ਕਪੂਰਥਲਾ,
(ਸਮਾਜ ਵੀਕਲੀ) (ਕੌੜਾ)- ਜ਼ਿਲਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਦੀ ਸੁਚੱਜੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਪਦਮਸ਼੍ਰੀ ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼੍ਰੀ ਸੁਰਜੀਤ ਪਾਤਰ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਕਵੀਆਂ ਵੱਲੋਂ ਪਾਤਰ ਸਾਹਿਬ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਮਾਗਮ ਵਿੱਚ ਲਲਿਤ ਸਕਲਾਨੀ, ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ, ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ. ਗੁਰਬਖਸ਼ ਸਿੰਘ ਭੰਡਾਲ (ਸ਼੍ਰੋਮਣੀ ਸਾਹਿਤਕਾਰ) ਅਤੇ ਸ. ਕੰਵਲਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਕਪੂਰਥਲਾ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ। ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਮੈਡਮ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਪੌਦੇ ਦੇ ਕੇ ਜੀ ਆਇਆਂ ਆਖਿਆ। ਉਹਨਾਂ ਨੇ ਸ਼੍ਰੀ ਸੁਰਜੀਤ ਪਾਤਰ ਜੀ ਦੀ ਸਾਹਿਤ ਪ੍ਰਤੀ ਦੇਣ ਬਾਰੇ ਜ਼ਿਕਰ ਕਰਦਿਆਂ ਆਖਿਆ ਕਿ ਉਹਨਾਂ ਦੀਆਂ ਪਾਈਆਂ ਲੀਹਾਂ ਸਾਡੇ ਲਈ ਪ੍ਰੇਰਨਾ ਸ੍ਰੋਤ ਸਾਬਿਤ ਹੋਣਗੀਆਂ ਜਿਹਨਾਂ ਉੱਤੇ ਤੁਰ ਕੇ ਹੀ ਅਸੀਂ ਚੰਗੇ ਸਾਹਿਤ ਦੀ ਸਿਰਜਣਾ ਕਰ ਸਕਦੇ ਹਾਂ। ਮੁੱਖ ਮਹਿਮਾਨ ਸ਼੍ਰੀਮਤੀ ਲਲਿਤ ਸਕਲਾਨੀ ਨੇ ਆਖਿਆ ਕਿ ਭਾਸ਼ਾ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ, ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਬਹੁਤ ਵਧੀਆ ਉਪਰਾਲੇ ਕਰ ਰਿਹਾ ਹੈ। ਉਹਨਾਂ ਨੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀਆਂ, ਕਿਤਾਬਾਂ ਅਤੇ ਸਾਹਿਤ ਨਾਲ ਜੋੜਨ ਬਾਰੇ ਜ਼ਿਕਰ ਕਰਦਿਆਂ ਆਖਿਆ ਕਿ ਨੌਜਵਾਨ ਪੀੜ੍ਹੀ ਜੇਕਰ ਸਾਡੇ ਅਮੀਰ ਵਿਰਸੇ ਅਤੇ ਸਾਹਿਤ ਨਾਲ ਜੁੜ ਕੇ ਇਸਨੂੰ ਹੋਰ ਚੰਗੀ ਤਰ੍ਹਾਂ ਸਮਝੇ ਤਾਂ ਇਹ ਸਾਡੇ ਸਮਾਜ ਲਈ ਬਹੁਤ ਵਧੀਆ ਸਾਬਿਤ ਹੋ ਸਕਦਾ ਹੈ। ਪ੍ਰੋਗਰਾਮ ਵਿੱਚ ਸਾਹਿਤ ਦੀ ਰੰਗਤ ਦੇਖ ਕੇ ਮੈਡਮ ਸਕਲਾਨੀ ਨੇ ਵੀ ਆਪਣੇ ਦੁਆਰਾ ਲਿਖੀਆਂ ਹੋਈਆਂ ਕੁਝ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੀਆਂ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਪਣੇ ਸ਼ਬਦਾਂ ਵਿੱਚ ਸ਼੍ਰੀ ਸੁਰਜੀਤ ਪਾਤਰ ਨਾਲ ਆਪਣੀਆਂ ਸਾਹਿਤਕ ਸਾਂਝਾਂ ਬਾਰੇ ਜ਼ਿਕਰ ਕੀਤਾ। ਉਹਨਾਂ ਨੇ ਆਖਿਆ ਕਿ ਪਾਤਰ ਸਾਹਿਬ ਵਰਗੇ ਨਿਮਰ ਅਤੇ ਬੁੱਧੀਜੀਵੀ ਲੋਕ ਵਿਰਲੇ ਹੀ ਪੈਦਾ ਹੁੰਦੇ ਹਨ। ਅਜਿਹੇ ਲੋਕਾਂ ਦੀ ਸਾਹਿਤ ਪ੍ਰਤੀ ਦੇਣ ਨੂੰ ਅਸੀਂ ਕਦੀ ਭੁਲਾ ਨਹੀਂ ਸਕਦੇ। ਪ੍ਰੋ. ਔਜਲਾ ਨੇ ਧੀਆਂ ਨੂੰ ਸਮਰਪਿਤ ਆਪਣੀਆਂ ਭਾਵੁਕ ਰਚਨਾਵਾਂ ਨਾਲ ਹਾਜ਼ਰ ਮਹਿਮਾਨਾਂ ਨੂੰ ਸਰਸ਼ਾਰ ਕੀਤਾ। ਵਿਸ਼ੇਸ਼ ਮਹਿਮਾਨ ਡਾ. ਗੁਰਬਖਸ਼ ਸਿੰਘ ਭੰਡਾਲ ਨੇ ਸੁਰਜੀਤ ਪਾਤਰ ਜੀ ਦੀ ਸਾਹਿਤ ਅਤੇ ਕਵਿਤਾ ਪ੍ਰਤੀ ਸੋਝੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਆਪਣੇ ਮਿੱਤਰ ਸ਼ਾਇਰਾਂ ਦੀ ਕਵਿਤਾ ਨੂੰ ਵੀ ਨਿੱਠ ਕੇ ਪੜ੍ਹਦੇ ਸਨ ਅਤੇ ਉਹਨਾਂ ਰਚਨਾਵਾਂ ਬਾਰੇ ਆਪਣੇ ਸਾਰਥਿਕ ਵਿਚਾਰ ਦੇਣਾ ਵੀ ਉਹਨਾਂ ਦੇ ਨਿਮਰ ਸੁਭਾਅ ਦਾ ਅਹਿਮ ਹਿੱਸਾ ਸੀ। ਸਾਹਿਤ ਪ੍ਰਤੀ ਨਾ ਸਿਰਫ਼ ਗਹਿਰੀ ਸੋਝੀ ਹੋਣਾ ਸਗੋਂ ਉਸਦੇ ਬਾਰੇ ਆਪਣੇ ਨਿੱਜੀ ਵਿਚਾਰ ਦੇਣਾ ਇਸ ਨਾਮਵਰ ਸ਼ਖ਼ਸੀਅਤ ਦਾ ਇੱਕ ਗੁਣ ਸੀ। ਸਮਾਗਮ ਵਿੱਚ ਸੁਲਤਾਨਪੁਰ, ਫਗਵਾੜਾ, ਜਲੰਧਰ ਅਤੇ ਕਪੂਰਥਲਾ ਤੋਂ ਸ਼ਾਮਿਲ ਸ਼ਾਇਰਾਂ ਅਤੇ ਕਲਮਕਾਰਾਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਇਸ ਵਿਸ਼ੇਸ਼ ਸਮਾਗਮ ਨੂੰ ਖ਼ੂਬਸੂਰਤ ਸਾਹਿਤਕ ਰੰਗ ਦਿੱਤਾ। ਇਸ ਕਵੀ ਦਰਬਾਰ ਵਿੱਚ ਕ੍ਰਮਵਾਰ ਜਰਨੈਲ ਸਿੰਘ ਸਾਖੀ, ਬਲਦੇਵ ਰਾਜ ਕੋਮਲ, ਧਰਮਪਾਲ ਪੈਂਥਰ, ਰਵਿੰਦਰ ਚੋਟ, ਗੁਰਦੀਪ ਸਿੰਘ ਔਲਖ, ਕੁਲਦੀਪ ਸਿੰਘ ਚੌਹਾਨ, ਸੋਹਣ ਸਹਿਜਲ, ਦੀਸ਼ ਦਬੁਰਜੀ, ਕੁਲਵਿੰਦਰ ਕੰਵਲ, ਮੁਖਤਿਆਰ ਸਿੰਘ ਚੰਦੀ, ਮੁਨੱਜ਼ਾ ਇਰਸ਼ਾਦ, ਸਵਰਾਜ ਕੌਰ ਅਤੇ ਸ਼ਹਿਬਾਜ਼ ਖ਼ਾਨ ਨੇ ਆਪੋ ਆਪਣੀਆਂ ਰਚਨਾਵਾਂ ਰਾਹੀਂ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਵੀ ਦਰਬਾਰ ਉਪਰੰਤ ਮੈਡਮ ਜਸਪ੍ਰੀਤ ਕੌਰ ਨੇ ਭਾਸ਼ਾ ਵਿਭਾਗ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਕੀਤੀਆਂ ਜਾ ਰਹੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਭਾਸ਼ਾ ਵਿਭਾਗ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਹਮੇਸ਼ਾ ਹੀ ਪੰਜਾਬੀ ਭਾਸ਼ਾ ਦੀ ਸੇਵਾ ਅਤੇ ਪਸਾਰ ਲਈ ਵਚਨਬੱਧ ਹੈ। ਇਸੇ ਕਰਕੇ ਹੀ ਸਮੇਂ-ਸਮੇਂ ਉੱਤੇ ਭਾਸ਼ਾ ਵਿਭਾਗ ਵੱਲੋਂ ਕਵੀ ਦਰਬਾਰ, ਵਰਕਸ਼ਾਪ, ਸਾਹਿਤਕ ਮੁਕਾਬਲੇ ਅਤੇ ਵਿਚਾਰ ਚਰਚਾ ਨਾਲ ਜੁੜੇ ਨਿਵੇਕਲੇ ਸਮਾਗਮ ਕਰਵਾਏ ਜਾਂਦੇ ਹਨ। ਅੰਤ ਵਿੱਚ ਉਹਨਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸਭ ਦਾ ਅਤੇ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਾ ਐਡਮਿਨਿਸਟਰੇਸ਼ਨ ਕਪੂਰਥਲਾ ਵੱਲੋਂ ਹਾਜ਼ਰ ਕਰਮਚਾਰੀਆਂ ਧੰਨਵਾਦ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹਾਜ਼ਰ ਕਵੀਆਂ ਨੂੰ ਖ਼ੂਬਸੂਰਤ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸ਼ਹਿਬਾਜ਼ ਖ਼ਾਨ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਬਲਬੀਰ ਸਿੰਘ(ਕਾਰਜ ਸਾਧਕ ਅਫ਼ਸਰ ਸੁਲਤਾਨਪੁਰ ਲੋਧੀ), ਮਧੂ ਵਾਲੀਆ, ਗੁਰਦੇਵ ਸਿੰਘ (ਸੀਨੀਅਰ ਸਹਾਇਕ), ਸਤਵੰਤ ਕੌਰ (ਸੁਪਰਡੰਟ), ਐਡਵੋਕੇਟ ਖਲਾਰ ਸਿੰਘ, ਗਗਨਦੀਪ ਸਿੰਘ, ਅਰਜੁਨ ਸਿੰਘ ਅਤੇ ਹੋਰ ਮਹਿਮਾਨ ਹਾਜ਼ਰ ਸਨ।