਾ ਕੰਬਿਆ ਭਾਨੀ ਜਾਇਆ,
ਜਾਂ ਫਿਰ ਨਾ ਭਗਵਾਨ ਕੰਬਿਆ  !
ਨਾ ਕੰਬੇ ਪੱਥਰ ਦਿਲ ਹਾਕਮ  ,
ਰੱਬ ਨੂੰ ਪੱਥਰ ਮਾਰਨ ਵਾਲੇ  !
ਸ਼ਾਂਤਮਈ ਦੀ ਮੂਰਤ ਜਿੱਤੀ ,
ਹਾਰ ਗਏ ਤਲਵਾਰਾਂ ਵਾਲੇ  !
ਇਹ ਮੂਰਤ ਤੱਤੀਆਂ ਤਵੀਆਂ ਤੇ,
ਬਹਿਕੇ ਖਿੜ-ਖਿੜ ਹੱਸਦੀ ਰਹੀ  !
ਪਾਣੀ ਦੇ ਵਿਚ ਰਿਝਦੀ ਰਹੀ,
ਸੱਚ ਦੀ ਧੂਣੀ ਧੁੱਖਦੀ  ਰਹੀ  !
ਜਬਰ ਜੁਲਮ ਦੀ ਭੱਠੀ ਅੰਦਰ,
ਸਿੱਖੀ ਦਾ ਫੁੱਲ ਸੜ ਨਾ ਸਕਿਆ  !
ਜਾਲਮ ਜਹਾਂਗੀਰ ਗੁਰਾਂ ਨੂੰ ,
ਗਾਂ ਦੀ ਖੱਲ ਵਿਚ ਮੜ੍ਹ ਨਾ ਸਕਿਆ  !
ਮੀਆਂ ਮੀਰ ਕਰੇ ਪਿਆ ਸਿਜਦੇ ,
ਪਲ-ਪਲ ਸੀਸ ਝੁਕਾਈ ਜਾਵੇ  !
ਅੱਜ ਮੈਂ ਕਰਬਲਾ ਅੱਖੀਂ ਤੱਕਿਆ  ,
ਮੁੱਖ ਵਿੱਚੋ ਫੁਰਮਾਈ  ਜਾਵੇ  !
ਇਹ ਮਨਸੂਰ ਰੱਬ ਦਾ ਬੇਟਾ ,
ਨਾ ਸ਼ਿਬਲੀ ਦੇ ਫੁੱਲ ਤੋਂ ਰੋਇਆ  !
ਅਰਜਨ ਸੱਚ ਦੀ ਬੇੜੀ ਚੜ੍ਹਕੇ,
ਜੁਲਮ ਨਦੀ ‘ਚੌਂ ਪਾਰ ‘ਚ ਹੋਇਆ  !
ਅੱਲ੍ਹਾ  ਰਾਮ  ਰਹੀਮ  ਵਾਹਿਗੁਰੂ  ,
ਨਿਰੰਕਾਰ ਖੁਦਾ ਸਭ ਤੂੰ ਹੈਂ !
ਦੁੱਖੀਆਂ ਦੇ ਦੁੱਖਾਂ ਦਾ ਦਾਰੂ,
ਜਗ ਦਾ ਕਰਤਾ ਤੂੰ ਹੀ  ਤੂੰ ਹੈਂ !
ਤੱਕ  ਆਸਨ ਸੋਹਣੀ ਮੂਰਤ ਦਾ  ,
ਜਰਵਾਨੇ ਖਿੜ-ਖਿੜ ਹੱਸ ਰਹੇ  !
 ਕਈ ਵੇਖ -ਵੇਖ ਕੇ ਤੜਫ ਰਹੇ,
ਕਈ ਇਕ ਦੂਜੇ ਤੋਂ ਪੁੱਛ  ਰਹੇ  !
ਇਹ ਪੁੱਤਰ ਮਾਤਾ ਭਾਨੀ ਦਾ ,
ਕਿਉਂ ਤਪਦੀ ਰੇਤ ਤੇ  ਆ ਬੈਠਾ ?
ਹੈ ਵੱਧ ਅਡੋਲ ਹਿਮਾਲਾ ਤੋਂ ,
ਬੇਫਿਕਰ ਧਿਆਨ ਲਗਾ ਬੈਠਾ ?
ਇਹ ਪਤਿ ਪਰਮੇਸ਼ਰ ਗੰਗਾ ਦਾ  ,
ਹੈ ਗੁਰੂ ਅਰਜਨ ਪ੍ਰਤੱਖ ਹਰੀ !
ਭਾਣੇ ਅੰਦਰ ਭਾਨੀ ਜਾਇਆ  ,
ਜਾਂਦਾ ਏ ਹਰ ਦੁੱਖ ਜਰੀ !
ਲਵਪੁਰ ਦੇ ਕੁਰਸ਼ੇਤਰ ਅੰਦਰ ,
ਇਸ ਅਰਜੁਨ ਨੇ ਜੋਹਰ ਵਿਖਾਉਣੇ !
ਕਈ ਅਰਜੁਨਾਂ ਦੇ ਡਿੱਗੇ ਧਨੁੱਖ ,
ਮੁੜ ਇਸ ਨੇ  ਉਹ ਹੱਥ ਫੜਾਉਣੇ !
ਅੱਜ ਵਗਣੀ ਏਂ ਉਲਟੀ ਗੰਗਾ  ,
ਹੁਣ ਕਾਇਰਾਂ ਨੇ ਫੜਣੇ ਖੰਡੇ !
ਚਿੜੀਆ ਨੇ  ਬਾਜਾਂ ਦੀ ਹਿੱਕ ਤੇ  ,
ਗੱਡ ਦੇਣੇ ਨੇ ਜਬਰੀ ਝੰਡੇ  !
ਅੱਜ ਅਰਜੁਨ ਨੇ ਹਰਿਗੋਬਿੰਦ ਨੂੰ ,
ਆਨ-ਅਣਖ ਦੀ ਗੀਤਾ ਦੱਸਕੇ  !
ਗੁਰਬਾਣੀ ਰੂਪੀ ਧਨੁੱਖ ਫੜਾਉਣਾ ,
ਮਾਰੂ ਰਾਗ ਦੀ ਤੰਦੀ ਕੱਸਕੇ !
ਮੀਰੀ ਪੀਰੀ ਦੋ ਤਲਵਾਰਾਂ ,
ਬਖਸ਼ੀਆਂ ਸੰਤ ਉਬਾਰਨ ਖਾਤਰ  !
ਮਹਾਂਭਾਰਤ ਦੀ ਯੁੱਧ ਭੂਮੀ ਵਿੱਚ,
ਜਾਲਮ ਕੈਰੋਂ ਮਾਰਨ ਖਾਤਰ  !
ਹੱਕ ਸੱਚ ਲਈ ਕਿੱਦਾਂ ਮਰਨਾ,
ਦੱਸ ਜਾਏਗਾ ਪਹਿਲਾਂ  ਮਰਕੇ !
ਆਪਣੇ ਖੂਨ ਨਾਲ ਲਿਖ ਜਾਏਗਾ,
ਅੱਜ ਦੀ ਮਹਾਂਭਾਰਤ ਦੇ ਵਰਕੇ !
ਇਹ ਸੱਚ ਦਾ ਸੂਰਜ ਚੜਿਆ,
ਸੱਚ ਦਾ ਚਾਨਣ ਕਰਨ ਵਾਸਤੇ!
ਹੋਣੀ ਆਣ ਫੈਲਾਈਆਂ ਬਾਹਵਾਂ ,
ਇਸ ਸੂਰਜ ਨੂੰ ਫੜਣ ਵਾਸਤੇ  !
ਸਤਿਗੁਰ ਅਮਰਦਾਸ ਦਾ ਦੋਹਤਾ,
ਸਤਿਗੁਰ ਰਾਮਦਾਸ ਦਾ  ਬੇਟਾ !
ਪੰਜਵਾਂ ਸਤਿਗੁਰ ਸਿੱਖੀ ਖਾਤਰ,
ਸੀਸ ਆਪਣਾ ਕਰ ਗਿਆ ਭੇਟਾ  !
ਰਾਵੀ ਵਿਚ ਮਾਰ ਕੇ ਚੁੱਭੀ ,
ਪਾਣੀ ਦੇ ਸੰਗ ਪਾਣੀ ਹੋਏ!
” ਭੁੱਲੜਾ ” ਜਾਲਮ ਖਿੜ-ਖਿੜ ਹੱਸੇ,
ਸੱਚ ਦੇ ਜਾਏ ਰੱਜ-ਰੱਜ ਰੋਏ !
 ਦਾਸ– ਸੁਖਦੇਵ ਸਿੰਘ ” ਭੁੱਲੜ “
 ਸੁਰਜੀਤ ਪੁਰਾ ,ਬਠਿੰਡਾ 
 94170-46117
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਬੂਤਰ ਬਾਜੀ 11ਵਾਂ ਮੁਕਾਬਲਾ ਕਰਵਾਇਆ ਜਾਵੇਗਾ ਚੁੰਬਰ ਪੀਜਨ ਕਲੱਬ ਵਲੋਂ
Next articleਗਰਮੀਆਂ ਵਿੱਚ ਅੰਬ ਦੇ ਜੂਸ ਦਾ ਜ਼ੋਰਦਾਰ ਸੇਵਨ ਕਰੋ, ਤੁਹਾਡੀ ਸਿਹਤ ਲਈ ਇਹ ਜ਼ਬਰਦਸਤ ਫਾਇਦੇ ਹੋਣਗੇ।