ਅਗਲੀਆਂ ਵਿਧਾਨ ਸਭਾ ਚੋਣਾਂ ’ਚ ਸਿਰਫ਼ ਗੁਪਕਾਰ ਗੱਠਜੋੜ ਦੇ ਭਾਈਵਾਲਾਂ ਨੂੰ ਹੀ ਵੋਟ ਪਾਓ: ਮਹਿਬੂਬਾ

ਜੰਮੂ (ਸਮਾਜ ਵੀਕਲੀ):  ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੀਆਂ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਤੇ ਉਸ ਦੇ ਭਾਈਵਾਲਾਂ ਨੂੰ ਹਰਾਉਣ ਲਈ ਉਹ ਗੁਪਕਾਰ ਐਲਾਨਨਾਮੇ ਸਬੰਧੀ ਲੋਕਾਂ ਦੇ ਗੱਠਜੋੜ (ਪੀਏਜੀਡੀ) ਦੇ ਭਾਈਵਾਲਾਂ ਨੂੰ ਵੋਟ ਪਾਉਣ।

ਉਨ੍ਹਾਂ ਖੋਹੇ ਹੋਏ ਹੱਕਾਂ ਨੂੰ ਬਹਾਲ ਕਰਵਾਉਣ ਲਈ ਸ਼ਾਂਤਮਈ ਸੰਘਰਸ਼ ਕਰਨ ਦੀ ਗੱਲ ਮੁੜ ਦੁਹਰਾਈ। ਉਨ੍ਹਾਂ ਕਿਹਾ, ‘‘5 ਅਗਸਤ 2019 ਨੂੰ ਕੀਤੀ ਗਈ ਕਾਰਵਾਈ ਇਕ ਭੂਚਾਲ ਵਾਂਗ ਸੀ ਅਤੇ ਇਸ ਦੇ ਝਟਕੇ ਅੱਜ ਤੱਕ    ਮਹਿਸੂਸ ਹੋ ਰਹੇ ਹਨ ਕਿਉਂਕਿ ਇਹ ਸਰਕਾਰ ਹਰ ਰੋਜ਼ ਸਾਡੇ ਕੋਲੋਂ ਕੁਝ ਨਾ ਕੁਝ ਖੋਹ ਰਹੀ ਹੈ।’’

ਜ਼ਿਕਰਯੋਗ ਹੈ ਕਿ ਪੀਏਜੀਡੀ ਛੇ ਪਾਰਟੀਆਂ ਦਾ ਗੱਠਜੋੜ ਹੈ ਜਿਸ ਵਿਚ ਨੈਸ਼ਨਲ ਕਾਨਫ਼ਰੰਸ, ਪੀਡੀਪੀ ਅਤੇ ਸੀਪੀਆਈ (ਐੱਮ) ਵੀ ਸ਼ਾਮਲ ਹਨ। ਇਸ ਗੱਠਜੋੜ ਵੱਲੋਂ ਰੱਦ ਕੀਤੀ ਗਈ ਸੰਵਿਧਾਨ ਦੀ ਧਾਰਾ 370 ਅਧੀਨ ਮਿਲਿਆ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਮਹਿਬੂਬਾ ਨੇ ਪੁਣਛ ਜ਼ਿਲ੍ਹੇ ਵਿਚ ਸੂਰਨਕੋਟ ’ਚ ਪਾਰਟੀ ਦੇ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਵੇਂ ਅਸੀਂ ਇਕਜੁੱਟ ਹੋਈਏ ਜਾਂ ਵੱਖ ਵੱਖ ਲੜੀਏ, ਪਰ ਤੁਸੀਂ ਅਜਿਹੇ ਉਮੀਵਾਰਾਂ ਨੂੰ ਵੋਟ ਪਾਉਣੀ ਹੈ ਜੋ ਕਿ ਵਿਧਾਨ ਸਭਾ ਵਿਚ ਤੁਹਾਡੀ ਵੋਟ ਨਾਲ ਧੋਖਾ ਨਾ ਕਰਨ। ਮੈਂ ਤੁਹਾਨੂੰ ਇਹ ਅਪੀਲ ਕਰਦੀ ਹਾਂ ਕਿ ਇਹ ਸੁਨੇਹਾ ਹਰ ਗਲੀ ਤੇ ਨੁੱਕੜ ਵਿਚ ਪਹੁੰਚਾਇਆ ਜਾਵੇ ਕਿ ਸਾਨੂੰ ਪੀਏਜੀਡੀ ਦੀਆਂ ਭਾਈਵਾਲ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਪਾਉਣੀ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦੇ ਬੂਥਾਂ ’ਤੇ ‘ਭੂਤ’ ਨੱਚਦੇ ਨਜ਼ਰ ਆਉਣਗੇ: ਅਖਿਲੇਸ਼
Next articleHamas denies progress on prisoner exchange deal with Israel