ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 22 ਅਗਸਤ ਨੂੰ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਨਕਲ ਕਰਵਾਉਣ ਲਈ ਛੇ ਵਿਅਕਤੀਆਂ ਨੂੰ ਉਨ੍ਹਾਂ ਦੀ ਸ਼ੱਕੀ ਸ਼ਮੂਲੀਅਤ ਦੇ ਆਧਾਰ ’ਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਾਰਵਾਈ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦੇ ਇਹ ਨਿਰਦੇਸ਼ ਹੈੱਡ ਕਾਂਸਟੇਬਲਾਂ (ਇਨਵੈਸਟੀਗੇਸ਼ਨ ਕਾਡਰ) ਲਈ ਲਿਖਤੀ ਪ੍ਰੀਖਿਆ ਹੋਣ ਤੋਂ ਪਹਿਲਾਂ ਆਏ ਹਨ। ਇਹ ਪ੍ਰੀਖਿਆ 12 ਸਤੰਬਰ ਤੋਂ 19 ਸਤੰਬਰ ਤੱਕ ਹੋਣੀ ਹੈ।
ਇਸ ਤੋਂ ਬਾਅਦ 25-26 ਸਤੰਬਰ ਨੂੰ ਕਾਂਸਟੇਬਲ (ਜ਼ਿਲ੍ਹਾ ਤੇ ਆਰਮਡ ਕਾਡਰ) ਲਈ ਪ੍ਰੀਖਿਆ ਹੋਣੀ ਹੈ। ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਧੋਖੇਬਾਜ਼ਾਂ ਤੇ ਘਪਲੇਬਾਜ਼ਾਂ ਵੱਲੋਂ ਇਮਤਿਹਾਨ ਪ੍ਰੀਕਿਰਿਆ ਨੂੰ ਲੀਹੋਂ ਲਾਹੁਣ ਅਤੇ ਸਾਬੋਤਾਜ਼ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਵਿਚ ਸੁੱਰਖਿਆ ਕਦਮ ਹੋਰ ਸਖਤ ਕਰਨ ਲਈ ਆਖਿਆ ਹੈ। ਡੀਜੀਪੀ ਨੇ ਕਿਹਾ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿਚ ਜੈਮਰ ਅਤੇ ਹੋਰ ਬਿਜਲਈ ਉਪਕਰਨ ਲਾਏ ਜਾ ਰਹੇ ਹਨ ਤਾਂ ਕਿ ਇੰਟਰਨੈੱਟ ਜਾਂ ਬਲੂਟੁੱਥ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੁਲੀਸ ਨੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly