ਨਵੀਂ ਦਿੱਲੀ (ਸਮਾਜ ਵੀਕਲੀ): ਲੜਕੀਆਂ ਦੇ ਵਿਆਹ ਲਈ ਕਾਨੂੰਨ ਅਨੁਸਾਰ ਘੱਟੋ ਘੱਟ ਉਮਰ ਹੱਦ 21 ਸਾਲ ਕਰਨ ਸਬੰਧੀ ਬਿੱਲ ਵਿਚਾਰਨ ਲਈ ਜਿਸ 31 ਮੈਂਬਰੀ ਸੰਸਦੀ ਪੈਨਲ ਹਵਾਲੇ ਕੀਤਾ ਗਿਆ ਹੈ ਉਸ ਵਿੱਚ ਸਿਰਫ਼ ਇੱਕ ਹੀ ਮਹਿਲਾ ਸੰਸਦ ਮੈਂਬਰ ਨੂੰ ਸ਼ਾਮਲ ਕੀਤਾ ਗਿਆ ਹੈ। ਬਾਲ ਵਿਆਹ ਰੋਕੂ (ਸੋਧ) ਬਿੱਲ ਸੰਸਦ ਦੇ ਲੰਘੇ ਸਰਦ ਰੁੱਤ ਇਜਲਾਸ ’ਚ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਸਿੱਖਿਆ, ਮਹਿਲਾਵਾਂ, ਬੱਚਿਆਂ, ਨੌਜਵਾਨਾਂ ਤੇ ਖੇਡਾਂ ਬਾਰੇ ਸੰਸਦ ਦੀ ਮੌਜੂਦਾ ਕਮੇਟੀ ਕੋਲ ਵਿਚਾਰਨ ਲਈ ਭੇਜ ਗਿਆ ਗਿਆ ਹੈ। ਇਸ ਸੰਸਦੀ ਕਮੇਟੀ ਦੇ ਮੈਂਬਰਾਂ ਦੀ ਸੂਚੀ ਰਾਜ ਸਭਾ ਦੀ ਵੈੱਬਸਾਈਟ ’ਤੇ ਪਾਈ ਗਈ ਹੈ। ਕਮੇਟੀ ਦੀ ਅਗਵਾਈ ਸੀਨੀਅਰ ਭਾਜਪਾ ਆਗੂ ਵਿਨੈ ਸਹੱਸਤਰਬੁੱਧੇ ਕਰਨਗੇ। ਇਸ 31 ਮੈਂਬਰੀ ਕਮੇਟੀ ਇੱਕੋ ਇੱਕ ਮਹਿਲਾ ਸੰਸਦ ਮੈਂਬਰ ਤ੍ਰਿਣਾਮੂਲ ਕਾਂਗਰਸ ਦੀ ਆਗੂ ਸੁਸ਼ਮਿਤਾ ਦੇਵ ਹਨ।
ਇਸ ਸਬੰਧੀ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿ ਜੇਕਰ ਇਸ ਪੈਨਲ ’ਚ ਕੁਝ ਹੋਰ ਮਹਿਲਾ ਸੰਸਦ ਮੈਂਬਰ ਹੁੰਦੇ ਤਾਂ ਜ਼ਿਆਦਾ ਚੰਗਾ ਹੁੰਦਾ। ਉਨ੍ਹਾਂ ਕਿਹਾ, ‘ਕਾਸ਼ ਕਮੇਟੀ ’ਚ ਹੋਰ ਮਹਿਲਾ ਸੰਸਦ ਮੈਂਬਰ ਹੁੰਦੇ ਪਰ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੀਆਂ ਧਿਰਾਂ ਦੀ ਗੱਲ ਸੁਣੀ ਜਾਵੇ।’ ਸੰਸਦ ’ਚ ਮਹਿਲਾਵਾਂ ਨਾਲ ਸਬੰਧਤ ਮਸਲੇ ਉਠਾਉਣ ਵਾਲੀ ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰਿਆ ਸੂਲੇ ਨੇ ਕਿਹਾ ਕਿ ਸੰਸਦੀ ਕਮੇਟੀ ’ਚ ਜ਼ਿਆਦਾ ਮਹਿਲਾ ਸੰਸਦ ਮੈਂਬਰ ਹੋਣੇ ਚਾਹੀਦੇ ਹਨ ਜੋ ਮਹਿਲਾਵਾਂ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਚਰਚਾ ਕਰ ਸਕਣ। ਉਨ੍ਹਾਂ ਕਿਹਾ ਕਿ ਹਾਲਾਂਕਿ ਚੇਅਰਮੈਨ ਕੋਲ ਹੋਰ ਵਿਅਕਤੀਆਂ ਨੂੰ ਸੱਦਾ ਦੇਣ ਦੇ ਅਧਿਕਾਰ ਹਨ। ਇਸ ਲਈ ਵਧੇਰੇ ਤਾਲਮੇਲ ਵਾਲੀ ਤੇ ਵਿਸਥਾਰਤ ਚਰਚਾ ਲਈ ਉਹ ਹੋਰ ਮਹਿਲਾ ਸੰਸਦ ਮੈਂਬਰਾਂ ਨੂੰ ਸੱਦਾ ਦੇ ਸਕਦੇ ਹਨ।
ਜ਼ਿਕਰਯੋਗ ਹੈ ਕਿ ਮਹਿਲਾ ਤੇ ਬਲਾ ਵਿਕਾਸ ਮੰਤਰਾਲੇ ਵੱਲੋਂ ਲਿਆਂਦੇ ਗਏ ਇਸ ਬਿੱਲ ’ਚ ਵਿਆਹ ਦੀ ਕਾਨੂੰਨੀ ਉਮਰ 18 ਸਾਲ ਤੋਂ ਵਧਾ ਦੇ 21 ਸਾਲ ਕਰਨ ਦੀ ਤਜਵੀਜ਼ ਹੈ। ਜੂਨ 2020 ’ਚ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਬਣਾਈ ਗਈ ਜਯਾ ਜੇਟਲੀ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੇਂਦਰ ਵੱਲੋਂ ਮਹਿਲਾਵਾਂ ਲਈ ਵਿਆਹ ਦੀ ਕਾਨੂੰਨੀ ਉਮਰ ਵਧਾਈ ਜਾ ਰਹੀ ਹੈ। ਇਹ ਬਿੱਲ ਪੇਸ਼ ਕਰਨ ਦਾ ਕੁਝ ਸੰਸਦ ਮੈਂਰਬਾਂ ਨੇ ਵਿਰੋਧ ਕਰਦਿਆਂ ਮੰਗ ਕੀਤੀ ਸੀ ਕਿ ਇਸ ਨੂੰ ਵਧੇਰੇ ਜਾਂਚ ਪੜਤਾਲ ਲਈ ਸੰਸਦੀ ਕਮੇਟੀ ਕੋਲ ਭੇਜਿਆ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly