ਮਾਨਸਾ (ਸਮਾਜ ਵੀਕਲੀ) ( ਔਲਖ ) ਕੋਵਿਡ ਮਹਾਂਮਾਰੀ ਦੌਰਾਨ ਸਿਹਤ ਮੁਲਾਜ਼ਮਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਡਿਊਟੀਆਂ ਨਿਭਾਈਆਂ ਹਨ। ਤਾਲਾਬੰਦੀ ਸਮੇਂ ਜਦੋਂ ਕੋਈ ਡਰਦਾ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ ਉਸ ਵਕਤ ਸੁੰਨਸਾਨ ਸੜਕਾਂ ਤੇ ਸਿਰਫ ਸਿਹਤ ਮੁਲਾਜ਼ਮ ਜਾਂ ਪੁਲਿਸ ਕਰਮੀ ਦਿਖਾਈ ਦਿੰਦੇ ਸਨ। ਸਾਲ 2020 ਦੌਰਾਨ ਕਿਸੇ ਸਿਹਤ ਮੁਲਾਜ਼ਮ ਨੇ ਆਪਣੀ ਇੱਕ ਵੀ ਬਣਦੀ ਛੁੱਟੀ ਨਹੀਂ ਲਈ। ਸਾਲ 2021 ਵਿੱਚ ਵੀ ਸਿਹਤ ਮੁਲਾਜ਼ਮ ਇਕਾਂਤਵਾਸ, ਸੈਪਲਿੰਗ, ਕੋਵਿਡ ਟੀਕਾਕਰਨ ਦੇ ਕੰਮ ਬਿਨਾਂ ਕਿਸੇ ਛੁੱਟੀ ਤੋਂ ਕਰ ਰਹੇ ਹਨ।
ਪਿਛਲੇ ਕੁਝ ਮਹੀਨਿਆਂ ਤੋਂ ਕੋਵਿਡ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆ ਰਿਹਾ ਅਤੇ ਟੀਕਾਕਰਨ ਵੀ ਕਾਫੀ ਹੱਦ ਤੱਕ ਹੋ ਚੁੱਕਾ ਹੈ ਪਰ ਉੱਚ ਅਧਿਕਾਰੀਆਂ ਵੱਲੋਂ ਹਾਲੇ ਵੀ ਸਿਹਤ ਮੁਲਾਜ਼ਮਾਂ ਨੂੰ ਐਤਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਡਿਊਟੀਆਂ ਤੋਂ ਨਹੀਂ ਬਖਸ਼ਿਆ ਜਾ ਰਿਹਾ। ਐਤਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਡਿਊਟੀਆਂ ਨਾ ਲਗਾਉਣ ਸਬੰਧੀ ਸਿਹਤ ਮੁਲਾਜ਼ਮ ਜਥੇਬੰਦੀਆਂ ਨੇ ਬਲਾਕ ਪੱਧਰ ਤੇ ਐਸ ਐਮ ਓਜ਼ ਅਤੇ ਜ਼ਿਲ੍ਹਾ ਪੱਧਰ ਤੇ ਸਿਵਲ ਸਰਜਨ ਮਾਨਸਾ ਨੂੰ ਪਹਿਲਾਂ ਵੀ ਕਾਫੀ ਵਾਰ ਮੰਗ ਪੱਤਰ ਦਿੱਤਾ ਹੈ। ਪਰ ਉੱਚ ਅਧਿਕਾਰੀਆਂ ਵੱਲੋਂ ਡਿਊਟੀਆਂ ਜਿਉਂ ਦੀ ਤਿਉਂ ਲਗਾਈਆਂ ਜਾ ਰਹੀਆਂ ਹਨ। ਸਿਹਤ ਮੁਲਾਜ਼ਮਾਂ ਦਾ ਰੋਸ ਹੈ ਕਿ ਬਿਨਾਂ ਕਿਸੇ ਐਮਰਜੈਂਸੀ ਦੇ ਸਾਡਾ ਛੁੱਟੀ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤ ਮੁਲਾਜ਼ਮ ਵੀ ਇਨਸਾਨ ਹਨ ਅਤੇ ਉਨ੍ਹਾਂ ਨੇ ਪਰਿਵਾਰਿਕ ਜ਼ਿਮੇਵਾਰੀਆਂ ਵੀ ਨਿਭਾਉਣੀਆਂ ਹੁੰਦੀਆਂ ਹਨ। ਇਸ ਨਾਲ ਮਹਿਲਾ ਕਰਮਚਾਰੀਆਂ ਨੂੰ ਤਾਂ ਹੋਰ ਵੀ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਅੱਜ ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਬੈਨਰ ਤਹਿਤ ਸਿਹਤ ਮੁਲਾਜ਼ਮਾਂ ਦਾ ਇਕ ਵਫ਼ਦ ਸਿਵਲ ਸਰਜਨ ਮਾਨਸਾ ਨੂੰ ਮੰਗ ਪੱਤਰ ਦੇਣ ਗਿਆ ਪਰ ਸਪੱਸ਼ਟ ਹੱਲ ਨਾ ਨਿਕਲਦਾ ਵੇਖਦਿਆਂ ਤਾਲਮੇਲ ਕਮੇਟੀ ਨੇ ਛੁੱਟੀ ਵਾਲੇ ਦਿਨ ਸੈਂਪਲਿੰਗ ਅਤੇ ਟੀਕਾਕਰਨ ਡਿਊਟੀਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਅਤੇ ਨਾਲ ਹੀ ਫੈਸਲਾ ਲਿਆ ਹੈ ਕਿ ਜ਼ੇਕਰ ਸਿਵਲ ਸਰਜਨ ਦਫ਼ਤਰ ਵੱਲੋਂ ਇਸ ਸਬੰਧੀ ਡਿਊਟੀ ਲਿਸਟਾਂ ਵਿੱਚ ਸੋਧ ਨਾ ਕੀਤੀ ਗਈ ਤਾਂ ਸਮੂਹ ਸਿਹਤ ਮੁਲਾਜ਼ਮ ਜਥੇਬੰਦੀਆਂ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠਣਗੀਆਂ। ਜਿਸ ਦੀ ਨਿਰੋਲ ਜ਼ਿਮੇਵਾਰੀ ਸਬੰਧਤ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਕੇਵਲ ਸਿੰਘ, ਚਾਨਣ ਦੀਪ ਸਿੰਘ, ਪ੍ਰਤਾਪ ਸਿੰਘ, ਅਵਤਾਰ ਸਿੰਘ, ਮਨਦੀਪ ਕੌਰ, ਅਮਨਦੀਪ ਕੌਰ, ਕਿਰਨਜੀਤ ਕੌਰ, ਰੁਪਿੰਦਰ ਕੌਰ, ਰਾਣੀ ਕੌਰ, ਮਨੋਜ ਕੁਮਾਰ, ਹਰਪ੍ਰੀਤ ਸਿੰਘ, ਜਗਦੇਵ ਸਿੰਘ, ਜਸਵੀਰ ਸਿੰਘ, ਹਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly