ਨਵੀਂ ਦਿੱਲੀ (ਸਮਾਜ ਵੀਕਲੀ): ਭਾਜਪਾ ਨੇ ਕਿਹਾ ਹੈ ਕਿ ਵਿਰੋਧੀ ਰੱਖਿਆ ਕੰਪਨੀਆਂ ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ‘ਪਿਆਦੇ’ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਕਿ ਉਹ ਅਤੇ ਉਸ ਦੀ ਪਾਰਟੀ ਰਾਫ਼ਾਲ ਸੌਦੇ ’ਚ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਉਠਾ ਕੇ ਭਾਰਤ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਫਰਾਂਸ ਵੱਲੋਂ ਰਾਫ਼ਾਲ ਸੌਦੇ ਦੀ ਜਾਂਚ ਲਈ ਜੱਜ ਦੀ ਨਿਯੁਕਤੀ ਨੂੰ ਹਲਕੇ ’ਚ ਲੈਂਦਿਆਂ ਕਿਹਾ ਕਿ ਐੱਨਜੀਓ ਦੀ ਸ਼ਿਕਾਇਤ ’ਤੇ ਜਾਂਚ ਸ਼ੁਰੂ ਹੋਈ ਹੈ ਅਤੇ ਇਸ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ।
‘ਇਹ ਜਾਂਚ ਉਂਜ ਹੈ ਜਿਵੇਂ ਭਾਰਤ ’ਚ ਯੋਗ ਅਧਿਕਾਰੀ ਫਾਈਲ ’ਤੇ ਲਿਖ ਦੇਵੇ ਕਿ ਕ੍ਰਿਪਾ ਕਰਕੇ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇ।’ ਪਾਤਰਾ ਨੇ ਕਾਂਗਰਸ ’ਤੇ ਰਾਫ਼ਾਲ ਮੁੱਦੇ ਬਾਰੇ ਝੂਠ ਫੈਲਾਉਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਸ ਮੁੱਦੇ ’ਤੇ ਸ਼ੁਰੂ ਤੋਂ ਹੀ ਝੂਠ ਬੋਲ ਰਹੇ ਹਨ। ਸ਼ਾਇਦ ਉਹ ਕਿਸੇ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ ਜਾਂ ਗਾਂਧੀ ਪਰਿਵਾਰ ਦੇ ਕੁਝ ਮੈਂਬਰ ਕੰਪਨੀਆਂ ਲਈ ਕੰਮ ਕਰ ਰਹੇ ਹਨ। ਪਾਤਰਾ ਨੇ ਕੈਗ ਰਿਪੋਰਟ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਦੋਹਾਂ ਨੂੰ ਭਾਰਤ ਅਤੇ ਫਰਾਂਸ ਸਰਕਾਰਾਂ ਵਿਚਕਾਰ ਹੋਏ ਰੱਖਿਆ ਸੌਦੇ ’ਚ ਕੁਝ ਵੀ ਗਲਤ ਨਹੀਂ ਮਿਲਿਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਗਾਂਧੀ ਪਰਿਵਾਰ ਨੂੰ ਰਾਫ਼ਾਲ ਸੌਦੇ ’ਚ ਕੋਈ ਕਮਿਸ਼ਨ ਨਹੀਂ ਮਿਲਿਆ ਹੈ ਜਿਸ ਕਾਰਨ ਪਾਰਟੀ ਅਜਿਹੇ ਦੋਸ਼ ਮੜ੍ਹ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਆਪਣੀਆਂ ਸਰਕਾਰਾਂ ਦੀ ਅਸਥਿਰਤਾ ਤੋਂ ਧਿਆਨ ਹਟਾਉਣ ਲਈ ਰਾਫ਼ਾਲ ਮੁੱਦੇ ਨੂੰ ਉਠਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly