ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਨੇ ਭਾਰਤ ਦੇ ਉਸ ਦਾਅਵੇ ਨੂੰ ‘ਬੇਬੁਨਿਆਦ’ ਦੱਸਦਿਆਂ ਰੱਦ ਕਰ ਦਿੱਤਾ ਕਿ ਫਰਵਰੀ 2019 ਵਿੱਚ ਹਵਾਈ ਝੜਪ ਦੌਰਾਨ ਭਾਰਤੀ ਪਾਇਲਟ ਨੇ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ। ਵਿੰਗ ਕਮਾਂਡਰ (ਹੁਣ ਗਰੁੱਪ ਕੈਪਟਨ) ਅਭਿਨੰਦਨ ਵਰਤਮਾਨ ਨੇ ਆਪਣੇ ਮਿੱਗ-21 ਲੜਾਕੂ ਜਹਾਜ਼ ਦੇ ਡਿੱਗਣ ਤੋਂ ਪਹਿਲਾਂ 27 ਫਰਵਰੀ 2019 ਨੂੰ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ। ਉਸ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਸੀ ਅਤੇ ਬਾਅਦ ਵਿਚ 1 ਮਾਰਚ ਦੀ ਰਾਤ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਤੇ ਦਿਨ ਵਰਤਮਾਨ ਨੂੰ ਇਸ ਬਹਾਦਰੀ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਬਿਆਨ ਵਿੱਚ ਕਿਹਾ, ‘ਪਾਕਿਸਤਾਨ ‘ਪੂਰੀ ਤਰ੍ਹਾਂ ਬੇਬੁਨਿਆਦ’ ਭਾਰਤੀ ਦਾਅਵਿਆਂ ਨੂੰ ਖਾਰਜ ਕਰਦਾ ਹੈ ਕਿ ਪਾਕਿਸਤਾਨੀ ਐੱਫ-16 ਜਹਾਜ਼ ਨੂੰ ਭਾਰਤੀ ਪਾਇਲਟ ਨੇ ਡੇਗਿਆ ਸੀ।’ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਐੱਫ-16 ਜਹਾਜ਼ਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅੰਤਰਰਾਸ਼ਟਰੀ ਮਾਹਿਰਾਂ ਅਤੇ ਅਮਰੀਕੀ ਅਧਿਕਾਰੀਆਂ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਹੈ ਕਿ ਉਸ ਦਿਨ ਕੋਈ ਵੀ ਪਾਕਿਸਤਾਨੀ ਐੱਫ-16 ਨਹੀਂ ਡੇਗਿਆ ਗਿਆ। ਵਿਦੇਸ਼ ਦਫਤਰ ਨੇ ਕਿਹਾ ਕਿ ਪਾਇਲਟ ਦੀ ਰਿਹਾਈ ‘ਭਾਰਤ ਦੀ ਕੁੜੱਤਣ ਅਤੇ ਗਲਤ ਤਰੀਕੇ ਨਾਲ ਹਮਲਾਵਰ ਕਾਰਵਾਈ ਦੇ ਬਾਵਜੂਦ ਪਾਕਿਸਤਾਨ ਦੀ ਸ਼ਾਂਤੀ ਦੀ ਇੱਛਾ ਦਾ ਪ੍ਰਮਾਣ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly