ਬਾਹਰਲੀ ਕੁੜੀ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸੰਦੀਪ ਆਪਣੇ ਪਰਿਵਾਰ ਦਾ ਸਭ ਤੋਂ ਛੋਟਾ ਮੁੰਡਾ ਸੀ।ਉਸ ਦਾ ਇੱਕ ਵੱਡਾ ਭਰਾ ਅਤੇ ਇੱਕ ਵੱਡੀ ਭੈਣ ਸੀ ਜੋ ਵਿਆਹੇ ਹੋਏ ਸਨ।ਉਸ ਦੇ ਪਿਤਾ ਜੀ ਬਿਜਲੀ ਮਹਿਕਮੇ ਵਿੱਚੋਂ ਰਿਟਾਇਰ ਹੋ ਕੇ ਵਿਹਲੇ ਸਨ। ਉਸ ਦੀ ਵੱਡੀ ਭਰਜਾਈ ਸੁਭਾਅ ਪੱਖੋਂ ਬਹੁਤ ਨਰਮ ਸੀ।ਇਸੇ ਲਈ ਤਾਂ ਉਸ ਦੀ ਆਪਣੀ ਸੱਸ ਨਾਲ ਬਹੁਤ ਬਣਦੀ ਸੀ।ਘਰ ਦੇ ਸਾਰੇ ਕੰਮ ਦੋਵੇਂ ਆਪਸੀ ਸਲਾਹ ਮਸ਼ਵਰਾ ਕੀਤੇ ਬਿਨਾਂ ਨਹੀ ਕਰਦੀਆਂ ਸਨ।ਸਾਰਾ ਪਰਿਵਾਰ ਬਹੁਤ ਖ਼ੁਸ਼ਹਾਲ ਪਰਿਵਾਰ ਸੀ।

ਸੰਦੀਪ ਨੇ ਵੀ ਗ੍ਰੈਜੂਏਸ਼ਨ ਕਰਕੇ ਪੋਸਟ ਗ੍ਰੈਜੂਏਸ਼ਨ ਕਰਨ ਲਈ ਕਾਲਜ ਵਿੱਚ ਦਾਖਲਾ ਲੈ ਲਿਆ ਸੀ।ਛੋਟਾ ਹੋਣ ਕਰਕੇ ਸਾਰਿਆਂ ਨੂੰ ਉਸ ਦੇ ਵਿਆਹ ਦੇ ਦਿਨ ਦੀ ਉਡੀਕ ਸੀ।ਜਦ ਵੀ ਕੋਈ ਰਿਸ਼ਤੇ ਦੀ ਗੱਲ ਚੱਲਦੀ ਤਾਂ ਉਹ ਇੱਕੋ ਗੱਲ ਆਖਦਾ ਕਿ ਉਹ ਤਾਂ ਬਾਹਰਲੀ ਕੁੜੀ ਨਾਲ ਹੀ ਵਿਆਹ ਕਰਵਾਏਗਾ। ਇਸ ਗੱਲ ਦੀ ਤਾਂ ਉਸ ਨੇ ਜ਼ਿੱਦ ਹੀ ਫੜ ਲਈ ਸੀ ਕਿ ਉਸ ਲਈ ਸਿਰਫ਼ ਬਾਹਰਲੀ ਕੁੜੀ ਦਾ ਰਿਸ਼ਤਾ ਹੀ ਲੱਭਿਆ ਜਾਵੇ।

ਹੁਣ ਸੰਦੀਪ ਦੀ ਪੋਸਟ ਗ੍ਰੈਜੂਏਸ਼ਨ ਮੁਕੰਮਲ ਹੋ ਚੁੱਕੀ ਸੀ।ਉਹ ਸਰਕਾਰੀ ਨੌਕਰੀ ਲਈ ਹੱਥ ਪੈਰ ਮਾਰਦਾ ਪਰ ਕਿਤੇ ਵੀ ਗੱਲ ਨਾ ਬਣਦੀ। ਪ੍ਰਾਈਵੇਟ ਨੌਕਰੀ ਕੋਈ ਢੰਗ ਦੀ ਨਹੀਂ ਮਿਲਦੀ ਸੀ। ਇੱਕ ਦਿਨ ਦੂਰ ਦੀ ਕਿਸੇ ਰਿਸ਼ਤੇਦਾਰੀ ਵਿੱਚ ਕੁੜੀ ਬਾਹਰੋਂ ਆਈ ਸੀ ਉਸ ਦਾ ਰਿਸ਼ਤਾ ਸੰਦੀਪ ਲਈ ਆਇਆ ਤਾਂ ਉਸ ਨੇ ਬਿਨਾਂ ਕੁਝ ਪੁੱਛੇ ਜਾਣੇ ਆਪਣੀ ਮਾਂ ਨੂੰ ਕਿਹਾ,”ਮੰਮੀ,ਜੇ ਇੱਥੇ ਗੱਲ ਬਣਦੀ ਹੈ ਤਾਂ ਮੇਰੇ ਵੱਲੋਂ ਹਾਂ ਹੀ ਸਮਝੋ।”

ਉਸ ਦੀ ਮਾਂ ਨੇ ਵਿਚੋਲਣ ਨੂੰ ਬੁਲਾ ਕੇ ਗੱਲ ਬਾਤ ਸ਼ੁਰੂ ਕੀਤੀ।ਕੁੜੀ ਤਾਂ ਬਹੁਤ ਸੋਹਣੀ ਸੀ ਪਰ ਸੰਦੀਪ ਨਾਲੋਂ ਉਮਰ ਵਿੱਚ ਵੱਡੀ ਲੱਗਦੀ ਸੀ।ਦੇਖ ਦਿਖਾਈ ਤੋਂ ਬਾਅਦ ਸ਼ਗਨ ਵੀ ਹੋ ਗਿਆ।ਦਸ ਦਿਨ ਦੇ ਅੰਦਰ-ਅੰਦਰ ਵਿਆਹ ਵੀ ਹੋ ਗਿਆ।ਸਾਰੇ ਬਹੁਤ ਹੀ ਖੁਸ਼ ਸਨ। ਬਾਹਰਲੀ ਕੁੜੀ ਨਾਲ ਵਿਆਹ ਹੁੰਦੇ ਸਾਰ ਸਾਰੇ ਬਾਹਰ ਜਾਣ ਦੇ ਸੁਪਨੇ ਵੇਖਣ ਲੱਗੇ। ਨਵੀਂ ਵਹੁਟੀ ਨੂੰ ਦੇਖ ਕੇ ਸਾਰੇ ਬਹੁਤ ਖੁਸ਼ ਸਨ ਪਰ ਉਸ ਦਾ ਨਖਰਾ ਬਹੁਤ ਉੱਚਾ ਸੀ।ਉਹ ਬਹੁਤਾ ਸਮਾਂ ਆਪਣੇ ਕਮਰੇ ਵਿੱਚ ਹੀ ਬੈਠੀ ਰਹਿੰਦੀ ਜਾਂ ਫਿਰ ਸ਼ਾਮ ਨੂੰ ਆਪਣੇ ਪਤੀ ਨਾਲ ਬਾਹਰ ਘੁੰਮਣ ਚਲੀ ਜਾਂਦੀ।

ਵਿਆਹ ਤੋਂ ਕੁਝ ਦਿਨ ਬਾਦ ਉਹ ਇੱਕ ਦਿਨ ਸੰਦੀਪ ਨਾਲ ਆਪਣੇ ਕਮਰੇ ਵਿੱਚ ਬੈਠੀ ਸੀ। ਉਸ ਦੀ ਸੱਸ ਨੇ ਰੋਟੀ ਫੜਾਉਣ ਲਈ ਦਰਵਾਜ਼ਾ ਖੜਕਾਇਆ ਤੇ ਰੋਟੀ ਦੀ ਥਾਲੀ ਲੈ ਕੇ ਅੰਦਰ ਆ ਗਈ। ਸੱਸ ਨੂੰ ਦੇਖਦੇ ਸਾਰ ਉਸ ਨੂੰ ਗੁੱਸਾ ਚੜ੍ਹ ਗਿਆ ਤੇ ਬੋਲੀ, “ਮੰਮੀ ਜੀ ਤੁਹਾਨੂੰ ਐਨੀ ਵੀ ਅਕਲ ਨਹੀਂ ਅਸੀਂ ਆਪਣੇ ਕਮਰੇ ਵਿਚ ਬੈਠੇ ਹਾਂ, ਤੁਸੀਂ ਮੂੰਹ ਚੁੱਕ ਕੇ ਸਾਡੇ ਕਮਰੇ ਵੱਲ ਆ ਗਏ ਹੋ, ਜੇ ਸਾਨੂੰ ਲੋੜ ਹੋਊਗੀ ਆਪੇ ਆ ਕੇ ਖਾ ਲਵਾਂਗੇ। ” ਨਹੋਰਾ ਮਾਰਦੇ ਹੋਏ ਬੋਲੀ, “ਐਨੀ ਅਕਲ ਵੀ ਨਹੀਂ ਇੰਡੀਆ ਦੇ ਲੋਕਾਂ ਨੂੰ।”

“ਨੀ ਧੀਏ ਮੈਂ ਸੋਚਿਆ ਭੁੱਖ ਲੱਗੀ ਹੋਊਗੀ, ਮੈਂ ….ਤਾਂ ਲੈ ਆਈ ਰੋਟੀ, ਨਾਲ਼ੇ ਸੰਦੀਪ ਨੂੰ ਤਾਂ ਐਸ ਵੇਲੇ ਨੂੰ ਭੁੱਖ ਲੱਗ ਜਾਂਦੀ ਆ।” ਸੰਦੀਪ ਦੀ ਮਾਂ ਨੇ ਕਿਹਾ।

“ਮੈਂ ਸੰਦੀਪ ਦੀ ਪਤਨੀ ਹਾਂ ਮੇਰੇ ਨਾਲੋਂ ਜ਼ਿਆਦਾ ਤੁਸੀਂ ਨਹੀਂ ਜਾਣਦੇ ਉਸਨੂੰ,” ਸੰਦੀਪ ਦੀ ਪਤਨੀ ਜੈਸਮੀਨ ਚੀਖ ਕੇ ਗੁੱਸੇ ਨਾਲ ਬੋਲੀ।
ਕੋਲ਼ ਬੈਠੇ ਸੰਦੀਪ ਨੇ ਆਪਣੀ ਪਤਨੀ ਨੂੰ ਠਰ੍ਹੰਮੇ ਨਾਲ ਕਿਹਾ,”ਜੈਸਮੀਨ, ਮੰਮੀ ਜੀ ਸਾਹਮਣੇ ਇਸ ਤਰ੍ਹਾਂ ਥੋੜ੍ਹੇ ਬੋਲੀਦਾ ਹੈ, ਉਹ ਵੱਡੇ ਹਨ, ਉਹ ਆਪਣੇ ਲਈ ਖਾਣਾ ਹੀ ਤਾਂ ਲੈ ਕੇ ਆਏ ਨੇ, ਇਹਦੇ ਵਿਚ ਏਨੀ ਨਾਰਾਜ਼ਗੀ ਵਾਲੀ ਕਿਹੜੀ ਗੱਲ ਹੈ?”

“ਤੁਸੀਂ ਵੀ ਮੈਨੂੰ ਮਾੜਾ ਬਣਾਉਣ ਲੱਗੇ ਹੋ , ਸੰਦੀਪ ਮੈਨੂੰ ਇਹ ਬਦਤਮੀਜ਼ੀਆਂ ਬਿਲਕੁਲ ਪਸੰਦ ਨਹੀਂ। ਤੂੰ ਆਪਣੀ ਮਾਂ ਦਾ ਪੱਖ ਲੈ ਰਿਹਾ ਹੈਂ?ਆਈ ਡੌਂਟ ਲਾਈਕ ਇਟ…….ਯੂ…..ਟਿਪੀਕਲ ਇੰਡੀਅਨ ਹਸਬੈਂਡ…..।” ਜੈਸਮੀਨ ਗੁੱਸੇ ਵਿੱਚ ਉੱਚੀ ਬੋਲੀ।

ਉੱਧਰੋਂ ਸੰਦੀਪ ਦੇ ਭਾਬੀ ਤੇ ਭਰਾ ਜੈਸਮੀਨ ਦੀ ਉੱਚੀ ਆਵਾਜ਼ ਸੁਣ ਕੇ ਭੱਜੇ ਆਏ ਤੇ ਕਾਰਨ ਪੁੱਛਣਾ ਚਾਹਿਆ।

ਸੰਦੀਪ ਤੇ ਉਸ ਦੀ ਮਾਂ ਗੱਲ ਤੇ ਪਰਦਾ ਪਾਉਣ ਲਈ ਇਕਦਮ ਇਕੱਠੇ ਬੋਲੇ,” ਕੁਛ ਨਹੀਂ… ਕੁਛ ਨਹੀਂ।”

ਜੈਸਮੀਨ ਵਿੱਚੋਂ ਟੋਕ ਕੇ ਬੋਲੀ ,”ਕੀ ਕੁਝ…. ਨਹੀਂ ,ਕੁਝ ਨਹੀਂ…. ਇਹ ਕੋਈ ਜ਼ਿੰਦਗੀ ਹੈ ….ਮੈਂ ਨਹੀਂ ਰਹਿ ਸਕਦੀ ਇਸ ਘਰ ਵਿੱਚ….. ਕੋਈ ਪ੍ਰਾਈਵੇਸੀ ਨਾਂ ਦੀ ਚੀਜ਼ ਹੀ ਨਹੀਂ……. ਇਹਨਾਂ ਦੀ ਕਸਰ ਸੀ ਆਉਣ ਦੀ…. ਇਹ ਘਰ ਨਹੀਂ ਚਿੜੀਆਘਰ ਹੈ।”

ਸੰਦੀਪ ਤੋਂ ਸਾਰਿਆਂ ਦੀ ਬੇਇੱਜ਼ਤੀ ਸਹਾਰੀ ਨਾ ਗਈ ਕਿਉਂਕਿ ਇਸ ਤਰ੍ਹਾਂ ਦੀ ਘਟਨਾ ਉਹਨਾਂ ਦੇ ਘਰ ਵਿੱਚ ਪਹਿਲੀ ਵਾਰ ਵਾਪਰ ਰਹੀ ਸੀ।ਉਹ ਆਪਣੇ ਆਪ ਨੂੰ ਪਤੀ ਦੇ ਹੱਕ ਨਾਲ ਉਸ ਨੂੰ ਚੁੱਪ ਕਰਾਉਣ ਲਈ ਇੱਕ ਦਮ ਉੱਚੀ ਬੋਲਿਆ,”ਜੈਸਮੀਨ….. ਚੁੱਪ ਕਰ ਜਾ।”

ਜੈਸਮੀਨ ਵਿਚੋਂ ਟੋਕ ਕੇ ਆਪਣੀ ਉਂਗਲ ਸੰਦੀਪ ਤੇ ਉਠਾ ਕੇ, ਇਕਦਮ ਬੋਲੀ ,”ਯੂ ਸ਼ੱਟ ਅੱਪ………. ਮੈਂ ਨਹੀਂ ਰਹਿ ਸਕਦੀ ਇਸ ਚਿੜੀਆਘਰ ਵਿੱਚ…. ਮੈਂ ਆਪਣੇ ਬਰਦਰ ਨੂੰ ਫੋਨ ਕਰਦੀ ਹਾਂ,” ਜੈਸਮੀਨ ਫੋਨ ਚੁੱਕ ਕੇ ਨੰਬਰ ਮਿਲਾਉਣ ਲੱਗੀ ਤਾਂ ਸੰਦੀਪ ਨੇ ਉਸ ਤੋਂ ਫੋਨ ਨਾ ਕਰਨ ਤੋਂ ਰੋਕਣ ਲਈ ਫੋਨ ਖੋਹਣ ਲੱਗਿਆ ਤਾਂ ਉਸ ਨੇ ਹੋਰ ਵੱਡੀ ਗੱਲ ਬਣਾ ਦਿੱਤੀ,” ਤੂੰ ਮੈਨੂੰ ਮਾਰ ਰਿਹਾਂ….?ਤੇਰੀ ਐਨੀ ਹਿੰਮਤ….. ਤੂੰ ਮੇਰੇ ਕੋਲੋਂ ਫੋਨ ਕਿਉਂ ਖੋਹਿਆ……..?” ਜੈਸਮੀਨ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ।
ਸੰਦੀਪ ਨੇ ਠੰਡਾ ਹੋ ਕੇ ਪਿਆਰ ਨਾਲ ਕਿਹਾ ,” ਜੈਸਮੀਨ…ਗੁੱਸਾ ਠੰਡਾ ਕਰ।”

ਸੰਦੀਪ ਦੀ ਮਾਂ ਬੋਲੀ,” ਧੀਏ ਘਰਾਂ ਵਿੱਚ ਤਾਂ ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ, ਪੇਕਿਆਂ ਨੂੰ ਥੋੜ੍ਹਾ ਦੱਸੀਦੀ ਆ ਨਿੱਕੀ ਨਿੱਕੀ ਗੱਲ…. ਮੈਂ ਤੈਨੂੰ ਸੌਰੀ ਕਹਿੰਦੀ ਆਂ।” ਕਹਿਕੇ ਉਹ ਉਸ ਨੂੰ ਲਾਡ ਨਾਲ ਜੱਫੀ ਵਿੱਚ ਲੈਣ ਲੱਗੀ ਤਾਂ ਉਸ ਨੇ ਮੰਮੀ ਦੀਆਂ ਬਾਹਾਂ ਗੁੱਸੇ ਨਾਲ ਪਰਾਂ ਪਟਕਾ ਮਾਰਿਆ।

ਸੰਦੀਪ ਦੇ ਭਰਾ- ਭਰਜਾਈ ਵੀ ਜੈਸਮੀਨ ਨੂੰ ਸਮਝਾਉਣ ਲਈ ਕੁਝ ਬੋਲਣ ਹੀ ਲੱਗੇ ਸੀ ਕਿ ਉਹ ਉਹਨਾਂ ਨੂੰ ਅੱਖਾਂ ਕੱਢ ਕੇ ਗੁੱਸੇ ਨਾਲ ਬੋਲੀ,” ਹੂ ਆਰ ਯੂ ਟੂ ਇੰਟਰਫੇਅਰ…..(ਤੁਸੀਂ ਕੌਣ ਹੋ ਦਖਲ ਦੇਣ ਵਾਲੇ)”….ਉਹ ਉਸੇ ਸਮੇਂ ਚੁੱਪ ਕਰ ਗਏ।

ਸੰਦੀਪ ਤੋਂ ਆਪਣਾ ਫੋਨ ਖੋਹ ਕੇ ਆਪਣੇ ਭਰਾਵਾਂ ਨੂੰ ਫ਼ੋਨ ਕਰ ਦਿੱਤਾ ਤੇ ਦੋ ਕੁ ਘੰਟੇ ਬਾਅਦ ਉਸ ਦੇ ਭਰਾ ਆ ਗਏ।ਉਹ ਬਲੈਕ ਕਮਾਂਡੋ ਵਾਂਗ ਫੂੰ ਫੂੰ ਕਰਦੇ ਦਗੜ ਦਗੜ ਕਰਦੇ ਅੰਦਰ ਆ ਵੜੇ।ਉਹ ਵੀ ਆਪਣੀ ਕੁੜੀ ਨੂੰ ਅਕਲ ਦੇਣ ਦੀ ਥਾਂ ਸੰਦੀਪ ਤੇ ਉਸ ਦੇ ਪਰਿਵਾਰ ਦੀ ਬੇਜ਼ਤੀ ਕਰਨ ਲੱਗੇ। ਜੋ ਅਬਾ ਤਬਾ ਬੋਲ ਸਕਦੇ ਸੀ ਉਹ ਬੋਲੇ। ਜੈਸਮੀਨ ਆਪਣਾ ਸਾਰਾ ਸਮਾਨ ਦੋ ਵੱਡੇ ਵੱਡੇ ਸੂਟ ਕੇਸਾਂ ਵਿੱਚ ਭਰ ਕੇ ਉਹਨਾਂ ਨਾਲ ਚਲੀ ਗਈ।

ਸੰਦੀਪ ਅਤੇ ਉਸ ਦੇ ਪਰਿਵਾਰ ਨੇ ਜੈਸਮੀਨ ਅਤੇ ਉਸ ਦੇ ਪਰਿਵਾਰ ਨੂੰ ਫੋਨ ਕਰ ਕਰ ਕੇ,ਬਚੋਲਿਆਂ ਨੂੰ ਭੇਜ ਕੇ , ਪੰਚਾਇਤ ਦੇ ਰਾਹੀਂ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿੱਥੇ….।

ਆਖਿਰ ਉਹ ਵਾਪਸ ਵਿਦੇਸ਼ ਵੀ ਚਲੀ ਗਈ। ਸੰਦੀਪ ਨੇ ਉਸ ਨੂੰ ਕਈ ਵਾਰ ਫੋਨ ਕੀਤਾ ਪਰ ਉਸ ਨੇ ਕਦੇ ਕੋਈ ਜਵਾਬ ਨਾ ਦਿੱਤਾ। ਸੰਦੀਪ ਦਾ ਇੱਕ ਦੋਸਤ ਜੋ ਉਸੇ ਦੇਸ਼ ਵਿੱਚ ਰਹਿੰਦਾ ਸੀ ਉਸ ਨੂੰ ਸਮਝੌਤਾ ਕਰਵਾਉਣ ਲਈ ਜੈਸਮੀਨ ਕੋਲ਼ ਜਾ ਕੇ ਗੱਲ ਕਰਨ ਲਈ ਕਿਹਾ ਤਾਂ ਸੰਦੀਪ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦ ਉਸ‌ ਨੇ ਦੱਸਿਆ ਕਿ ਉਹ ਤਾਂ ਪਹਿਲਾਂ ਹੀ ਤਿੰਨ ਸਾਲ ਤੋਂ ਉੱਥੇ ਕਿਸੇ ਹੋਰ ਮੁੰਡੇ ਨਾਲ ਰਹਿ ਰਹੀ ਸੀ ਉਹ ਮੁੰਡਾ ਉਸ ਦੇ ਨਾਲ ਹੀ ਨੌਕਰੀ ਕਰਦਾ ਹੈ।
ਉਸ ਦੇ ਪੇਕੇ ਪਰਿਵਾਰ ਵੱਲੋਂ ਸੰਦੀਪ ਅਤੇ ਉਸ ਦੇ ਸਾਰੇ ਪਰਿਵਾਰ ਉੱਪਰ ਦਾਜ ਲਈ ਤੰਗ ਕਰਨ ਅਤੇ ਕੁੜੀ ਨੂੰ ਕੁੱਟ ਮਾਰਕੇ ਘਰੋਂ ਕੱਢਣ,ਦਸ ਲੱਖ ਰੁਪਏ ਦਹੇਜ ਦੱਬਣ ਅਤੇ ਹੋਰ ਪਤਾ ਨਹੀਂ ਕੀ ਕੀ ਧਾਰਾਵਾਂ ਲਾ ਕੇ ਕੇਸ ਕਰ ਦਿੱਤਾ। ਸੰਦੀਪ,ਉਸ ਦੀ ਮਾਂ,ਭਰਾ , ਭਰਜਾਈ,ਭੈਣ , ਭਣੋਈਆ ਸਾਰਿਆਂ ਦੇ ਨਾਂ ਲਿਖਵਾ ਦਿੱਤੇ ਗਏ।

ਸੰਦੀਪ ਦੇ ਪਰਿਵਾਰ ਵੱਲੋਂ ਸਮਝੌਤਾ ਕਰਨ ਲਈ ਬਹੁਤ ਮਿੰਨਤਾਂ ਤਰਲੇ ਕੀਤੇ ਗਏ।ਪਰ ਸ਼ਰੀਫ਼ ਪਰਿਵਾਰ ਜਾਂ ਮੁੰਡੇ ਵਾਲੇ ਹੋਣ ਕਰਕੇ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ।ਦੋ ਸਾਲ ਕੇਸ ਚੱਲਣ ਤੋਂ ਬਾਅਦ ਕੋਰਟ ਨੇ ਸੰਦੀਪ ਨੂੰ ਕੁੜੀ ਵਾਲਿਆਂ ਨੂੰ ਦਹੇਜ ਦਾ ਦਸ ਲੱਖ ਰੁਪਏ ਦੇਣ ਅਤੇ ਸੰਦੀਪ ਅਤੇ ਉਸ ਦੇ ਮਾਂ-ਬਾਪ ਨੂੰ ਸੱਤ ਸਾਲ ਦੀ ਸਜ਼ਾ ਸੁਣਾ ਦਿੱਤੀ। ਸੰਦੀਪ ਕੋਰਟ ਵਿੱਚ ਖੜ੍ਹਾ ਖੜ੍ਹਾ ਆਪਣੇ ਪਰਿਵਾਰ ਦੇ ਸਾਰੇ ਜੀਆਂ ਦੇ ਪੈਰਾਂ ਵਿੱਚ ਡਿੱਗ ਕੇ ਧਾਹਾਂ ਮਾਰ ਮਾਰ ਕੇ ਉੱਚੀ ਉੱਚੀ ਰੋਣ ਲੱਗਿਆ ਤੇ ਕਹਿ ਰਿਹਾ ਸੀ,” ਮੈਨੂੰ ਸਾਰੇ ਮਾਫ਼ ਕਰ ਦਿਓ… ਤੁਹਾਨੂੰ ਮੇਰੀ ਨਿੱਕੀ ਜਿਹੀ ਜ਼ਿੱਦ ਦੀ ਸਜ਼ਾ ਮਿਲ ਰਹੀ ਹੈ,ਉਸ ਦਾਜ ਦੀ ਸਜ਼ਾ ਜੋ ਨਾ ਲਿਆ ਹੈ ਤੇ ਨਾ ਕਦੇ ਮੰਗਿਆ ਹੈ। ਮੈਨੂੰ ਨਹੀਂ ਚਾਹੀਦੀ ਇਹੋ ਜਿਹੀ ਬਾਹਰਲੀ ਕੁੜੀ……..।”

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleModi to speak to Putin, India concerned party in Russia-Ukraine conflict: Shringla
Next articleਚੋਣਾਂ ਦੌਰਾਨ ਨਸ਼ੇ ਅਤੇ ਨੋਟ ਵੰਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਾ ਹੋਣ ਤੋਂ ਨਿਰਾਸ਼ ਹਾਂ- ਜਥੇਦਾਰ ਖੋਜੇਵਾਲ