ਨਰਿੰਦਰ ਸਿੰਘ ਕਪਾਨੀ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਸਨਮਾਨ

ਨਵੀਂ ਦਿੱਲੀ (ਸਮਾਜ ਵੀਕਲੀ):  ਉੱਘੇ ਬੁੱਤਸਾਜ਼ ਸੁਦਰਸ਼ਨ ਸਾਹੂ ਤੇ ਲੋਕ ਸਭਾ ਦੀ ਸਾਬਕਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਕਲਾ ਖੇਤਰ ਵਿਚ ਪਾਏ ਯੋਗਦਾਨ ਲਈ ਉੜੀਸਾ ਦੇ ਸੁਦਰਸ਼ਨ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਵਿਭੂਸ਼ਣ ਨਾਲ ਨਿਵਾਜਿਆ ਹੈ। ਪੰਜਾਬ ’ਚ ਜਨਮੇ ਤੇ ਮਗਰੋਂ ਅਮਰੀਕਾ ’ਚ ਉੱਦਮੀ ਬਣ ਕੇ ਵੱਡਾ ਕਾਰੋਬਾਰ ਕਰਨ ਵਾਲੇ ਨਰਿੰਦਰ ਸਿੰਘ ਕਪਾਨੀ ਨੂੰ ਵੀ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੂੰ ਵੀ ਪਦਮ ਭੂਸ਼ਣ ਸਨਮਾਨ ਦਿੱਤਾ ਗਿਆ ਹੈ।

ਉਹ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਤੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਵਣਜ ਤੇ ਉਦਯੋਗ ਖੇਤਰ ਲਈ ਲੁਧਿਆਣਾ ਦੀ ਕਾਰੋਬਾਰੀ ਹਸਤੀ ਰਜਨੀ ਬੈਕਟਰ, ਜਲੰਧਰ ਦੀ ਪ੍ਰਕਾਸ਼ ਕੌਰ ਨੂੰ ਸਮਾਜ ਸੇਵਾ ਲਈ ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ। ਪਟਿਆਲਾ ਦੀ ਫੁਲਕਾਰੀ ਕਲਾਕਾਰ ਲਾਜਵੰਤੀ ਨੂੰ ਵੀ ਕਲਾ ਖੇਤਰ ਲਈ ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਕਰਨਾਟਕ ਨਾਲ ਸਬੰਧਤ ਉੱਘੇ ਡਾਕਟਰ ਤੇ ਅਕਾਦਮਿਕ ਮਾਹਿਰ ਬੇਲੇ ਮੋਨੱਪਾ ਹੈਗੜੇ ਤੇ ਪੁਰਾਤੱਤਵ ਮਾਹਿਰ ਬੀ.ਬੀ. ਲਾਲ ਨੂੰ ਵੀ ਪਦਮ ਵਿਭੂਸ਼ਣ ਪੁਰਸਕਾਰ ਦਿੱਤਾ ਗਿਆ ਹੈ। ਸੁਮਿੱਤਰਾ ਮਹਾਜਨ ਜੋ ਕਿ ਅੱਠ ਵਾਰ ਸੰਸਦ ਮੈਂਬਰ ਬਣਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਹੈ, ਤੇ ਆਈਏਐੱਸ ਅਧਿਕਾਰੀ ਨਿਰਪੇਂਦਰ ਮਿਸ਼ਰਾ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਅਸਾਮ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਤਰੁਣ ਗੋਗੋਈ ਨੂੰ ਵੀ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਦੀ ਪਤਨੀ ਨੇ ਇਹ ਸਨਮਾਨ ਹਾਸਲ ਕੀਤਾ।

ਇਨ੍ਹਾਂ ਤੋਂ ਇਲਾਵਾ ਰਾਮ ਵਿਲਾਸ ਪਾਸਵਾਨ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਪਦਮ ਭੂਸ਼ਣ ਸਨਮਾਨ ਦਿੱਤਾ ਗਿਆ। ਅਸਾਮ ਦੀ ਸਮਾਜ ਸੇਵਿਕਾ ਲਖੀਮੀ ਬਰੂਆ, ਕੁਰੂਕਸ਼ੇਤਰ ਦੇ ਹਿੰਦੀ ਸਾਹਿਤਕਾਰ ਪ੍ਰੋ. ਜੈ ਭਗਵਾਨ ਗੋਇਲ, ਮਾਂਗਨੀਆਰ (ਰਾਜਸਥਾਨ) ਦੇ ਲੋਕ ਗਾਇਕ ਲਾਖਾ ਖ਼ਾਨ, ਕਰਨਾਟਕ ਦੀ ਮਸ਼ਹੂਰ ਗਾਇਕਾ ਬੌਂਬੇ ਜੈਸ੍ਰੀ ਰਾਮਨਾਥ, ਦੇਹਰਾਦੂਨ ਦੇ ਪ੍ਰਸਿੱਧ ਆਰਥੋ ਸਰਜਨ ਭੁਪੇਂਦਰ ਕੁਮਾਰ ਸਿੰਘ ਸੰਜੈ ਤੇ ਹਿੰਦੀ ਦੇ ਪ੍ਰੋਫੈਸਰ ਅਤੇ ਸ੍ਰੀਨਗਰ ਤੋਂ ਪੱਤਰਕਾਰ ਚਮਨ ਲਾਲ ਸਪਰੂ ਨੂੰ ਪਦਮ ਸ੍ਰੀ ਐਵਾਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਦੇ ਸਮਾਜ ਸੇਵਕ ਜਿਤੇਂਦਰ ਸਿੰਘ ਸ਼ੰਟੀ, ਸਟਿਪਲਚੇਜ਼ ਅਥਲੀਟ ਸੁਧਾ ਸਿੰਘ, ਬਿਹਾਰ ਦੀ ਹਿੰਦੀ ਲੇਖਿਕਾ ਮ੍ਰਿਦੁਲਾ ਸਿਨਹਾ, ਪੱਛਮੀ ਬੰਗਾਲ ਦੀ ਸਮਾਜ ਸੇਵਿਕਾ ਗੁਰੂ ਮਾਂ ਕਮਾਲੀ ਸੋਰੇਨ ਤੇ ਆਦਿਵਾਸੀ ਲੋਕ ਸਭਿਆਚਾਰ ਦੇ ਗਿਆਨੀ ਕਪਿਲ ਤਿਵਾੜੀ ਨੂੰ ਵੀ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।

ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਲੜਨ ਵਾਲੇ ਲੈਫ਼ ਕਰਨਲ ਕਵਾਜ਼ੀ ਸੱਜਾਦ ਅਲੀ ਜ਼ਹੀਰ, ਭਾਰਤ ਦੇ ਮੋਹਰੀ ਬੌਣੇ ਪੈਰਾ ਅਥਲੀਟ ਕੇ.ਵਾਈ ਵੈਂਕਟੇਸ਼ ਨੂੰ ਵੀ ਪਦਮ ਸ੍ਰੀ ਦਿੱਤਾ ਗਿਆ ਹੈ। ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਤੇ ਮੰਨੇ-ਪ੍ਰਮੰਨੇ ਬਰਤਾਨਵੀ ਥੀਏਟਰ ਤੇ ਫ਼ਿਲਮ ਨਿਰਦੇਸ਼ਕ ਪੀਟਰ ਬਰੁੱਕ ਨੂੰ ਵੀ ਪਦਮ ਪੁਰਸਕਾਰ ਦਿੱਤੇ ਗਏ ਹਨ ਪਰ ਉਹ ਸਨਮਾਨ ਸਮਾਗਮ ਮੌਕੇ ਹਾਜ਼ਰ ਨਹੀਂ ਸਨ। ਰਾਸ਼ਟਰਪਤੀ ਭਵਨ ਵਿਚ ਹੋਏ ਪੁਰਸਕਾਰ ਵੰਡ ਸਮਾਰੋਹ ਮੌਕੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੋਵਿਡ ਦੇ ਮੱਦੇਨਜ਼ਰ ਪੁਰਸਕਾਰ ਸਮਾਰੋਹ ਦੋ ਗੇੜਾਂ ਵਿਚ ਕਰਵਾਇਆ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਵਿੱਚ ਅਫ਼ਗਾਨਿਸਤਾਨ ਬਾਰੇ ਵਾਰਤਾ ’ਚ ਹਿੱਸਾ ਨਹੀਂ ਲਏਗਾ ਚੀਨ
Next articleਪ੍ਰਦੂਸ਼ਣ: ਦਿੱਲੀ ਦੇ ਲੋਕਾਂ ਨੂੰ ਸਾਹ ਲੈਣਾ ਹੋਇਆ ਔਖਾ