ਇਕ ਏਕੜ ਦੇ ਕਿਸਾਨ ਨੂੰ ਬਣਾਇਆ ਛੇ ਏਕੜਾਂ ਦਾ ਮਾਲਕ

ਫਾਜ਼ਿਲਕਾ  (ਸਮਾਜ ਵੀਕਲੀ): ਕਾਂਗਰਸ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਭਾਵੇਂ ਕਿ ਇਹ ਅਮਲ ਬਹੁਤ ਘੱਟ ਹੋਇਆ ਪਰ ਜੇ ਹੋਇਆ ਤਾਂ ਉਹ ਵੀ ਕਈ ਰਸੂਖ ਵਾਲੇ ਫ਼ਾਇਦਾ ਲੈ ਗਏ। ਇਸ ਸਬੰਧੀ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਕਿਸਾਨ ਦਿਆਲ ਸਿੰਘ ਪੁੱਤਰ ਬਲਵੰਤ ਸਿੰਘ, ਸੁਰਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਚੱਕ ਬਜੀਦਾ, ਸ਼ਰਮਾ ਸਿੰਘ ਪੁੱਤਰ ਮਿਲਖਾ ਸਿੰਘ ਤੇ ਹਰਭਜਨ ਸਿੰਘ ਪੁੱਤਰ ਬੈਂਕਾਂ ਸਿੰਘ ਵਾਸੀ ਚੱਕ ਟਾਹਲੀਵਾਲਾ ਨੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਲਿਖਤੀ ਦਰਖਾਸਤਾਂ ਅਤੇ ਬਿਆਨ ਹਲਫੀਆ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੀ ਜ਼ਮੀਨ ਢਾਈ ਏਕੜ ਤੋਂ ਘੱਟ ਹੈ ਅਤੇ ਗ਼ਰੀਬ ਕਿਸਾਨ ਹਨ।

ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੀ ਆਈ ਸਕੀਮ ਤਹਿਤ ਉਨ੍ਹਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਸਨ ਪਰ ਕੋਆਪਰੇਟਿਵ ਸੁਸਾਇਟੀ ਚੱਕ ਟਾਹਲੀਵਾਲਾ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਮਿਲੀਭੁਗਤ ਕਰਕੇ ਰਿਸ਼ਵਤ ਨਾ ਦੇਣ ਕਰਕੇ ਉਨ੍ਹਾਂ ਦੇ ਕਰਜ਼ੇ ਮੁਆਫ ਦੀ ਫਾਈਲ ਪਾਸ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਹੋ ਸਕਦੇ ਸਨ ਪਰ ਉਨ੍ਹਾਂ ਨੇ ਰਿਸ਼ਵਤ ਦੇ ਕੇ ਆਪਣੇ ਕਰਜ਼ੇ ਮੁਆਫ ਕਰਵਾ ਲਏ।

ਇਕ ਕਿਸਾਨ ਨੇ ਹੈਰਾਨੀਜਨਕ ਤੱਥ ਪੇਸ਼ ਕਰਦਿਆਂ ਕਿਹਾ ਕਿ ਉਸ ਦੀ ਇੱਕ ਏਕੜ ਜ਼ਮੀਨ ਹੈ ਪਰ ਮਾਲ ਵਿਭਾਗ ਵੱਲੋਂ ਉਸ ਦੀ ਛੇ ਏਕੜ ਜ਼ਮੀਨ ਦਰਸਾਈ ਗਈ ਹੈ, ਜਿਸ ਕਾਰਨ ਉਸ ਦਾ ਕਰਜ਼ਾ ਮੁਆਫ ਨਹੀਂ ਹੋਇਆ। ਉਸ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਸ ਦੀ ਦਰਸਾਈ ਗਈ ਛੇ ਕਿੱਲੇ ਜ਼ਮੀਨ ਉਸ ਨੂੰ ਦਿੱਤੀ ਜਾਵੇ ਤਾਂ ਉਹ ਕਰਜ਼ੇ ਦੀ ਮੁਆਫੀ ਦੀ ਮੰਗ ਕਦੇ ਨਹੀਂ ਕਰੇਗਾ। ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੋਸ਼ੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਆਪਣਾ ਹੱਕ ਲੈਣ ਲਈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ, ਜੋ ਕਾਰਵਾਈ ਲਈ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਾਜ਼ਿਲਕਾ ਨੂੰ ਭੇਜੀ ਗਈ ਸੀ, ਪਰ ਉਨ੍ਹਾਂ ਵੱਲੋਂ ਵੀ ਉਨ੍ਹਾਂ ਦੀ ਸਹੀ ਰਿਪੋਰਟ ਨਹੀਂ ਬਣਾਈ ਗਈ।

ਉਨ੍ਹਾਂ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀ ਅਧਿਕਾਰੀਆਂ ਅਤੇ ਮੁਲਾਜ਼ਮ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦਾ ਬਣਦਾ ਕਰਜ਼ਾ ਮੁਆਫ਼ ਕੀਤਾ ਜਾਵੇ।

ਮਾਮਲੇ ਦੀ ਪੜਤਾਲ ਕੀਤੀ ਜਾਵੇਗੀ: ਐੱਸਡੀਐੱਮ

ਇਸ ਸਬੰਧੀ ਜਦੋਂ ਸਬ ਡਵੀਜ਼ਨ ਜਲਾਲਾਬਾਦ ਦੇ ਐੱਸਡੀਐੱਮ ਦੇਵਦਰਸ਼ਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਗ਼ਰੀਬ ਕਿਸਾਨਾਂ ਦੇ ਮਸਲੇ ਦਾ ਹੱਲ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMissionaries of Charity says accounts were not frozen
Next articleਪੰਜਾਬ ਵਿੱਚ ਚੋਣਾਂ ਲੜਨ ਦਾ ਸਭ ਨੂੂੰ ਅਧਿਕਾਰ: ਰਾਜਾ ਵੜਿੰਗ