ਪਾਕਿਸਤਾਨ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਸਕੀਮ ਦੀ ਪੇਸ਼ਕਸ਼

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਤੇ ਆਪਣੀ ਡਿੱਗਦੀ ਆਰਥਿਕਤਾ ਤੇ ਕੌਮੀ ਵਿਕਾਸ ਨੂੰ ਹੁਲਾਰਾ ਦੇਣ ਲਈ ਅਮੀਰ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਾਗਰਿਕਤਾ ਸਕੀਮ ਦੀ ਪੇਸ਼ਕਸ਼ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿੱਚ ਅਮਰੀਕਾ ਤੇ ਕੈਨੇਡਾ ਵਿੱਚ ਰਹਿ ਰਹੇ ਸਿੱਖ ਤੇ ਅਫ਼ਗਾਨ ਤੇ ਚੀਨੀ ਨਾਗਰਿਕ ਸ਼ਾਮਲ ਹੋਣਗੇ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਇੱਕ ਟਵੀਟ ਰਾਹੀਂ ਐਲਾਨ ਕੀਤਾ ਕਿ ਇਹ ਨਵੀਂ ਸਕੀਮ ਨਵੀਂ ਕੌਮੀ ਸੁਰੱਖਿਆ ਨੀਤੀ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤੀ ਗਈ ਹੈ, ਜਿਸਦਾ ਸ਼ੁੱਕਰਵਾਰ ਨੂੰ ਰਸਮੀ ਤੌਰ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਉਦਘਾਟਨ ਕੀਤਾ ਗਿਆ ਸੀ।

‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਇੱਕ ਕੈਬਨਿਟ ਮੰਤਰੀ ਨੇ ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਆਰ ਸਕੀਮ ਸ਼ੁਰੂ ਕਰਨ ਦਾ ਇੱਕ ਮੰਤਵ ਅਮੀਰ ਅਫ਼ਗਾਨਿਸਤਾਨੀਆਂ ਨੂੰ ਪਾਕਿਸਤਾਨ ਵੱਲ ਆਕਰਸ਼ਿਤ ਕਰਨਾ ਹੈ, ਜੋ ਪਿਛਲੇ ਵਰ੍ਹੇ ਕਾਬੁਲ ਦੀ ਹਾਲਤ ਖਰਾਬ ਹੋਣ ਮਗਰੋਂ ਤੁਰਕੀ, ਮਲੇਸ਼ੀਆ ਤੇ ਕੁਝ ਹੋਰ ਮੁਲਕਾਂ ਵੱਲ ਰੁਖ਼ ਕਰ ਰਹੇ ਹਨ। ਸ੍ਰੀ ਚੌਧਰੀ ਨੇ ਕਿਹਾ,‘ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮੰਤਵ ਕੈਨੇਡਾ ਤੇ ਅਮਰੀਕਾ ਵਿੱਚ ਰਹਿ ਰਹੇ ਸਿੱਖਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰਨਾ ਹੈ ਜੋ ਧਾਰਮਿਕ ਥਾਵਾਂ ’ਤੇ ਨਿਵੇਸ਼ ਕਰਨ ਦੇ ਇਛੁੱਕ ਹਨ, ਖ਼ਾਸ ਤੌਰ ’ਤੇ ਕਰਤਾਰਪੁਰ ਕੋਰੀਡੌਰ ’ਚ, ਪਰ ਉਨ੍ਹਾਂ ਕੋਲ ਅਜਿਹਾ ਕਰਨ ਦਾ ਕੋਈ ਰਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸਕੀਮ ਦਾ ਤੀਜਾ ਉਦੇਸ਼ ਚੀਨੀ ਨਾਗਰਿਕਾਂ ਨੂੰ ਵੀ ਆਪਣੇ ਮੁਲਕ ਵੱਲ ਖਿੱਚਣਾ ਹੈ ਜੋ ਪਾਕਿਸਤਾਨ ਵਿੱਚ ਆਉਣਾ ਚਾਹੁੰਦੇ ਹਨ ਜਾਂ ਇਥੇ ਸਨਅਤੀ ਇਕਾਈਆਂ ਕਾਇਮ ਕਰਨੀਆਂ ਚਾਹੁੰਦੇ ਹਨ। ਉਨ੍ਹਾਂ ਕਿਹਾ,‘ਇਹ ਇੱਕ ਇਤਿਹਾਸਕ ਕਦਮ ਹੈ… ਪਾਕਿਸਤਾਨ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਵਿਦੇਸ਼ੀਆਂ ਨੂੰ ਰੀਅਲ ਅਸਟੇਟ ਸੈਕਟਰ ਵਿੱਚ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕੈਬਨਿਟ ਨੇ ਵਿੱਤ ਅਤੇ ਗ੍ਰਹਿ ਮੰਤਰੀਆਂ ਨੂੰ ਨਿਵੇਸ਼ ਬੋਰਡ ਨਾਲ ਮੀਟਿੰਗ ਕਰ ਕੇ ਅਜਿਹੀ ਸਕੀਮ ਤਿਆਰ ਕਰਨ ਦੇ ਹੁਕਮ ਦਿੱਤੇ ਹਨ, ਜਿਸ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਪਾਕਿਸਤਾਨ ਵਿੱਚ ਸੰਪਤੀ ਖ਼ਰੀਦਣ ’ਚ ਸੌਖ ਹੋ ਸਕੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਨੇ ਅਫ਼ਵਾਹਾਂ ਤੇ ਨਫ਼ਰਤ ਫੈਲਾਉਣ ਲਈ ਗੁਜਰਾਤ ਤੋਂ ਕਾਰਕੁਨ ਲਿਆਂਦੇ: ਅਖਿਲੇਸ਼
Next articleभारतीय राजनीति का मैला आंचल