ਸਾਡਾ ਪੰਜਾਬੀ ਅਮੀਰ ਵਿਰਸਾ

(ਸਮਾਜ ਵੀਕਲੀ)

ਨਾਨਕਾ ਮੇਲ 1960-70 ਪਹਿਲੇ ਵਟਣੇ ਤੋਂ ਅਗਲੇ ਦਿਨ, ਜਾਣੀ ਵਿਆਹ ਤੋਂ ਠੀਕ ਦੋ ਦਿਨ ਪਹਿਲਾ ਮਹਿਮਾਨ ਆਉਣੇ ਸ਼ੁਰੂ ਹੋ ਜਾਂਦੇ ਸਨ । ਸਭ ਤੋਂ ਜਿਆਦਾ ਚਾਅ ਨਾਨਕਾ ਮੇਲ ਆਉਣ ਦਾ ਹੀ ਹੁੰਦਾ ਸੀ । ਨਾਨਕੇ ਮੇਲ ਵਿੱਚ ਵਿਆਂਹਦੜ ਦੀ ਮਾਤਾ ਜੀ ਦਾ ਪੂਰਾ ਪੇਕੇ ਪਿੰਡ ਆਉਦਾ ਸੀ । ਨਾਨਕਾ ਮੇਲ ਪਿੰਡ ਤੇ ਵਸੀਵੇ ਤੋਂ ਗਾਉਦਾ ਤੇ ਨੱਚਦਾ ਆਉਦਾ ਹੁੰਦਾ ਸੀ । ਜਦੋਂ ਗੱਡੀਆਂ ਨਹੀਂ ਸਨ ਤਾਂ ਰੇਹੜੀ ਅਤੇ ਗੱਡੇ ਤੇ ਬੈਠ ਕੇ ਨਾਨਕਾ ਮੇਲ ਆਉਦਾ ਸੀ । ਬਲਦਾਂ ਤੇ ਖ਼ਾਸ ਫੁਲਕਾਰੀਆ ਝੁੱਲਾ ਦੇ ਰੂਪ ਵਿੱਚ ਦਿੱਤੀਆਂ ਹੁੰਦੀਆਂ ਸਨ ਤਾਂ ਜੋ ਪਤਾ ਲੱਗ ਸਕੇ ਅਸੀਂ ਨਾਨਕਾ ਮੇਲ ਲੈਕੇ ਚੱਲੇ ਹਾਂ । ਬਲਦਾਂ ਦੇ ਗਲਾ ਵਿੱਚ ਘੁੰਗਰੂ ਪਾਏ ਜਾਂਦੇ ਸਨ ਤਾਂ ਜੋ ਸ਼ਣ ਸ਼ਣ ਦੀ ਅਵਾਜ਼ ਉੱਚੀ ਹੋਵੇ ।

ਮਾਮੇ-ਮਾਮੀ ਨੇ ਹੱਥ ਫ਼ੜਿਆ ਹੁੰਦਾ ਸੀ ਤਾਂ ਜੋ ਪਤਾ ਲੱਗ ਸਕੇ ਕਿ ਇਹ ਜੋੜੀ ਜ਼ਿਆਦਾ ਖਾਸ ਹੈ। ਵਿਆਂਹਦੜ ਦੀ ਮਾਤਾ ਆਪਣੇ ਪੇਕਿਆਂ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੀ ਸੀ । ਉਹ ਉਹਨਾਂ ਨੂੰ ਸ਼ਗਨ ਕਰਕੇ ਗਲ਼ਵੱਕੜੀ ਪਾ ਕੇ ਮਿਲਦੀ ਸੀ । ਵਿਆਂਹਦੜ ਦੀ ਮਾਤਾ ਪੇਕੇ ਪਿੰਡ ਤੋਂ ਆਇਆ ਭਰਜਾਈਆਂ ਦੇ ਪੱਲੇ ਵਿੱਚ ਸ਼ਗਨ ਵਿੱਚ ਠੂਠੀ , ਗੁਲਗੁਲੇ , ਚਾਵਲ , ਗੂੜ੍ਹ ਅਤੇ ਪੈਸੇ ਪਾਕੇ ਅੰਦਰ ਵਾੜਦੀ ਸੀ । ਇਸ ਰਸਮ ਵੇਲੇ ਨਾਨਕੇ ਦਾਦਕੇ ਇਕ ਦੂਜੇ ਨੂੰ ਸੁਹਾਗ ਦੇ ਗੀਤਾਂ ਵਿੱਚ ਤਾਨੇ ਮਿਹਣੇ ਵੀ ਦਿੰਦੇ ਹੁੰਦੇ ਸਨ. ਸ਼ਾਮ ਵੇਲੇ ਨਾਨਕੀ ਛੱਕ ਰੱਖੀ ਜਾਂਦੀ ਜਾਂਦੀ ਸੀ ।

ਜਿਸ ਵਿੱਚ ਵਿਆਂਹਦੜ ਦੇ ਨਾਨਕੇ ਬਿਸਤਰੇ , ਪਲੰਘ , ਬਰਤਨ , ਕੱਪੜੇ ਅਤੇ ਗਹਿਣੇ ਅਤੇ ਪੈਸੇ ਰੱਖਦੇ ਸਨ । ਵਿਆਦੜ ਦਾ ਪਿਤਾ ਪੰਚਾਇਤ ਦੀ ਮਨਜ਼ੂਰੀ ਨਾਲ ਇਹ ਸਾਰਾ ਸਮਾਨ ਆਪਣੀ ਝੋਲੀ ਪਵਾਕੇ ਮੱਥਾ ਟੇਕਦਾ ਸੀ ।ਨਾਨਕਿਆਂ ਤੋਂ ਬਾਅਦ ਮਾਸੀ , ਭੂਆ , ਚਾਚਾ , ਤਾਇਆ ਅਤੇ ਹੋਰ ਖਾਸ ਰਿਸ਼ਤੇਦਾਰ ਆਪਣਾ ਤੋਹਫ਼ਾ ਰੱਖਦੇ ਸਨ । ਪਿੰਡ ਦੀ ਪੰਚਾਇਤ ਸਾਰਾ ਸਮਾਨ ਲਿਖਦੀ ਹੁੰਦੀ ਸੀ । ਨਾਨਕੀ ਛੱਕ ਵਿੱਚ ਆਏ ਪਤਵੰਤੇ ਸੱਜਣ ਵਿਆਂਹਦੜ ਦੇ ਪਿਤਾ ਦੀ ਭਾਵ ਆਪਣੇ ਜਵਾਈ ਦੀ ਸਿਫਤ ਸਲਾਹ ਕਰਦੇ ਹੁੰਦੇ ਸਨ ।

ਪਿੰਡ ਦੀ ਪੰਚਾਇਤ ਵਿੱਚ ਬੈਠੇ ਪਤਵੰਤੇ ਸੱਜਣ ਵਿਆਂਹਦੜ ਦੀ ਮਾਤਾ ਜੀ ਦੀ ਸਿਫਤ ਸਲਾਹ ਨਾਨਕੀ ਛੱਕ ਵਾਲੀਆਂ ਨੂੰ ਸੁਣਾਉਂਦੇ ਹੁੰਦੇ ਸਨ ਤਾਂ ਜੋ ਉਹਨਾਂ ਨੂੰ ਆਪਣੀ ਧੀ ਦੀ ਵਿਲੱਖਣਤਾ ਜਾਣ ਕੇ ਖੁਸ਼ੀ ਹੋਵੇ । ਇਸ ਤਰਾਂ ਵਿਆਂਹਦੜ ਦੇ ਨਾਨਕੇ-ਦਾਦਕੇ ਆਪਸ ਵਿੱਚ ਬਹੁਤ ਪਿਆਰ ਸਤਿਕਾਰ ਨਾਲ ਰਸਮਾ ਨਿਭਾਉਦੇ ਸਨ । ਨਾਨਕਿਆਂ ਵਲੋਂ ਪਿੰਡ ਦੇ ਸਰਪੰਚ ਨੂੰ ਅਤੇ ਲੰਬੜਦਾਰ ਨੂੰ ਪਗੜੀ ਦੇ ਕੇ ਸਨਮਾਨ ਦਿੱਤਾ ਜਾਂਦਾ ਸੀ । ਨਾਨਕਿਆਂ ਵਲੋਂ ਨਾਈ ਨੂੰ ਸ਼ਗਨ ਕਰਾਈ ਦੇ ਕੱਪੜੇ ਸ਼ਗਨ ਦੇ ਰੂਪ ਵਿੱਚ ਦਿੱਤੇ ਜਾਂਦੇ ਸਨ । ਏਸੇ ਤਰਾਂ ਝੀਰ ਨੂੰ ਜੂਠ ਧੁਆਈ ਦੇ ਕੱਪੜੇ ਸ਼ਗਨ ਦੇ ਰੂਪ ਵਿੱਚ ਦਿੱਤੇ ਜਾਂਦੇ ਸਨ ।

ਨਾਨਕੇ ਮੇਲ ਦਾ ਗੀਤ
ਵਿਆਂਹਦੜ ਦੇ ਨਾਨਕੇ ਪਰਿਵਾਰ ਵੱਲੋਂ ਗਾਈਆਂ ਜਾਣ ਵਾਲਾ ਗੀਤ
ਨਾਨਕਿਆਂ ਵੱਲੋਂ
ਅੰਦਰੋਂ ਨਿਕਲ ਸ਼ਿੰਦਰੇ ਨੀ ਪੇਕੇ ਤੇਰੇ ਆਏ
ਭਾਈ ਤਾਂ ਤੇਰੇ ਅੰਮਾ ਦੇ ਜਾਏ ਨੀ
ਨਾਲ ਸੋਹਣੀਆਂ ਭਰਜਾਈਆਂ ਲਿਆਏ !

ਦਾਦਕਿਆਂ ਵੱਲੋਂ
ਨਾਨਕੇ ਆਏ ਨੇ ਜੀ , ਨਾਨਕੇ ਆਏ ਨੀ
ਕੀ ਕੁਝ ਲਿਆਏ ਨੇ ਜੀ, ਕੀ ਕੁਝ ਲਿਆਏ ਨੇ ਜੀ,
ਮੈਨੂੰ ਦੱਸਦੀ ਨੂੰ ਆਉਣ ਸੰਗਾਂ
ਮਾਮੇ ਲਿਆਏ ਬੋਕ ਦੀਆਂ ਟੰਗਾਂ
ਨੀ ਵਿੱਚ ਸ਼ਰੀਕੇ ਦੇ
ਭੋਰਾ ਭੋਰਾ ਵੰਡਾ, ਨੀ ਨੀ ਵਿੱਚ ਸ਼ਰੀਕੇ ਦੇ ।

ਨਾਨਕਿਆਂ ਵੱਲੋਂ 
ਫੁੱਲਾਂ ਭਰੀ ਚੰਗੇਰ ਇਕ ਫੁੱਲ ਤੋਰੀ ਦਾ,
ਇਸ ਵੇਲੇ ਜ਼ਰੂਰ, ਮਾਮਾ ਲੋੜੀਂਦਾ !
ਫੁੱਲਾਂ ਭਰੀ ਚੰਗੇਰ ਇਕ ਫੁੱਲ ਤੋਰੀ ਦਾ,
ਇਸ ਵੇਲੇ ਜਰੂਰ, ਮਾਸੜ ਲੋੜੀਂਦਾ ! 

ਦਾਦਕੇ ਪਰਿਵਾਰ ਵੱਲੋਂ 
ਫੁੱਲਾਂ ਭਰੀ ਚੰਗੇਰ ਇਕ ਫੁੱਲ ਤੋਰੀ ਦਾ,
ਇਸ ਵੇਲੇ ਜਰੂਰ, ਚਾਚਾ ਲੋੜੀਂਦਾ ! 
ਫੁੱਲਾਂ ਭਰੀ ਚੰਗੇਰ ਇਕ ਫੁੱਲ ਤੋਰੀ ਦਾ,
ਇਸ ਵੇਲੇ ਜਰੂਰ, ਤਾਇਆ ਲੋੜੀਂਦਾ !

ਨਾਨਕਿਆਂ
ਕਿੱਧਰ ਗਈਆਂ ਨੀ ਚੰਨੀ ਤੇਰੀਆਂ ਦਾਦਕਿਆਂ
ਖਾਧੇ ਸੀ ਲੱਡੂ, ਜੰਮੇ ਸੀ ਡੱਡੂ
ਹੁਣ ਛੱਪੜਾਂ ਤੇ ਗਈਆਂ ਨੀ ਚੰਨੀ ਤੇਰੀਆਂ ਦਾਦਕਿਆਂ !

ਦਾਦਕਿਆਂ
ਕਿੱਧਰ ਗਈਆਂ ਨੀ ਚੰਨੀ ਤੇਰੀਆਂ ਨਾਨਕਿਆਂ
ਖਾਧੇ ਪਕੌੜੇ, ਜੰਮੇ ਸੀ ਜੌੜੇ
ਹੁਣ ਜੌੜੇ ਖਿਡਾਉਣ ਗਈਆਂ ਨੀ ਚੰਨੀ ਤੇਰੀਆਂ ਨਾਨਕਿਆਂ !

ਇਸੇ ਤਰਾਂ ਨਾਨਕਿਆਂ- ਦਾਦਕਿਆਂ ਇੱਕ ਦੂਜੇ ਨੂੰ ਤਾਹਨੇ ਮਿਹਣੇ ਦਿੰਦੀਆਂ ਤੇ ਨੱਚ ਗਾ ਕੇ ਪੂਰੀ ਧਮਾਲ ਪਾਉਦੀੰਆਂ ਸਨ । ਇਹਨਾਂ ਦੇ ਗਾਉਣ ਦੀ ਅਵਾਜ਼ ਇੰਨੀ ਉੱਚੀ ਹੁੰਦੀ ਸੀ ਕਿ ਨਾਲ ਦੇ ਪਿੰਡਾਂ ਤੱਕ ਵੀ ਅਵਾਜ਼ ਸੁਣ ਜਾਂਦੀ ਸੀ ।

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਲਾ ਰੰਗ
Next articleਖ਼ਤਰਨਾਕ