ਬਾਹਰੀ ਦਿੱਖ ਬਨਾਮ ਅੰਦਰਲੀ ਦਿੱਖ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਪਿਛਲੇ ਸਮੇਂ ਵਿਚ ਜ਼ਿੰਦਗੀ ਦੇ ਹੰਢਾਏ ਤਜ਼ਰਬਿਆਂ ਨੂੰ, ਸ਼ਾਖ-ਸ਼ਾਤ ਮੰਨ ਕੇ ਇੱਕ ਗੱਲ ਦੀ ਸਮਝ ਜ਼ਰੂਰ ਆਈ ਕਿ ਅੰਦਰਲੀ ਦਿੱਖ ਤੋਂ ਆਮ,ਖ਼ਾਸ ਬੰਦੇ ਨੂੰ ਬਾਹਰੀ ਦਿੱਖ ਪਹਿਲਾਂ ਪ੍ਰਭਾਵਿਤ ਕਰਦੀ ਹੈ। ਕਿਸੇ ਦੇ ਬੋਲਣ ਤੋਂ ਪਹਿਲਾਂ ਉਸ ਦੇ ਪਹਿਰਾਵੇ ਦਾ ਸਲੀਕੇਦਾਰ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ।

ਕਈ ਅਫ਼ਸਰਾਂ ਨਾਲ ਵਿਚਰਦੇ ਮਹਿਸੂਸ ਹੋਇਆ ਕਿ ਉਹਨਾਂ ਦਾ ਪਹਿਰਾਵਾ ਵੀ ਉਹਨਾਂ ਦੇ ਵਿਅਕਤਿੱਤਵ ਦਾ ਜ਼ਰੂਰੀ ਅੰਗ ਹੈ।
ਕਈ ਬੰਦੇ ਤੁਹਾਡੇ ਪਹਿਰਾਵੇ ਤੋਂ ਵੀ ਤੁਹਾਡੀ ਲਿਆਕਤ ਦਾ ਅੰਦਾਜ਼ਾ ਲਗਾਉਂਦੇ ਹਨ ਹਾਲਾਂਕਿ ਇਹ ਜ਼ਰੂਰੀ ਨਹੀਂ ਪਰ ਫ਼ੇਰ ਵੀ ਜੋ ਤੁਸੀਂ ਪਹਿਣਿਆ ਹੈ ਉਸ ਦਾ ਪ੍ਰਭਾਵ ਦੂਜੇ ਵਿਅਕਤੀ ‘ਤੇ ਪੈਣਾ ਲਾਜ਼ਮੀ ਹੈ।

ਉੱਚਾ, ਲੰਮਾ, ਸੋਹਣਾ-ਸੁਨੱਖਾ ਹੋਣਾ ਭਾਵੇਂ ਕੁਦਰਤੀ ਦੀ ਦੇਣ ਹੈ ਪਰ ਆਪਣੇ ਆਪ ਨੂੰ ਪਹਿਰਾਵੇ ਨਾਲ ਸੁਆਰ ਕੇ ਰੱਖਣਾ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ।

ਕੁਰਸੀ ‘ਤੇ ਅੱਜ ਦੇ ਯੁੱਗ ਵਿਚ ਕਈ ਕਾਰਨਾਂ ਕਰ ਕੇ, ਕੋਈ ਵੀ ਬੈਠ ਸਕਦਾ ਹੈ ਪਰ ਉੱਥੇ ਬੈਠ ਕੇ ਪ੍ਰਭਾਵਿਤ ਕਰਨ ਦਾ ਤਰੀਕਾ ਕਿਸੇ ਕਿਸੇ ਨੂੰ ਆਉਂਦਾ ਹੈ।

ਸਭ ਤੋਂ ਪਹਿਲਾਂ ਬਾਹਰੋਂ ਆਏ ਬੰਦੇ ਦੀ ਨਜ਼ਰ ਤੁਹਾਡੇ ਚਿਹਰੇ ਅਤੇ ਕਪੜਿਆਂ ‘ਤੇ ਜਾਂਦੀ ਹੈ। ਉਸ ਤੋਂ ਬਾਅਦ ਉਸ ਦੇ ਤੁਹਾਡੇ ਲਈ ਬੋਲ ਕੇ ਛੱਡੇ ਸ਼ਬਦਾਂ ‘ਤੇ।

ਭਾਵੇਂ ਅੱਜ ਦੇ ਜ਼ਮਾਨੇ ਵਿਚ ਲਿਪਾ-ਪੋਤੀ ਕਾਫ਼ੀ ਹੋ ਗਈ ਹੈ ਪਰ ਫ਼ੇਰ ਵੀ ਕਈ ਲੋਕ ਆਪਣੇ ਆਪ ਨੂੰ ਸਾਦਗੀ ਦਾ ਨਾਮ ਦੇ ਕੇ ਆਪਣਾ ਪ੍ਰਭਾਵ ਮੱਠਾ ਕਰ ਰਹੇ ਹੁੰਦੇ ਹਨ।

ਪਹਿਰਾਵੇ ਨਾਲ ਸਬੰਧਤ ਬੀਤੀਆਂ ਇੱਕ ਦੋ ਗੱਲਾਂ ਸਾਂਝੀਆਂ ਕਰਾਂਗਾ।

ਸਾਡਾ ਇੱਕ ਪ੍ਰਿੰਸੀਪਲ ਸੀ……!

ਉਹ ਘਰੋਂ ਤਾਂ ਕਮੀਜ਼ ਪਜ਼ਾਮੇ ‘ਚ ਹੀ ਆਉਂਦਾ ਪਰ ਉਸ ਨੇ ਆਪਣੀ ਇੱਕ ਪੈਂਟ, ਸ਼ਰਟ ਚਪੜਾਸੀ ਦੇ ਕਮਰੇ ‘ਚ ਹੀ ਰੱਖੀ ਹੋਈ ਸੀ। ਡਿਊਟੀ ‘ਤੇ ਆ ਕੇ ਉਹ ਬਿਨਾਂ ਪ੍ਰੈੱਸ ਕੀਤੀ ਸਿਲਵਟਾ ਵਾਲੀ ਆਪਣੀ ਡਰੈੱਸ ਥੈਲੇ ਵਿਚੋਂ ਕੱਢ ਕੇ, ਪਾ ਲੈਂਦਾ ਹਾਲਾਂ ਕਿ ਉਸ ਦਾ ਕੁਰਤਾ ਪਜਾਮਾ ਉਸ ਪੈਂਟ ਸ਼ਰਟ ਤੋਂ ਬਿਹਤਰ ਸੀ।

ਉਹ ਅਕਸਰ ਹੀ ਆਪਣੀ ਪ੍ਰਿੰਸੀਪਲ ਵਾਲੀ ਕੁਰਸੀ ਛੱਡ ਕੇ ਬੈਠਦਾ।

ਇੱਕ ਦਿਨ ਬਾਹਰੋਂ ਪੇਪਰਾਂ ‘ਚ ਆਏ,ਇੱਕ ਅਧਿਆਪਕ ਨੇ ਆ ਕੇ ਚਪੜਾਸੀ ਤੋਂ, ਪ੍ਰਿੰਸੀਪਲ ਬਾਰੇ ਪੁੱਛਿਆ।ਉਸ‌ ਚਪੜਾਸੀ ਨੇ ਕਿਹਾ,” ਸਾਹਿਬ ਅੰਦਰ ਹੀ ਬੈਠੇ ਹਨ।” ਉਸ ਨੇ ਅੰਦਰ ਦੇਖਿਆ ਅੰਦਰ ਇੱਕ ਉਘੜੀ ਦੁੱਘੜੀ ਪੱਗ ਬੰਨ੍ਹੀ ਬੰਦਾ ਬੈਠਾ ਹੈ। ਉਸ ਨੇ ਫ਼ੇਰ ਚਪੜਾਸੀ ਨੂੰ ਕਿਹਾ,” ਪ੍ਰਿੰਸੀਪਲ ਸਾਹਿਬ ਤਾਂ ਹੈ ਹੀ ਨਹੀਂ।” ਚਪੜਾਸੀ ਨੇ ਆਪ ਉੱਠ ਕੇ ਉਸ ਅਧਿਆਪਕ ਨੂੰ ਦਫ਼ਤਰ ਵਿਚ ਪ੍ਰਿੰਸੀਪਲ ਵੱਲ ਇਸ਼ਾਰਾ ਕਰਦਿਆਂ ਕਿਹਾ,” ਉਹ ਦੇਖੋ, ਸਾਹਮਣੇ ਬੈਠੇ ਹਨ।”

ਜਦੋਂ‌ ਬਾਹਰੋਂ ਆਏ ਅਧਿਆਪਕ ਨੇ ਆਪਣੀ ਗੱਲ ਮੈਨੂੰ ਸੁਣਾਈ ਮੇਰੇ ਲਈ ਇਹ ਗੱਲ ਕੋਈ ਹੈਰਾਨ-ਕੁਨ ਨਹੀਂ ਸੀ।

ਕਿਉਂਕਿ ਇਸ ਤਰ੍ਹਾਂ ਦੇ ਵਾਕਿਆਤ ਬਹੁਤ ਸਾਰੇ ਬਾਹਰੋਂ ਆਏ ਬੱਚਿਆਂ ਦੇ ਮਾਪਿਆਂ/ ਬੰਦਿਆਂ ਨਾਲ ਹੁੰਦੇ ਸਨ।

ਇਸ ਤਰ੍ਹਾਂ ਇੱਕ ਸਾਡਾ ਜ਼ਿਲ੍ਹਾ ਸਿੱਖਿਆ ਅਫ਼ਸਰ ਵੀ ਲੱਗਿਆ ਸੀ, ਉਹ ਵੀ ਕਮੀਜ਼ ਪਜ਼ਾਮੇ ਵਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਕਹਾਉਂਦਾ ਸੀ। ਤੁਸੀਂ ਸਮਝਦੇ ਹੋ ਕਿ ਸ਼ਾਇਦ ਕਮੀਜ਼ ਪਜ਼ਾਮਾ ਸਸਤਾ ਹੈ ! ਨਹੀਂ, ਕਮੀਜ਼ ਪਜ਼ਾਮਾ ਵੀ ਬਹੁਤ ਖ਼ੂਬਸੂਰਤ ਤੇ ਵਧੀਆ ਸਿਲਾਏ ਪਾਏ ਜਾ ਸਕਦੇ ਹਨ। ਪਰ ਪਾਉਂਣ ਦਾ ਢੰਗ ਹੋਣਾ ਚਾਹੀਦਾ ਹੈ। ਇਹ ਢੰਗ ਸਿੱਖਣ ਦੀ ਤਮੰਨਾ ਨਾਲ ਆਉਂਦਾ ਹੈ।

ਤੁਹਾਡਾ ਪਹਿਰਾਵਾ ਉਸ ਥਾਂ ‘ਤੇ ਕੋਈ ਅਹਿਮੀਅਤ ਨਹੀਂ ਰੱਖਦਾ ਜਿੱਥੇ ਤੁਹਾਡੀ ਪਬਲਿਕ ਡੀਲਿੰਗ ਨਹੀਂ। ਵੱਡੇ-ਵੱਡੇ ਸਾਇੰਸ ਦੇ ਅਦਾਰਿਆਂ ਵਿਚ ਜਿੱਥੇ ਸਾਇੰਸ ਨਾਲ ਸਬੰਧਤ ਖੋਜ ਕਾਰਜ ਹੋ ਰਹੇ ਹੁੰਦੇ ਹਨ ਉੱਥੋਂ ਦੇ ਸਾਇੰਸਦਾਨ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਕਿਉਂਕਿ ਉਹਨਾਂ ਨੇ ਲੈਬ ਵਿਚ ਅਰਥ ਭਰਪੂਰ ਕੰਮ ਕਰਨੇ ਹੁੰਦੇ ਹਨ।

ਸਾਊਥ ਦੇ ਇਲਾਕੇ ਵਿਚ ਕਰੋੜਪਤੀ ਵੀ ਧੋਤੀ,ਚੱਪਲ ਵਿਚ ਰਹਿੰਦੇ ਹਨ ਤੇ ਉੱਥੋਂ ਦੀਆਂ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰ, ਵਾਈਸ ਚਾਂਸਲਰ ਤੱਕ ਇਸ ਤਰ੍ਹਾਂ ਦੀਆਂ ਚੱਪਲਾਂ ਪਾ ਕੇ‌ ਆਪਣੇ ਆਪਣੇ ਡਿਪਾਰਟਮੈਂਟ ਆ ਜਾਂਦੇ ਹਨ ਕਿਉਂਕਿ ਉਹ ਉਹਨਾਂ ਦਾ ਪਹਿਰਾਵਾ ਹੈ। ਅਸੀਂ ਪੰਜਾਬੀ ਲੋਕ ਨਕਲ ਤਾਂ ਅੰਗਰੇਜ਼ੀ ਪਹਿਰਾਵੇ ਦੀ ਕਰਦੇ ਹਾਂ ਪਰ ਉਸ ਨੂੰ ਪਹਿਨਣ ਦਾ ਸਾਡੇ ਕੋਲ ਸਲੀਕਾ ਤੇ ਤਰੀਕਾ ਨਹੀਂ।
ਇਹ ਕਪੜੇ ਪਹਿਨਣ ਦਾ ਸਲੀਕਾ ਤੇ ਤਰੀਕਾ ਅਧਿਆਪਕ ਨੂੰ ਆਪਣੇ ਬੱਚਿਆਂ ਨੂੰ ਕਲਾਸ ਵਿਚ ਹੀ ਦੱਸ ਦੇਣਾ ਚਾਹੀਦਾ ਹੈ। ਭਾਵੇਂ ਸਕੂਲਾਂ

ਵਿਚ ਬੱਚੇ ਇੱਕੋ ਹੀ ਡਰੈੱਸ ਵਿਚ ਹੁੰਦੇ ਹਨ ਪਰ ਉਸ ਕਪੜੇ ਦੀ ਸੰਭਾਲ ਤੇ ਸਾਫ਼ ਸੁਥਰਾ ਪਹਿਨਣ ਬਾਰੇ ਦੱਸਿਆ ਜਾ ਸਕਦਾ ਹੈ।
ਇੱਥੇ ਇਸ ਗੱਲ ਨੂੰ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿ ਜੇ ਤੁਹਾਡੀ ਅੰਦਰਲੀ ਤੇ ਬਾਹਰੀ ਦਿੱਖ ਖ਼ੂਬਸੂਰਤ ਹੈ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰਦ
Next articleਮੌਤ, ਦਰਦ ਤੇ ਲਾਲਚ …