(ਸਮਾਜ ਵੀਕਲੀ)– ਚੋਣ ਪ੍ਰਣਾਲੀ ਕੀ ਹੈ? ਅਸਲ ਵਿੱਚ ਚੋਣਾਂ ਕਰਵਾਉਣ ਦੀ ਨਿਯਮਬੱਧ ਤਰੀਕੇ ਨਾਲ ਕਰਵਾਈ ਜਾਣ ਵਾਲੀ ਪ੍ਰਕਿਰਿਆ ਨੂੰ ਚੋਣ ਪ੍ਰਣਾਲੀ ਕਿਹਾ ਜਾਂਦਾ ਹੈ। ਚੋਣ ਪ੍ਰਣਾਲੀ ਦੋ ਤਰ੍ਹਾਂ ਦੀ ਹੁੰਦੀ ਹੈ – ਪ੍ਰਤੱਖ ਚੋਣ ਪ੍ਰਣਾਲੀ ਅਤੇ ਅਪ੍ਰਤੱਖ ਚੋਣ ਪ੍ਰਣਾਲੀ।ਕਿਸੇ ਵੀ ਲੋਕਤੰਤਰਿਕ ਦੇਸ਼ ਵਿੱਚ ਪ੍ਰਤੱਖ ਚੋਣ ਪ੍ਰਣਾਲੀ ਨੂੰ ਅਪਣਾਇਆ ਜਾਂਦਾ ਹੈ। ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ।ਇਸ ਕਰਕੇ ਇੱਥੇ ਵੀ ਪ੍ਰਤੱਖ ਚੋਣ ਪ੍ਰਣਾਲੀ ਹੀ ਅਪਣਾਈ ਜਾਂਦੀ ਹੈ ਪਰ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਚੋਣ ਪ੍ਰਣਾਲੀ ਦੁਆਰਾ ਹੀ ਕੀਤੀ ਜਾਂਦੀ ਹੈ।ਉਸ ਵਿੱਚ ਆਮ ਜਨਤਾ ਸਿੱਧੇ ਤੌਰ ਤੇ ਇਸ ਪ੍ਰਕਿਰਿਆ ਨਾਲ ਸਬੰਧਤ ਨਹੀਂ ਹੁੰਦੀ ਹੈ।
ਅਸਲ ਵਿੱਚ ਪ੍ਰਤੱਖ ਚੋਣ ਪ੍ਰਣਾਲੀ ਕੀ ਹੁੰਦੀ ਹੈ? ਪ੍ਰਤੱਖ ਤੋਂ ਭਾਵ ਹੈ ਸਪਸ਼ਟ ਜਾਂ ਸਿੱਧੀ ਚੋਣ। ਇਸ ਦਾ ਮਤਲਬ ਹੈ ਕਿ ਵੋਟਰਾਂ ਦੁਆਰਾ ਪ੍ਰਤੱਖ ਰੂਪ ਨਾਲ ਚੋਣਾਂ ਵਿੱਚ ਹਿੱਸਾ ਲੈ ਕੇ ਪ੍ਰਤੀਨਿਧੀਆਂ ਦੀ ਚੋਣ ਕਰਨਾ।ਇਸ ਪ੍ਰਣਾਲੀ ਵਿੱਚ ਹਰੇਕ ਵੋਟਰ ਆਪਣੀ ਇੱਛਾ ਅਨੁਸਾਰ ਉਮੀਦਵਾਰ ਦੇ ਪੱਖ ਵਿੱਚ ਆਪਣੀ ਆਪਣੀ ਵੋਟ ਦੀ ਵਰਤੋਂ ਕਰਦੇ ਹਨ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣਾਂ ਵਿੱਚ ਸਭ ਤੋਂ ਜਿਆਦਾ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਸਫ਼ਲ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਅਕਸਰ ਸਾਰੇ ਲੋਕਤੰਤਰੀ ਦੇਸ਼ਾਂ ਵਿੱਚ ਇਸੇ ਚੋਣ ਪ੍ਰਣਾਲੀ ਨੂੰ ਹੀ ਅਪਣਾਇਆ ਜਾਂਦਾ ਹੈ।
ਪ੍ਰਤੱਖ ਚੋਣ ਪ੍ਰਣਾਲੀ ਵਿੱਚ ਆਮ ਨਾਗਰਿਕਾਂ ਵਿੱਚ ਸਵੈਮਾਨ ਦੀ ਭਾਵਨਾ ਪੈਦਾ ਹੁੰਦੀ ਹੈ ਕਿਉਂਕਿ ਆਮ ਕਰਕੇ ਪ੍ਰਤੀਨਿਧ ਉਹਨਾਂ ਵਿੱਚ ਵਿਚਰਨ ਵਾਲੇ ਲੋਕ ਹੀ ਹੁੰਦੇ ਹਨ। ਉਹਨਾਂ ਦਾ ਆਮ ਲੋਕਾਂ ਨਾਲ ਸਿੱਧੇ ਤੌਰ ਤੇ ਮੇਲ-ਮਿਲਾਪ ਹੁੰਦਾ ਰਹਿੰਦਾ ਹੈ। ਆਮ ਲੋਕਾਂ ਦੀਆਂ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹੁੰਦੇ ਹਨ। ਇਸ ਪ੍ਰਣਾਲੀ ਅਨੁਸਾਰ ਹਰ ਵਰਗ ਦੇ ਵੋਟਰ ਨੂੰ ਹਿੱਸਾ ਲੈਣ ਦਾ ਅਧਿਕਾਰ ਹੁੰਦਾ ਹੈ। ਇਸ ਲਈ ਵੋਟਰ ਆਪਣੇ ਆਪ ਨੂੰ ਸ਼ਾਸਨ-ਪ੍ਰਬੰਧ ਦਾ ਹਿੱਸਾ ਮਹਿਸੂਸ ਕਰਦੇ ਹਨ।ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਚੋਣ-ਪ੍ਰਣਾਲੀ ਵਿੱਚ ਹਰੇਕ ਵਿਅਕਤੀ ਨੂੰ ਬਰਾਬਰ ਰੂਪ ਵਿੱਚ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ ਇਸ ਲਈ ਸਾਰੇ ਵਰਗਾਂ ਦੇ ਨਾਗਰਿਕਾਂ ਵਿੱਚ ਬਰਾਬਰੀ ਦੀ ਭਾਵਨਾ ਆਉਂਦੀ ਹੈ।
ਇਸ ਚੋਣ ਪ੍ਰਣਾਲੀ ਵਿੱਚ ਬਹੁਤੇ ਉਮੀਦਵਾਰਾਂ ਦਾ ਵੋਟਰਾਂ ਉੱਤੇ ਸਿੱਧਾ ਪ੍ਰਭਾਵ ਹੋਣ ਕਰਕੇ ਬਹੁਤੇ ਲੋਕ ਸਹੀ ਜਾਂ ਗਲਤ ਉਮੀਦਵਾਰ ਚੁਣਨ ਲਈ ਸਹੀ ਫ਼ੈਸਲਾ ਨਹੀਂ ਕਰ ਪਾਉਂਦੇ।ਬਹੁਤਾ ਕਰਕੇ ਧਾਰਮਿਕ ਤੇ ਸਮਾਜਿਕ ਵਰਗੀਕਰਨ ਕਰਕੇ ਉਮੀਦਵਾਰ ਫਾਇਦਾ ਉਠਾਉਂਦੇ ਹਨ। ਕਈ ਵਾਰ ਇਸ ਚੋਣ ਪ੍ਰਣਾਲੀ ਰਾਹੀਂ ਵੋਟਰਾਂ ਦੀ ਖ਼ਰੀਦੋ ਫਰੋਖਤ ਵੀ ਕੀਤੀ ਜਾਂਦੀ ਹੈ ਜਿਸ ਕਰਕੇ ਭਿਰਸ਼ਟਾਚਾਰ ਵੱਧਦਾ ਹੈ।ਵਾਰ ਵਾਰ ਅਲੱਗ ਅਲੱਗ ਸਮੇਂ ਵੋਟਾਂ ਕਰਵਾਉਣ ਨਾਲ ਫਜ਼ੂਲ ਖਰਚੀ ਹੁੰਦੀ ਜਿਸ ਨਾਲ ਸਾਰਾ ਬੋਝ ਆਮ ਜਨਤਾ ਉੱਪਰ ਹੀ ਪੈਂਦਾ ਹੈ। ਇਹ ਸਭ ਕੁਝ ਤੋਂ ਬਚਣ ਲਈ ਪਿੱਛੇ ਜਿਹੇ ਸਾਡੇ ਦੇਸ਼ ਵਿੱਚ ਇੱਕ ਚੋਣ ਪ੍ਰਣਾਲੀ ਚਾਲੂ ਕਰਨ ਦੀ ਮੰਗ ਵੀ ਉੱਠ ਰਹੀ ਸੀ।ਜਿਸ ਰਾਹੀਂ ਸਾਰੇ ਦੇਸ਼ ਵਿੱਚ ਇੱਕੋ ਸਮੇਂ ਵੋਟਾਂ ਕਰਵਾਉਣ ਦਾ ਮੁੱਦਾ ਚੁੱਕਿਆ ਗਿਆ ਸੀ।
ਪਰ ਆਮ ਨਾਗਰਿਕਾਂ ਨੂੰ ਇਸ ਪ੍ਰਤੱਖ ਚੋਣ ਪ੍ਰਣਾਲੀ ਤਹਿਤ ਆਪਣੀ ਵੋਟ ਦੇ ਅਧਿਕਾਰ ਨੂੰ ਬਰਾਬਰੀ ਦਾ ਹੱਕ ਸਮਝ ਕੇ ਇਸਤੇਮਾਲ ਕਰਨਾ ਚਾਹੀਦਾ ਹੈ। ਆਪਣੇ ਇਸ ਜਮਹੂਰੀ ਹੱਕ ਉੱਪਰ ਕਿਸੇ ਓਪਰੀ ਸ਼ਕਤੀ ਦਾ ਪ੍ਰਭਾਵ ਨਹੀਂ ਪੈਣ ਦੇਣਾ ਚਾਹੀਦਾ। ਚੋਣ ਕੇਂਦਰ ਵਿੱਚ ਜਾ ਕੇ ਆਪਣੇ ਵੋਟ ਦੇ ਅਧਿਕਾਰ ਨੂੰ ਸਿਰਫ਼ ਨਿੱਜੀ ਸੋਚ ਦੇ ਤਹਿਤ ਵਰਤਣਾ ਚਾਹੀਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly