ਸਿਨਸਿਨਾਟੀ ਵਿਖੇ ਸਿੱਖ ਯੂਥ ਸਿਮਪੋਜ਼ੀਅਮ 2023 ਦਾ ਆਯੋਜਨ: ਸਮੀਪ ਸਿੰਘ ਗੁਮਟਾਲਾ

 

ਸਿਨਸਿਨਾਟੀ, ਓਹਾਇਓ (10 ਅਪ੍ਰੈਲ, 2023) (ਸਮਾਜ ਵੀਕਲੀ): ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵਲੋਂ ਕਰਵਾਏ ਜਾਂਦੇ ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2023 ਸੰਬੰਧੀ ਸਥਾਨਕ ਪੱਧਰ ਦੇ ਭਾਸ਼ਨ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਆਯੋਜਿਤ ਕੀਤੇ ਗਏ। ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੂਆਰਾ ਸਾਹਿਬ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ 6 ਸਾਲ ਤੋਂ ਲੈ ਕੇ 20 ਸਾਲ ਤੱਕ ਦੇ 42 ਬੱਚਿਆਂ ਤੇ ਨੋਜਵਾਨਾਂ ਨੇ ਭਾਗ ਲਿਆ।

ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਸਿਮਪੋਜ਼ੀਅਮ ਲਈ ਸਥਾਨਕ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ 3 ਮਹੀਨੇ ਪਹਿਲਾਂ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ “ਬੇਸਿਕ ਨੋਲੇਜ ਆਫ ਸਿੱਖਇਜ਼ਮ”, ਦੂਜੇ ਨੂੰ “ਸਿੱਖ ਸਾਖੀਜ਼ ਫਾਰ ਯੂਥ”, ਤੀਜੇ ਨੂੰ “ਦੀ ਟਰਬਨ”, ਅਤੇ ਚੌਥੇ ਨੂੰ “ਗੁਰੂ ਗ੍ਰੰਥ ਸਾਹਿਬ – ਸੁਪਰੀਮ ਟਰੇਜ਼ਰ” ਕਿਤਾਬ ਦਿੱਤੀ ਗਈ ਜਿਸ ਵਿੱਚੋਂ ਉਹਨਾਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ ਵਿੱਚ ਭਾਸਨ ਦਿੱਤੇ।

ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ। ਸਾਲ 2006 ਤੋਂ ਬਤੋਰ ਸਥਾਨਕ ਕਨਵੀਤਰ ਦੀ ਸੇਵਾ ਨਿਭਾ ਚੁੱਕੇ ਸ. ਹਰਜਿੰਦਰ ਸਿੰਘ ਜੀ ਨੇ ਭਾਗ ਲੈਣ ਵਾਲੇ ਨੋਜਵਾਨਾਂ, ਪਰਿਵਾਰਕ ਅਤੇ ਸੰਗਤ ਮੈਂਬਰਾਂ ਨੂੰ ਇਸ ਦੀ ਮਹੱਤਤਾ ਬਾਰੇ ਦੁਸਦਿਆਂ ਕਿਹਾ ਕਿ ਇਸ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲਗਦਾ ਹੈ।

ਇਸ ਮੌਕੇ ੳੇਹਨਾਂ ਦੇ ਸਪੁੱਤਰ ਜੈਪਾਲ ਸਿੰਘ ਨੂੰ ਵੀ ਯਾਦ ਕੀਤਾ ਗਿਆ ਜੋ ਕਿ ਪਿਛਲੇ ਸਾਲ ਮਈ 2022 ਨੂੰ 41 ਸਾਲ ਦੀ ਉਮਰ ਵਿੱਚ ਕੈਂਸਰ ਦੀ ਬੀਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਵਲੋਂ ਸਾਲ 2006 ਤੋਂ ਸ਼ੁਰੂ ਕੀਤੇ ਗਏ ਸਥਾਨਕ ਸਿਮਪੋਜ਼ੀਅਮ ਲਈ ਹਰ ਸਾਲ ਯੂਥ ਨੂੰ ਬਹੁਤ ਮਿਹਨਤ ਨਾਲ ਤਿਆਰੀ ਕਰਵਾਈ ਜਾਂਦੀ ਸੀ। ਉਹਨਾਂ ਵਲੋਂ ਲਗਾਏ ਗਏ ਬੂਟੇ ਦਾ ਹੀ ਨਤੀਜਾ ਹੈ ਕਿ ਮੰਚ ਦਾ ਸੰਚਾਲਨ ਅਤੇ ਹੋਰ ਸੇਵਾਵਾਂ ਉਹਨਾਂ ਨੋਜਵਾਨਾਂ ਵਲੋਂ ਹੀ ਕੀਤੀਆਂ ਗਈਆਂ ਜੋ ਪਹਿਲਾਂ ਇਹਨਾਂ ਵਿੱਚ ਭਾਗ ਲੈਂਦੇ ਰਹੇ ਹਨ।

ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਬੱਚਿਆਂ ਨੇ ਇਸ ਸਮਾਗਮ ਵਿਚ ਭਾਗ ਲੈਂਦੇ ਹੋਏ ਆਪਣੇ ਵਲੋਂ ਵਧੀਆ ਤੋ ਵਧੀਆ ਭਾਸ਼ਣ ਤਿਆਰ ਕੀਤੇ ਅਤੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈ ਰਹੇ ਹਨ। ਗੁਰਦੁਆਰਾ ਸਾਹਿਬ ਦੇ ਹੈਡ ਗੰ੍ਰਥੀ ਭਾਈ ਅਮਰੀਕ ਸਿੰਘ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਆਯੋਜਤ ਕਰਣ ਲਈ ਸਾਰੇ ਵਲੰਟੀਅਰਾਂ, ਬੱਚਿਆਂ, ਉਹਨਾਂ ਦੇ ਮਾਤਾ ਪਿਤਾ, ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਸੇਵਾਦਾਰ ਕਮੇਟੀ ਨੇ ਵੀ ਇਸ ਸਮਾਗਮ ਦੇ ਆਯੋਜਨ ਲਈ ਸਾਰੇ ਸੇਵਾਦਾਰਾਂ ਅਤੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਬੱਚਿਆਂ ਅਤੇ ਨੋਜਵਾਨਾਂ ਲਈ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਅਜਿਹੇ ਹੋਰਨਾਂ ਸਮਾਗਮਾਂ ਦੇ ਆਯੋਜਨ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਟਰੋਫੀ ਅਤੇ ਕਿਤਾਬਾਂ ਵੀ ਦਿੱਤੀਆਂ ਗਈਆਂ ਜਿਸ ਵਿੱਚ “ਫੋਜਾ ਸਿੰਘ ਕੀਪਸ ਗੋਇੰਗ”, “ਦ ਗਾਰਡਨ ਆਫ ਪੀਸ”, “ਵਾਏ ਐਮ ਆਏ ਹੇਅਰ” ਸ਼ਾਮਲ ਸਨ ਜੋ ਕਿ ਬੱਚਿਆਂ ਵਲੋਂ ਬਹੁਤ ਪਸੰਦ ਕੀਤੀਆਂ ਗਈਆਂ। ਹਰੇਕ ਗਰੁਪ ਦੇ ਜੇਤੂ ਬੱਚੇ ਮਈ ਮਹੀਨੇ ਦੇ ਅਖੀਰ ਵਿੱਚ ਓਹਾਇਓ ਅਤੇ ਪੈਨਸਲਵੇਨੀਆਂ ਸੂਬੇ ਦੇ ਹੋਰਨਾਂ ਸ਼ਹਿਰਾਂ ਦੇ ਜੇਤੂਆਂ ਨਾਲ ਰਾਜ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ।

ਸਿਮਪੋਜ਼ੀਅਮ ਅਤੇ ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਅਨੁਸਾਰ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿਚ ਜਾਂਦੇ ਹਨ।

ਸਮੀਪ ਸਿੰਘ ਗੁਮਟਾਲਾ

ਸਿਨਸਿਨਾਟੀ, ਓਹਾਇਓ, ਅਮਰੀਕਾ

+1-937-654-8873

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਤਕਾ ਕੋਚ ਗੁਰਵਿੰਦਰ ਕੌਰ ਬੀ.ਪੀ.ਐਚ.ਓ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਨਿਯੁਕਤ
Next articleਨੀਨਾ ਤਾਂਗੜੀ ਓਨਟਾਰੀਓ ‘ਚ ਹਾਊਸਿੰਗ ਦੀ ਐਸੋਸੀਏਟ ਮੰਤਰੀ ਬਣੀ