(ਸਮਾਜ ਵੀਕਲੀ)
ਉਂਝ ਕਹਿਣ ਨੂੰ ਤਾਂ ਕਿਸੇ ਨੂੰ ਗਾਲ਼ ਦੇਣਾ ਅਪਰਾਧਿਕ ਸ਼੍ਰੇਣੀ ਵਿਚ ਆਉਂਦਾ ਹੈ ਤੇ ਅਸੀਂ ਤਾਂ ਪੰਜਾਬੀ/ਭਾਰਤੀ ਹੁੰਨੇ ਆਂ ! ਕਾਨੂੰਨ ਨੂੰ ਜੁੱਤੀ ਦੀ ਨੋਕ ‘ਤੇ ਜਾਣਦੇ ਆਂ ਪਰ ਕੀ ਕਦੇ ਸੋਚਿਐ ਕਿ ਜਿਸ ਨੂੰ ਵੀ ਤੁਸੀਂ ਗਾਲ਼ ਕੱਢ ਰਹੇ ਓ, ਓਹਦੇ ਮਾਨਸਿਕ ਸੰਤੁਲਨ ‘ਤੇ ਇਹਦਾ ਕਿੰਨਾ ਬੁਰਾ ਅਸਰ ਪੈਂਦੈ? ਸ਼ਾਇਦ ਕਦੀ ਸੋਚਣ ਦੀ ਨੌਬਤ ਆਈ ਹੀ ਨਹੀਂ। ਗਹੁ ਨਾਲ ਸੋਚੋ ਤਾਂ ਦੁਨੀਆ ਦੀ ਹਰੇਕ ਗਾਲ਼ ਔਰਤ ਨੂੰ ਤੇ ਹਰੇਕ ਅਸੀਸ ਮਰਦ ਨੂੰ ਹੀ ਜਾਂਦੀ ਹੈ ਤਾਂ ਫਿਰ ਔਰਤ ਦੀ ਕੋਮਲ- ਭਾਵੀ ਮਾਨਸਿਕਤਾ ਉੱਤੇ ਇਹਨਾਂ ਗਾਲ਼ਾਂ ਦਾ ਅਸਰ ਦਿਸਣਾ ਲਾਜ਼ਮੀ ਹੈ।
ਕਈ ਮਰਦ ਬਿਨਾਂ ਸੋਚੇ-ਸਮਝੇ ਆਪਣੀ ਹਰ ਗੱਲ ਵਿਚ ਗਾਲ਼ ਜ਼ਰੂਰ ਕੱਢਦੇ ਹਨ। ਓਹਨਾਂ ਦੀ ਪਾਲਣਾ ਦਾ ਮਾਹੌਲ ਕਹਿ ਲਓ ਜਾਂ ਓਹਨਾਂ ਨੂੰ ਸੰਗਤ ਹੀ ਅਜਿਹੀ ਮਿਲੀ ਹੁੰਦੀ ਹੈ ਕਿ ਏਹ ਆਦਤ ਏਨੀ ਪੱਕ ਜਾਂਦੀ ਹੈ ਕਿ ਓਹਨਾਂ ਦਾ ਤਕੀਆ ਕਲਾਮ ਹੀ ਬਣ ਜਾਂਦੀ ਹੈ। ਏਸ ਆਦਤ ਤੋਂ ਛੁਟਕਾਰਾ ਮਾਂ-ਬਾਪ ਦੁਆਰਾ ਸ਼ੁਰੂ ਵਿਚ ਹੀ ਟੋਕਣ ‘ਤੇ ਸੰਭਵ ਹੈ ਤੇ ਬਚਪਨ ਵਿਚ ਮਾਂ-ਬਾਪ ਤੇ ਹਰ ਸਕਾ-ਸੰਬੰਧੀ ਬੱਚੇ ਦੇ ਮੂੰਹੋਂ ਤੋਤਲੀ ਜ਼ੁਬਾਨ ‘ਚ ਗਾਲ਼ ਸੁਣ ਕੇ ਬਹੁਤ ਖ਼ੁਸ਼ ਤਾਂ ਹੋ ਜਾਂਦੈ, ਬੱਚੇ ਨੂੰ ਟੋਕਦਾ ਰੋਕਦਾ ਬਿਲਕੁਲ ਨਹੀਂ। ਇਹੀ ਆਦਤ ਓਸ ਬੱਚੇ ਦੀ ਮਾਨਸਿਕਤਾ ‘ਤੇ ਹਾਵੀ ਹੋ ਕੇ ਓਹਦੀ ਸ਼ਖ਼ਸੀਅਤ ਨੂੰ ਖ਼ੋਰਾ ਲਾਉਣ ‘ਚ ਸਹਾਈ ਹੁੰਦੀ ਹੈ।
ਦੇਖਿਆ ਜਾਂਦੈ ਕਿ ਕਈ ਪੜ੍ਹੇ-ਲਿਖੇ ਸੂਟਿਡ-ਬੂਟਿਡ ਆਦਮੀ ਦੇਖਣ ਨੂੰ ਬੜੇ ਪ੍ਰਭਾਵਸ਼ਾਲੀ ਲੱਗਦੇ ਹਨ ਪਰ ਜਿਓਂ ਹੀ ਮੂੰਹ ਖੋਲ੍ਹਦੇ ਹਨ, ਮੂੰਹ ਵਿਚੋਂ ਸਾਲ਼ਾ, ਸਾਲ਼ੀ, ਭੈਣ… ਦ, ਮਾਂ….ਦ, ……. ਵਰਗੀਆਂ ਗਾਲ਼ਾਂ ਦਾ ਉਚਾਰਣ ਓਹਨਾਂ ਦੀ ਸ਼ਖ਼ਸੀਅਤ ਦੀ ਪੱਟੀ ਮੇਸ ਕਰ ਦਿੰਦਾ ਹੈ। ਕਈ ਵਾਰ ਮੇਰਾ ਦਿਲ ਕਰਦਾ ਹੁੰਦੈ ਕਿ ਏਹਨਾਂ ਨੂੰ ਸਾਹਮਣੇ ਹੀ ਕਹਾਂ ਕਿ ਤੁਸੀਂ ਤਾਂ ਆਪਣੇ ਸਕੇ ਭਰਾਵਾਂ ਨੂੰ ਵੀ ਸਾਲ਼ਾ, ਭੈਣ…ਦ ਤੇ ਮਾਂ….ਦ ਕਹਿ ਦਿੰਦੇ ਹੋ ਤਾਂ ਤੁਹਾਡਾ ਆਚਰਣ ਕੀ ਹੋਇਆ? ਭੈਣਾਂ ਨੂੰ ਵੀ ਗ਼ੁੱਸੇ ‘ਚ ਕਈ ਭਰਾ ਸਾਲ਼ੀ ਕਹਿੰਦੇ ਸੁਣੇ ਜਾ ਸਕਦੇ ਨੇ ਅਤੇ ਇਕ ਗਾਲ਼ ਤਾਂ ਸੁਣਦਿਆਂ ਹੀ ਮੈਨੂੰ ਅੱਗ ਲੱਗ ਜਾਂਦੀ ਹੈ ਕਿ ਬੇਸ਼ਰਮੋ!
ਨਾਰੀ ਦੇ ਜਿਸ ਅੰਗ ਦੇ ਰਾਹੀਂ ਤੁਸੀਂ ਕੀ, ਹਰੇਕ ਮਨੁੱਖ ਹੀ ਪੈਦਾ ਹੋਇਐ ਕੀ ਸਾਹਮਣੇ ਵਾਲ਼ੇ ਨੂੰ ਇਹ ਗਾਲ਼ ਕੱਢ ਕੇ ਤੁਸੀਂ ਇਹ ਜਤਾਉਣਾ ਚਾਹੁੰਦੇ ਹੋ ਕਿ ਤੁਸੀਂ ਕਿਸੇ ਹੋਰ ਰਸਤਿਓਂ ਜੰਮੇ ਸੀ ? ਬੇਵਕੂਫ਼ੋ ! ਕੀ ਨਾਰੀ ਜਣਨ-ਅੰਗਾਂ ਨੂੰ ਪੁਣ ਕੇ ਤੁਸੀਂ ਆਪਣੇ ਆਪ ਨੂੰ ਬਹੁਤ ਉੱਚੇ-ਸੁੱਚੇ ਸਾਬਤ ਕਰ ਰਹੇ ਓ ? ਤੇ ਜਾਂ ਫਿਰ ਏਹ ਲੋਕ ਗਾਲ਼ ਕੱਢ ਕੇ ਆਪਣੀ ਮਰਦਾਨਗ਼ੀ ਜ਼ਾਹਰ ਕਰਦੇ ਨੇ ? ਤੇ ਜੇ ਕੋਈ ਓਹਨਾਂ ਦਾ ਹਿਤੈਸ਼ੀ ਓਹਨਾਂ ਨੂੰ ਏਹਨਾਂ ਗਾਲ਼ਾਂ ਦੀ ਵਰਤੋਂ ਤੋਂ ਰੋਕਣ ਦੀ ਕੋਸ਼ਿਸ਼ ਕਰਦੈ ਤਾਂ ਕਹਿਣਗੇ ਕਿ “ਓਹ ਪੰਜਾਬੀ ਹੀ ਕਾਹਦਾ ਜੋ ਗਾਲ਼ ਨਾ ਕੱਢੇ ?” ਬੜਾ ਗ਼ੁੱਸਾ ਵੀ ਆਉਂਦੈ ਉਦੋਂ ਤੇ ਤਰਸ ਵੀ ਕਿ ਇਹਨਾਂ ਦੀ ਮਾਨਸਿਕਤਾ ਦਾ ਇਹ ਜਹਾਲਤ ਭਰਿਆ ਹਿੱਸਾ ਏਹਨਾਂ ਦੇ ਬਚਪਨ ਵਿਚ ਏਹਨਾਂ ਦੇ ਮਾਪਿਆਂ ਦੀ ਅਚੇਤ ਦੇਣ ਹੈ ਜਿਸਨੂੰ ਹੁਣ ਕੋਈ ਚਾਹ ਕੇ ਵੀ ਸਹੀ ਨਹੀਂ ਕਰ ਸਕਦਾ।
ਪਰ ਜੇ ਏਸ ਮਾਨਸਿਕਤਾ ਤੋਂ ਕੋਈ ਛੁਟਕਾਰਾ ਪਾਉਣਾ ਚਾਹੇ ਤਾਂ ਆਪਣੀ ਦ੍ਰਿੜ੍ਹ ਇੱਛਾ-ਸ਼ਕਤੀ ਦੇ ਸਹਾਰੇ ਕੁਝ ਵੀ ਅਸੰਭਵ ਨਹੀਂ।
ਤੇ ਹੁਣ ਕੁਝ ਕੁ ਗੱਲਾਂ ਔਰਤਾਂ ਦੀਆਂ ਗਾਲ਼ਾਂ ਬਾਰੇ ਵੀ ਕਰਨੀਆਂ ਬਣਦੀਆਂ ਹਨ। ਕਿਸੇ ਔਰਤ ਨੂੰ ਖ਼ਸਮਾਂ ਨੂੰ ਖਾਣੀ, ਭਰਾਵਾਂ-ਪਿੱਟੀ, ਜਾਏ-ਵੱਢੀ, ਕੰਜਰੀ, ਔਂਤ-ਨਖੱਤੀ, ਬਾਂਝ, ਔਂਤਰੀ, ਸੌਕਣ, ਰੰਡੀ, ਵੇਸਵਾ ਵਰਗੀਆਂ ਗਾਲ਼ਾਂ ਆਮ ਹੀ ਕੱਢੀਆਂ ਜਾਂਦੀਆਂ ਹਨ ਤੇ ਮੇਰੀ ਜਾਚੇ ਇਹ ਗਾਲ਼ਾਂ ਓਹਨੂੰ ਮਰਦ ਤੋਂ ਨੀਵੀਂ ਦਰਸਾਉਣ ਲਈ ਹੀ ਬਣਾਈਆਂ ਗਈਆਂ ਹਨ। ਗਾਲ਼ ਕੱਢਣ ਵਾਲ਼ਾ/ਵਾਲ਼ੀ ਇਹ ਕਿਉਂ ਭੁੱਲ ਜਾਂਦੇ ਹਨ ਕਿ ਔਰਤ ਸਮਾਜ ਦੀ ਚੂਲ਼ ਹੈ ਜੇ ਓਹੀ ਨਾ ਹੋਵੇ ਤਾਂ ਤੁਹਾਡਾ ਇਹ ਸਮਾਜ ਚੱਲੇ ਕਿਵੇਂ ? ਮੇਰਾ ਮੰਨਣਾ ਹੈ ਕਿ ਕੋਈ ਵੀ ਔਰਤ ਜਨਮ-ਜਾਤ ਗ਼ਲਤ ਨਹੀਂ ਹੁੰਦੀ। ਉਸਨੂੰ ਗ਼ਲਤ ਰਸਤੇ ਤੋਰਨ ਵਾਲ਼ਾ ਸਮਾਜ ਹੀ ਹੈ।
ਜੇ ਸਮਾਜ ਕਿਸੇ ਅਬਲਾ, ਅਸਹਾਇ ਔਰਤ ਦੀ ਮਜ਼ਬੂਰੀ ਦਾ ਨਜਾਇਜ਼ ਫ਼ਾਇਦਾ ਨਾ ਲੈ ਕੇ ਸਹੀ ਅਰਥਾਂ ਵਿਚ ਓਹਦੀ ਮੱਦਦ ਕਰੇ ਤਾਂ ਓਹ ਕਦੀ ਵੀ ਗ਼ਲਤ ਰਸਤਾ ਅਖ਼ਤਿਆਰ ਨਾ ਕਰੇ ਪਰ ਸਮਾਜ ਨੂੰ ਤਾਂ ਬੇਸਹਾਰਾ ਔਰਤਾਂ ਦਾ ਜਿਸਮਾਨੀ ਸ਼ੋਸਣ ਕਰ ਕੇ ਮਜ਼ਾ ਆਉਂਦੈ ਤੇ ਫੇਰ ਮਰਦ ਨੂੰ ਤਾਂ ਨਹਾਤਾ ਘੋੜਾ ਦੱਸ ਕੇ ਹਰ ਗ਼ਲਤੀ ਤੋਂ ਮੁਆਫ਼ੀ ਮਿਲ ਜਾਣੀ ਹੁੰਦੀ ਹੈ ਤੇ ਔਰਤ ਦੇ ਪੱਲੇ ਬਦਨਾਮੀ ਪੈਂਦੀ ਹੈ। ਫੇਰ ਓਹਦੀ ਮਾਨਸਿਕਤਾ ਓਹਨੂੰ ਝੰਜੋੜਦੀ ਹੈ ਕਿ ਬਦਨਾਮ ਤਾਂ ਹਾਂ ਹੀ, ਢਿੱਡ ਨੂੰ ਝੁਲਕਾ ਦੇਣ ਲਈ ਜਿਸਮ ਦਾ ਸੌਦਾ ਕਰ ਹੀ ਲੈਣਾ ਚਾਹੀਦੈ ਤੇ ਇੰਝ ਇਕ ਸਾਫ਼-ਸੁਥਰੀ ਔਰਤ ਤੁਹਾਡੇ ਸਮਾਜ ਵਿਚ ਰੰਡੀ, ਵੇਸਵਾ ਬਣਾ ਦਿੱਤੀ ਜਾਂਦੀ ਹੈ ਜਿਸਦਾ ਸਮਾਜ ਵਿਚ ਕੋਈ ਸਤਿਕਾਰ ਨਹੀਂ ਹੁੰਦਾ।
ਹਰ ਨਜ਼ਰ ਓਹਨੂੰ ਬਦਨੁਮਾ ਦਾਗ਼ ਵਜੋਂ ਦੇਖਦੀ ਹੈ ਪਰ ਅਸਲ ਵਿਚ ਦੋਸ਼ੀ ਓਹ ਨਹੀਂ, ਪੂਰਾ ਲਾਹਣਤੀ ਸਮਾਜ ਹੈ। ਕਿਸੇ ਵੀ ਔਰਤ ਨੂੰ ਖਸਮਾਂ ਨੂੰ ਖਾਣੀ ਕਹਿੰਦੇ ਹੋ ਤਾਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਇਹਦੀ ਫ਼ਿਤਰਤ ਆਦਮੀ ਖਾਣ ਦੀ ਹੈ ਭਾਵ ਜਿਹੜਾ ਮਰਦ ਵੀ ਇਹਦੇ ਨਾਲ ਸੰਬੰਧ ਬਣਾਏਗਾ, ਓਹਦੀ ਮੌਤ ਹੋ ਜਾਏਗੀ। ਜਾਏ-ਵੱਢੀ ਕਹਿਣ ਵੇਲ਼ੇ ਤੁਸੀਂ ਨਹੀਂ ਸੋਚਦੇ ਕਿ ਏਸ ਔਰਤ ਨੂੰ ਆਪਣੇ ਹੀ ਜਾਇਆਂ ਨੂੰ ਕਤਲ ਕਰਨ ਵਾਲ਼ੀ ਦੱਸ ਰਹੇ ਹੋ! ਔਂਤ-ਨਖੱਤੀ, ਔਂਤਰੀ ਤੇ ਬਾਂਝ ਕਹਿ ਕੇ ਤੁਸੀਂ ਓਸਦੀ ਕੁੱਖ ਨੂੰ ਗਾਲ਼ ਦੇਂਦੇ ਹੋ। ਕਿੰਨਾ ਨਾਕਾਰਾਤਮਿਕ ਰਵੱਈਆ ਹੈ ਸਾਡਾ!
ਕੁੱਲ ਮਿਲਾ ਕੇ ਕਹਾਂ ਤਾਂ ਗਾਲ਼ ਕੱਢ ਕੇ ਨਹੀਂ ਸਗੋਂ ਦੇਸ਼-ਭਗਤ, ਬਹਾਦਰ ਸੂਰਮੇ ਬਣ ਕੇ ਤੇ “ਦੇਖ ਪਰਾਈਆਂ ਚੰਗੀਆਂ ਮਾਂਵਾਂ ਭੈਣਾਂ ਧੀਆਂ ਜਾਣੁ” ਦੇ ਗੁਰ-ਵਾਕ ‘ਤੇ ਅਮਲ ਕਰਦਿਆਂ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੋ !
ਡਾ. ਸਵਰਨਜੀਤ ਕੌਰ ਗਰੇਵਾਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly