(ਸਮਾਜ ਵੀਕਲੀ)
ਮੈਨੂੰ ਪਤਾ ਹੈ,
ਤੇਰੇ ਵੱਲ ਜਾਂਦਾ ਰਸਤਾ,
ਮੇਰੀ ਮੰਜਿਲ ਨਹੀਂ ਹੈ,
ਪਰ ਫੇਰ ਵੀ ਪਤਾ ਨਹੀਂ ਕਿਉਂ !
ਜਦੋਂ ਵੀ ਪੈਰ ਪੁੱਟਦਾ ਹਾਂ,
ਤੇਰੇ ਵੱਲ ਹੀ ਕਿਉਂ,
ਚਲਾ ਜਾਂਦਾ ਹੈ।
ਯਾਦਾਂ ਦੀ ਪਰਛਾਈ,
ਜਦੋਂ ਪਿੱਛਾ ਕਰਦੀ ਹੈ,
ਤਾਂ ਅਤੀਤ ਦੇ ਝਾਉਲੇ,
ਅੱਖਾਂ ਅੱਗੇ,
ਹਨੇਰਾ ਕਿਉਂ ਕਰ ਦਿੰਦੇ ਨੇ !
ਇੱਕ ਵਾਰ ਰੁਕਦਾ ਹਾਂ,
ਤੇ ਫ਼ੇਰ ਮੰਜ਼ਿਲ ਵੱਲ,
ਵਧਣ ਦੀ ਕੋਸ਼ਿਸ਼,
ਕਰਦਾ ਹਾਂ,
ਪਰ ਰਾਸਤੇ ਉਹੀ,
ਜਾਣੇ ਪਛਾਣੇ ਜੇ ਲਗਦੇ ਨੇ।
ਤੇ ਉਹੀ ਹਨੇਰੇ ਦਾ ਰਾਸਤਾ,
ਜਿੱਥੋਂ ਚਾਨਣ ਦੀ ਛਿੱਟ ਕਿਤੇ,
ਦਿਖਾਈ ਨਹੀਂ ਦਿੰਦੀ,
ਤੇ ਤਿੱਪ ਕੁ ਚੱਲਣ ਤੋਂ ਬਾਅਦ,
ਰੁਕਣਾ ਹੀ,
ਮੁਨਾਸਿਬ ਸਮਝਦਾ ਹਾਂ ।
ਕਦੇ ਕਦੇ ਐਵਰੈਸਟ ਦੀ ਚੋਟੀ,
ਸੋਖੀ ਲੱਗਦੀ ਹੈ,
ਪਰ ਮਹਾਂ ਕਾਲ ਦੀ ਚੋਟੀ ‘ਤੇ,
ਕੌਣ ਚੜ੍ਹਿਆ ਹੈ ਅੱਜ ਤੱਕ !
ਇਹ ਸੋਚ ਕੇ,
ਵਾਪਸ ਘਰ ਦੀ ਛੱਤ ‘ਤੇ,
ਟਹਿਲਣ ਲੱਗਦਾ ਹਾਂ ਤੇ,
ਦੂਰਰਰ …!
ਬੋਦੀ ਵਾਲ਼ਾ ਤਾਰਾ,
ਫਿਰ ਵਿਚਾਰ ਕਰਨ ਦੀ,
ਤਾਕੀਦ ਕਰਦਾ,
ਦਿਖਾਈ ਦਿੰਦਾ ਹੈ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly