ਬੇਜ਼ੁਬਾਨਾਂ ਤੇ ਜ਼ੁਲਮ

ਖੁਸ਼ੀ ਮੁਹੰਮਦ "ਚੱਠਾ"
(ਸਮਾਜ ਵੀਕਲੀ)
ਝੋਟਾ,  ਬੈਲ   ਜਾਂ   ਖੋਤਾ  ਘੋੜਾ
ਜਿਹੜੇ ਵਾਹੁੰਦੇ, ਸੁਣ ਲਓ ਥੋੜ੍ਹਾ
ਸਮਝੋ  ਨਾ,   ਬੇਜਾਨ   ਓ  ਲੋਕੋ
ਉਨ੍ਹਾਂ  ਵਿੱਚ  ਵੀ  ਜਾਨ  ਓ ਲੋਕੋ
ਆਪਣਾ ਹੀ ਕਿਉਂ ਫਾਇਦਾ ਚਾਹੁੰਦੇ
ਬੇਜ਼ੁਬਾਨਾਂ ‘ ਤੇ  ਜ਼ੁਲਮ  ਹੋ ਢਾਹੁੰਦੇ
ਕੁੱਝ  ਤਾਂ ਰਹਿਮ, ਕਰੋ ਇਨਸਾਨੋ
ਕਿਉਂ  ਤੜਪਾ  ਕੇ  ਮਾਰਦੇਂ  ਜਾਨੋਂ
ਉਹ ਤਾਂ   ਬੇ – ਜ਼ੁਬਾਨ  ਓ  ਲੋਕੋ
ਉਨ੍ਹਾਂ  ਵਿੱਚ  ਵੀ  ਜਾਨ ਓ  ਲੋਕੋ
ਬੋਝਿਆਂ  ਥੱਲੇ   ਹਰਦੇ  ਵੇਖੇ
ਧੁੱਪਾਂ  ਦੇ  ਵਿੱਚ  ਸੜਦੇ  ਵੇਖੇ
ਕੁੱਟਾਂ   ਮਾਰਾਂ   ਜਰਦੇ   ਵੇਖੇ
ਤੜਪ- ਤੜਪ  ਕੇ ਮਰਦੇ ਵੇਖੇ
ਹੋ  ਕੇ  ਲਹੂ ਲੁਹਾਨ ਓ  ਲੋਕੋ
ਉਨ੍ਹਾਂ ਵਿੱਚ ਵੀ ਜਾਨ ਓ ਲੋਕੋ
ਜ਼ਖ਼ਮਾਂ ਨਾਲ ਸਰੀਰ ਜੜੇ  ਨੇ
ਫਿਰ ਵੀ ਚੁੱਕ ਕੇ ਭਾਰ ਖੜ੍ਹੇ ਨੇ
ਅੱਖੀਆਂ  ਵਿੱਚੋਂ  ਅੱਥਰੂ  ਚੋਏ
ਦਿਲ  ਮੇਰਾ ਵੀ  ਵੇਖ ਕੇ  ਰੋਏ
ਵੇਖ ਹੋਇਆਂ ਹੈਰਾਨ ਓ ਲੋਕੋ
ਉਨ੍ਹਾਂ  ਵਿੱਚ ਵੀ ਜਾਨ ਓ ਲੋਕੋ
ਖੌਰੇ  ਕਿੰਨੀ   ਦਰਦ  ਹੋਵੇਗੀ
ਪਤਾ ਨਹੀਂ ਕੀ ਮਰਜ਼ ਹੋਵੇਗੀ
ਹੋ ਸਕਦਾ … ਬੁਖ਼ਾਰ ਹੋਵੇਗਾ
ਕੀ ਉਸਦਾ ਉਪਚਾਰ ਹੋਵੇਗਾ
ਕਿੱਥੇ  ਥੋਡਾ  ਈਮਾਨ ਓ ਲੋਕੋ
ਉਨ੍ਹਾਂ  ਵਿੱਚ ਵੀ ਜਾਨ ਓ ਲੋਕੋ
ਹੋਵਣਗੀਆਂ ਦੁਖਦੀਆਂ  ਲੱਤਾਂ
ਕਿੱਥੇ  ਗਈਆਂ  ਥੋਡੀਆਂ ਮੱਤਾਂ
ਕਦੀ ਤਾਂ ਉਸਦਾ ਦਰਦ ਪਛਾਣੋ
ਕਦੀ ਤਾਂ ਉਸਦੇ ਹਾਲ ਨੂੰ ਜਾਣੋ
ਕਿਉਂ  ਬਣਦੇਂ  ਹੈਵਾਨ   ਓ ਲੋਕੋ
ਉਨ੍ਹਾਂ  ਵਿੱਚ  ਵੀ  ਜਾਨ  ਓ ਲੋਕੋ
ਹੋ  ਸਕਦਾ  ਉਹ,  ਥੱਕੇ  ਹੋਵਣ
ਬੋਝਾ  ਢੋਅ-ਢੋਅ, ਅੱਕੇ  ਹੋਵਣ
ਉਹ ਥੋਡਾ ਪਰਿਵਾਰ ਚਲਾਉਂਦੇ
ਫਿਰ ਵੀ ਨਾ ਕੋਈ ਹੱਕ ਜਤਾਉਂਦੇ
ਭੁੱਲੋ ਨਾ  ਅਹਿਸਾਨ  ਓ ਲੋਕੋ
ਉਨ੍ਹਾਂ  ਵਿੱਚ ਵੀ ਜਾਨ ਓ ਲੋਕੋ
ਕਦੀ ਉਨ੍ਹਾਂ ਨੂੰ  ਪਿਆਰ ਜਤਾਵੋ
ਕਦੀ ਉਨ੍ਹਾਂ ਨੂੰ ਗਲ਼ ਨਾਲ ਲਾਵੋ
ਜਖ਼ਮਾਂ ਤੇ ਕਦੇ ਮਰ੍ਹਮ ਲਗਾਓ
ਗਰਮੀਂ ਸਰਦੀ ਤੋਂ  ਵੀ ਬਚਾਓ
ਆਪਣਾ ਫਰਜ਼ ਪਛਾਣ ਓ ਲੋਕੋ
ਉਨ੍ਹਾਂ  ਵਿੱਚ  ਵੀ  ਜਾਨ ਓ ਲੋਕੋ
ਉਹ ਵੀ ਕਰਨਾ ਆਰਾਮ ਨੇ ਚਾਹੁੰਦੇ
ਚੰਗਾ  ਪੀਣਾ- ਖਾਣਾ   ਚਾਹੁੰਦੇ
ਬਿਨ ਖਾਧੇ ਉਹ, ਕਿਵੇਂ  ਚੱਲਣਗੇ
ਭੱਜਦਿਆਂ ਦੇ ਨਾਲ ਕਿਵੇਂ ਰਲ਼ਣਗੇ
ਕੀ ਕੀ ਕਰਾਂ ਬਿਆਨ ਓ ਲੋਕੋ
ਉਨ੍ਹਾਂ  ਵਿੱਚ  ਵੀ  ਜਾਨ  ਓ ਲੋਕੋ
ਸਿਰ ਥੋਡੇ ‘ਤੇ ਭਾਰ ਜੇ ਹੋਵੇ
ਉਪਰੋਂ ਪੈਂਦੀ ਮਾਰ ਜੇ  ਹੋਵੇ
ਫੇਰ ਕਿਵੇਂ ਮਹਿਸੂਸ ਕਰੋਗੇ
ਕਦ ਤੱਕ ਐਸਾ ਜ਼ੁਲਮ ਜਰੋਗੇ
ਇਸ ਵੱਲ ਦਿਓ ਧਿਆਨ ਓ ਲੋਕੋ
ਉਨ੍ਹਾਂ  ਵਿੱਚ  ਵੀ ਜਾਨ ਓ ਲੋਕੋ…
“ਖੁਸ਼ੀ ਮੁਹੰਮਦਾ” ਜੇ  ਵੱਸ  ਚੱਲੇ
ਬੇਜ਼ੁਬਾਨਾਂ  ਦੀ ਕਰਦਿਆਂ ਬੱਲੇ
ਨਾ ਫਿਰ ਕੋਈ ਜ਼ੁਲਮ ਕਰੇਗਾ
ਨਾ ਹੀ  ਕੋਈ , ਤੜਪ  ਮਰੇਗਾ
ਨਾ ਹੋਊ  ਪਰੇਸ਼ਾਨ  ਓ  ਲੋਕੋ
ਉਨ੍ਹਾਂ  ਵਿੱਚ  ਵੀ ਜਾਨ ਓ ਲੋਕੋ…
 ਖੁਸ਼ੀ ਮੁਹੰਮਦ ‘ਚੱਠਾ’
(M): 9779025356
Previous articleलोकनायक जयप्रकाश नारायण मार्क्सवाद से सम्राट निर्माता तक का सफर: एक समीक्षा
Next articleਚਰਨਜੀਤ ਸਿੰਘ ਚੰਨੀ ਦੀ ਇੰਗਲੈਂਡ ਫੇਰੀ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ