ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਕਮੇਟੀ ਦੇ ਆਗੂਆਂ ਵੱਲੋਂ ਬੀਤੇ ਦੋ ਸਾਲ ਦੇ ਕਾਰਜਾਂ ਦੇ ਆਸਰੇ ਹੀ ਵਿਰੋਧੀ ਧਿਰਾਂ ਦੇ ਹੱਲਿਆਂ ਤੋਂ ਪਾਰ ਪਾਉਣ ਦੀ ਨੀਤੀ ਉਲੀਕ ਲਈ ਗਈ ਹੈ। ਚੋਣ ਪ੍ਰਚਾਰ ਦਾ ਬਹੁਤਾ ਦਾਰੋਮਦਾਰ ਮਨਜਿੰਦਰ ਸਿੰਘ ਸਿਰਸਾ ਉੱਪਰ ਹੀ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਦਾ ਇਤਿਹਾਸ 50 ਸਾਲ ਦਾ ਰਿਹਾ ਹੈ ਪਰ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਮੌਜੂਦਾ ਟੀਮ ਨੇ ਜੋ ਕੰਮ ਕੀਤਾ ਹੈ, ਉਸ ਸਦਕਾ ਦੁਨੀਆਂ ਪਰ ਵਿਚ ਸਿੱਖਾਂ ਦਾ ਪਰਚਮ ਸਭ ਤੋਂ ਉੱਚਾ ਝੁਲਾਇਆ ਹੈ। ਚੋਣ ਮੁਹਿੰਮ ਦੌਰਾਨ ਵੱਖ ਵੱਖ ਇਲਾਕਿਆਂ ਵਿਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਪ੍ਰਸ਼ਾਸਨ ਤੰਗ ਪ੍ਰੇਸ਼ਾਨ ਕਰਨ ਤੋਂ ਘਬਰਾਉਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਭਾਵੇਂ ਦੇਸ਼ ਹੋਵੇ ਜਾਂ ਵਿਦੇਸ਼ ਦਿੱਲੀ ਕਮੇਟੀ ਦੀ ਟੀਮ ਨੇ ਤੁਰੰਤ ਪਹੁੰਚ ਜਾਣਾ ਹੈ।
ਉਨ੍ਹਾਂ ਕਿਹਾ, ‘‘ਸਾਡਾ ਟੀਚਾ ਸਿਰਫ਼ ਤੇ ਸਿਰਫ਼ ਹਾਂ-ਪੱਖੀ ਕੰਮ ਕਰਨਾ ਹੈ ਤੇ ਇਹੀ ਅਸੀਂ ਦੋ ਸਾਲਾਂ ਵਿਚ ਕੀਤਾ ਹੈ’’। ਉਨ੍ਹਾਂ ਕਿਹਾ ਕਿ ਇਕ ਪਾਸੇ ਦੋ ਸਾਲਾਂ ਦੀਆਂ ਕਰੋਨਾ ਕਾਲ ਦੇ ਸੰਕਟ ਵਿੱਚੋਂ ਲੰਘਦਿਆਂ ਦੀਆਂ ਪ੍ਰਾਪਤੀਆਂ ਹਨ ਤੇ ਦੂਜੇ ਪਾਸੇ 12 ਸਾਲ ਤੇ 6 ਸਾਲ ਪ੍ਰਧਾਨ ਰਹਿਣ ਵਾਲਿਆਂ ਦਾ ਕਾਰਜਕਾਲ ਹੈ ਜਿਨ੍ਹਾਂ ਨੇ ਕਦੇ ਕੌਮ ਦੀ ਭਲਾਈ ਤੇ ਬਿਹਤਰੀ ਵਾਸਤੇ ਕੁਝ ਨਹੀਂ ਸੀ ਸੋਚਿਆ।
ਇਸ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਸਿਰਫ਼ ਕੂੜ ਪ੍ਰਚਾਰ ਦੇ ਸਹਾਰੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ 400 ਬੈੱਡਾਂ ਦੇ ਕਰੋਨਾ ਕੇਅਰ ਸੈਂਟਰ ਦਾ ਵਿਰੋਧ ਕੀਤਾ ਤੇ ਫਿਰ 125 ਬੈੱਡਾਂ ਦੇ ਹਸਪਤਾਲ ਦਾ ਵਿਰੋਧ ਕੀਤਾ ਤੇ ਕਰੋਨਾ ਪੀੜਤਾਂ ਦੀ ਮਦਦ ਦੇ ਖ਼ਿਲਾਫ਼ ਅਦਾਲਤ ਤੋਂ ਸਟੇਅ ਲਿਆਂਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly