ਸਾਡਾ ਪੰਜਾਬ

(ਸਮਾਜ ਵੀਕਲੀ)

ਮੈਂ ਤੁਹਾਡਾ ਆਪਣਾ ਪਿਆਰਾ, ਰੰਗਲਾ, ਤੇ ਸਦਾ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਪੰਜਾਬ ਹਾਂ। ਜਦੋਂ ਵੀ ਦੇਸ਼ ‘ਤੇ ਮੁਸੀਬਤਾਂ ਦੇ ਪਹਾੜ ਟੁੱਟਦੇ ਹਨ ਤਾਂ ਆਸਵੰਦ ਅੱਖਾਂ ਨਾਲ ਪੰਜਾਬ ਵੱਲ ਹੀ ਵੇਖਿਆ ਜਾਂਦਾ ਹੈ। ਮੇਰੇ ਲੰਮੇ ਚੌੜੇ ਇਤਿਹਾਸ ਨੂੰ ਸੀਮਤ ਕਰਨ ਵਾਲੇ ਰਜਵਾੜੇ ਕੀ ਜਾਨਣ ਮੇਰਾ ਦਰਦ? ਮੈਨੂੰ ਹਮੇਸ਼ਾ ਮੇਰੇ ਆਪਣਿਆਂ ਤੋਂ ਹੀ ਦੂਰ ਕੀਤਾ ਗਿਆ। ਹਰ ਵਾਰ ਮੈਨੂੰ ਹੀ ਵੰਡਿਆਂ ਗਿਆ। ਮੇਰੇ ਹੀ ਟੋਟੇ ਕੀਤੇ ਗਏ। ਮੈਨੂੰ ਹੀ ਉਜਾੜਿਆ, ਵੱਢਿਆ ਅਤੇ ਟੁਕਿਆ ਗਿਆ।

ਵੰਡ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਉਜਾੜੇ ਵਿਚੋਂ ਇਕ ਦਰਦਨਾਕ ਅਤੇ ਅਸਹਿ ਪੀੜ੍ਹਾਂ ਹੈ, ਜਿਸ ਨਾਲ ਮੇਰੇ ਲੱਖਾਂ ਪਰਿਵਾਰਾਂ ਨੂੰ ਆਪਣੇ ਜੱਦੀ ਪਿੰਡਾਂ ਅਤੇ ਸ਼ਹਿਰਾਂ ਨੂੰ ਅਲਵਿਦਾ ਕਹਿਣ ਅਤੇ ਸ਼ਰਨਾਰਥੀਆਂ ਵਜੋਂ ਨਵੀਂ ਜ਼ਿੰਦਗੀ ਜਿਊਣ ਲਈ ਮਜ਼ਬੂਰ ਕੀਤਾ ਗਿਆ। ਪਰ ਦੇਸ਼ ਦੀ ਵੰਡ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਕ ਸ਼ੁਕਰਗੁਜ਼ਾਰ ਕੌਮ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਮਾਤ- ਭੂਮੀ ਦੇ ਉਨ੍ਹਾਂ ਪੁੱਤਰਾਂ ਅਤੇ ਧੀਆਂ ਨੂੰ ਵੀ ਸਲਾਮ ਕਰਦੀ ਹੈ, ਜਿਨ੍ਹਾਂ ਨੂੰ ਹਿੰਸਾ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ। ਘਰ ਬਾਹਰ, ਕਾਰੋਬਾਰ ਅਤੇ ਹੱਸਦੇ ਵੱਸਦੇ ਪਰਿਵਾਰਾਂ ਦਾ ਉਜਾੜਾ ਸਹਿਣਾ ਪਿਆ।

15 ਅਗਸਤ 1947 ਦੀ ਸਵੇਰ ਨੂੰ, ਲੋਕ ਰੇਲਾਂ, ਘੋੜਿਆਂ, ਖੱਚਰਾਂ ਅਤੇ ਪੈਦਲ ਹੀ ਆਪਣੀ ਮਾਤ ਭੂਮੀ ਤੋਂ ਉਜੜ ਕੇ ਇਕ-ਦੂਜੇ ਦੇ ਦੁਸ਼ਮਣ ਬਣ ਗਏ ਸਨ। ਮੇਰੇ ਲੱਖਾਂ ਲੋਕ ਆਪਣੇ ਜੱਦੀ ਪੁਸ਼ਤੀ ਘਰ ਛੱਡਣ ਦਾ ਦਰਦ ਅਤੇ ਉਹ ਰਸਤੇ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਗੁਆਉਣ ਜਾਂ ਫਿਰਕੇ ਦੀ ਅੱਗ ਵਿਚ ਸੜ ਜਾਣ ਦੇ ਦਰਦ ਵਿਚ ਆਸਰਾ ਲੱਭ ਰਹੇ ਸਨ। ਵੰਡ ਵੇਲੇ ਬਹੁਤ ਦੰਗੇ ਹੋਏ ਅਤੇ ਲੱਖਾਂ ਲੋਕ ਇਸ ਹਿੰਸਾ ਵਿਚ ਫੂਕੇ ਅਤੇ‌ਮਾਰੇ ਗਏ।

ਇਸ ਦਰਦ ਨੂੰ ਬਿਆਨ ਕਰਦਿਆਂ ਮੇਰੀ ਇੱਕ ਸਹੇਲੀ ਨੇ ਦੱਸਿਆਂ ਕਿ ਉਸ ਦੇ ਪੁਰਖੇ ਦੱਸਦੇ ਹਨ ਕਿ ਜਦੋਂ ਉਹ ਪਾਕਿਸਤਾਨ ਛੱਡ ਕੇ ਇਧਰ ਆਉਣ ਲੱਗੇ, ਤਾਂ ਘਰ ਦੀਆਂ ਔਰਤਾਂ ਦੀ ਬੇਪੱਤੀ ਦੇ ਡਰ ਕਾਰਨ ਸਭ ਨਿੱਕੀਆਂ ਵੱਡੀਆਂ ਔਰਤ ਜ਼ਾਤ ਨਾਲ ਸਬੰਧਤ ਨੂੰ ਇੱਕ ਲਾਈਨ ਵਿੱਚ ਖੜ੍ਹਾ ਕਰਕੇ ਗੋਲੀਆਂ ਮਾਰ ਕੇ ਆਏ ਸਨ। ਸੁਣ ਕੇ ਧਾਹਾਂ ਨਿਕਲਦੀਆਂ ਹਨ। ਇਹ ਸੌੜੀ ਸੋਚ ਦਾ ਹੀ ਪ੍ਰਮਾਣ ਹੈ । ਹਮੇਸ਼ਾ ਹਰ ਲੜਾਈ, ਹਰ ਵੰਡ ਔਰਤ ਦੀ ਇੱਜ਼ਤ ਨਾਲ ਹੀ ਕਿਉਂ ਜੁੜਦੀ ਹੈ?

1 ਨਵੰਬਰ ਨੂੰ ਆਧੁਨਿਕ ਪੰਜਾਬ ਦਿਵਸ ਤੇ ਤੌਰ ਤੇ ਜਾਣਿਆ ਜਾਂਦਾ ਹੈ ਕਿਉਂਕਿ ਆਧੁਨਿਕ ਪੰਜਾਬ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ। ਪੰਜਾਬ ਨੇ ਆਪਣੇ ਇਤਿਹਾਸ ਦੇ ਪੰਨ੍ਹਿਆਂ ਤੇ ਬੜ੍ਹੇ ਹੀ ਦਰਦਨਾਕ ਵਰਣਨ ਉਕੜੇ ਹਨ, ਜਿਨ੍ਹਾਂ ਦਾ ਜ਼ਿਕਰ ਹੁੰਦਿਆਂ ਹੀ ਅੱਖਾਂ ਨਮ ਹੋ ਜਾਂਦੀਆਂ ਹਨ। ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੜਾਈਆਂ ਦੇ ਸਾਏ ਹੇਠ ਜ਼ਿੰਦਗੀ ਗੁਜ਼ਾਰਣੀ ਪਈ ਕਿਉਂਕਿ ਪੰਜਾਬ ਨੂੰ ਯੂਨਾਨੀਆਂ, ਮੱਧ ਏਸ਼ੀਆਈਆਂ,ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼ ਦੁਆਰ ਦੇ ਰੂਪ ਵਿੱਚ ਜਾਣਿਆ ਜਾਂਦਾ ਰਿਹਾ ਹੈ, ਇਸੇ ਰਸਤੇ ਹੀ ਬਹੁਤ ਹਮਲਾਵਰ ਭਾਰਤ ਵਿੱਚ ਦਾਖ਼ਲ ਹੋਏ।

ਭਾਰਤ ਦੀ ਵੰਡ ਨੇ ਪੰਜਾਬ ਦੀ ਹਿੱਕ ਚੀਰ ਕੇ ਰੱਖ ਦਿੱਤੀ, ਕਿਉਂਕਿ ਪੰਜਾਬ ਦੇ ਦੋ ਟੋਟੇ ਹੋ ਗਏ ਪੰਜਾਬ ਦਾ ਇੱਕ ਹਿੱਸਾ ਭਾਵ ਲਹਿੰਦਾ ਪੰਜਾਬ ਪਾਕਿਸਤਾਨ ਵਿੱਚ ਅਤੇ ਦੂਜਾ ਹਿੱਸਾ ਭਾਵ ਚੜ੍ਹਦਾ ਪੰਜਾਬ ਭਾਰਤ ਵਿੱਚ ਵੰਡਿਆ ਗਿਆ। ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ ਅਤੇ ਆਬ ਦੇ ਸੁਮੇਲ ਨਾਲ ਬਣਿਆ, ਜਿਸ ਤੋਂ ਭਾਵ ਪੰਜ ਪਾਣੀ। ਇਸ ਦਾ ਸ਼ਾਬਦਿਕ ਅਰਥ ਹੈ ਪੰਜ ਪਾਣੀਆਂ ਜਾਂ ਦਰਿਆਵਾਂ ਦੀ ਧਰਤੀ।ਇਹਨਾਂ ਪੰਜ ਦਰਿਆਵਾਂ ਵਿੱਚ ਸਤਲੁਜ, ਬਿਆਸ, ਰਾਵੀ, ਚਨਾਬ ਜਾਂ ਝਨਾਂ ਅਤੇ ਜਿਹਲਮ ਸ਼ਾਮਲ ਹਨ। ਭਾਰਤ ਵੰਡ ਸਮੇਂ ਚਨਾਬ ਅਤੇ ਜਿਹਲਮ ਪਾਕਿਸਤਾਨੀ ਪੰਜਾਬ ਕੋਲ ਅਤੇ ਭਾਰਤੀ ਪੰਜਾਬ ਕੋਲ ਸਤਲੁਜ, ਬਿਆਸ ਅਤੇ ਰਾਵੀ ਰਹਿ ਗਏ।

ਮੈਂ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ : ਜੋ ਕਦੇ ਦਿੱਲੀ ਤੋਂ ਕਾਬਲ ਕੰਧਾਰ ਤੱਕ ਫੈਲਿਆ ਹੋਇਆ ਸੀ। ਅੱਜ ਮੇਰੇ ਇੰਨੇ ਟੋਟੇ ਹੋ ਗਏ ਹਨ, ਕਿ ਮੈਂ ਸਪਤ ਸਿੰਧੂ ਤੋਂ ਪੰਜ ਆਬ ਬਣਿਆ ਅਤੇ ਫਿਰ ਢਾਈ ਆਬਾ ਦਾ ਸੀਮਤ ਪੰਜਾਬ ਹੋ ਕੇ ਰਹਿ ਗਿਆ। 1 ਨਵਬੰਰ 1966 ਨੂੰ ਪੰਜਾਬੀ ਬਹੁ ਗਿਣਤੀ ਪੰਜਾਬ ਰਾਜ, ਹਿੰਦੀ ਬਹੁ ਗਿਣਤੀ ਹਰਿਆਣਾ ਰਾਜ ਅਤੇ ਸੰਘੀ ਖੇਤਰ ਚੰਡੀਗੜ੍ਹ ਦਾ ਗਠਨ ਹੋਇਆ ਅਤੇ ਪੂਰਬੀ ਪੰਜਾਬ ਦੇ ਕੁਝ ਪਹਾੜੀ ਬਹੁ ਗਿਣਤੀ ਹਿੱਸੇ ਹਿਮਾਚਲ ਪ੍ਰਦੇਸ਼ ਨਾਲ ਮਿਲਾ ਦਿੱਤੇ ਗਏ।

ਖ਼ੈਰ! ਵਕਤ ਬੜਾ ਬਲਵਾਨ ਹੁੰਦਾ ਹੈ ਅਤੇ ਸਮੇਂ ਦੇ ਨਾਲ-ਨਾਲ ਸਾਰੇ ਜ਼ਖ਼ਮ ਤਾਂ ਭਰ ਜਾਂਦੇ ਹਨ ,ਪਰ ਜ਼ਖ਼ਮਾਂ ਦੇ ਦਾਗ਼ ਹਮੇਸ਼ਾਂ ਲਈ ਰਹਿ ਜਾਂਦੇ ਹਨ, ਜੋ ਅਸਹਿ ਚੀਸ ਬਣ ਕੇ ਰੜਕਦੇ ਹਨ। ਅਜਿਹੇ ਹੀ ਅਨੇਕਾਂ ਦਾਗ਼ ਹਨ ਜੋ ਮੇਰੀ ਹਿੱਕ ‘ਤੇ ਰੜਕਦੇ ਰਹਿਣਗੇ।

ਮੈਂ ਹਮੇਸ਼ਾ ਬਾਬਾ ਨਾਨਕ ਜੀ ਦੀ ਸੱਚੀ ਕਿਰਤ, ਨਾਮ ਜਪਣ ਅਤੇ ਵੰਡ ਛੱਕਣ ਵਿੱਚ ਯਕੀਨ ਰੱਖਣ ਵਾਲਾ, ਸਭ ਤਰ੍ਹਾਂ ਦੇ ਹਲਾਤਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਆਸਵੰਦ ,ਚਲਦੇ ਰਹਿਣ ਵਾਲਾ, ਸਭ ਦੇ ਦਿਲਾਂ ਵਿੱਚ ਅਮਿਟ ਛਾਪ ਛੱਡਣ ਵਾਲਾ ਤੁਹਾਡਾ ਆਪਣਾ ਪੰਜਾਬ ਹਾਂ। ਮੈਨੂੰ ਤੁਹਾਡੇ ਸੱਚੇ ਪੰਜਾਬੀ ਹੋਣ‌ ‘ਤੇ ਮਾਣ ਰਹੇਗਾ। ਮੇਰਾ ਸਾਥ ਦਿੰਦੇ ਰਹਿਣ , ਸਦਾ ਖੁਸ਼ ਵੱਸੋਂ ਮੇਰੇ ਦੇਸ਼ ਪੰਜਾਬ ਵਾਸੀਓ।

ਪਰਵੀਨ ਕੌਰ ਸਿੱਧੂ
8146536200

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕਵਿਤਾ