ਇੱਕ ਤੋਂ ਤਿੰਨ ਨਵੰਬਰ ਤੱਕ ਹੋਏਗਾ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ‘ਚ ਗੰਭੀਰ ਵਿਚਾਰ-ਚਰਚਾ ਉਪਰੰਤ ਲਏ ਮਹੱਤਵਪੂਰਨ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਤਿਓਹਾਰ ਨੂੰ ਮੱਦੇ ਨਜ਼ਰ ਰੱਖਦਿਆਂ ਇਸ ਵਾਰ ਪਹਿਲੀ ਨਵੰਬਰ ਸ਼ਾਮ 4 ਵਜੇ ਤੋਂ ਸ਼ੁਰੂ ਹੋ ਕੇ ਤਿੰਨ ਨਵੰਬਰ ਸਾਰਾ ਦਿਨ ਸਾਰੀ ਰਾਤ ਤਿੰਨ ਰੋਜ਼ਾ ਹੋਏਗਾ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ।
ਤਿੰਨ ਨਵੰਬਰ ਦਿਨ ਐਤਵਾਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਮੇਲਾ ਤਿੰਨ ਨਵੰਬਰ ਦੀ ਸਾਰੀ ਰਾਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਨਾਲ 4 ਨਵੰਬਰ ਸਵੇਰੇ ਸਰਘੀ ਵੇਲੇ ਪੂਰੇ ਜੋਸ਼-ਖਰੋਸ਼ ਨਾਲ ਸਮਾਪਤੀ ਸਿਖਰਾਂ ਛੋਹੇਗਾ।
ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਸਮੇਤ ਮੀਟਿੰਗ ‘ਚ ਹਾਜ਼ਰ ਸਮੂਹ ਮੈਂਬਰਾਂ ਨੇ ਸਰਵ-ਪੱਖਾਂ ‘ਤੇ ਗੌਰ ਕਰਦਿਆਂ ਇਹ ਫੈਸਲਾ ਕੀਤਾ ਕਿ ਪਹਿਲੀ ਨਵੰਬਰ ਸਵੇਰ ਤੋਂ ਹੀ ਪੁਸਤਕ ਮੇਲਾ ਸਜਣਾ ਸ਼ੁਰੂ ਹੋ ਜਾਏਗਾ, ਜਿਸ ਵਿੱਚ 4 ਵਜੇ ਰਸਮੀ ਤੌਰ ‘ਤੇ ਮੇਲੇ ਸਬੰਧੀ ਮੇਲਾ ਪ੍ਰੇਮੀ ਸਿਰ ਜੋੜ ਕੇ ਬੈਠਣਗੇ, ਵਿਚਾਰਾਂ ਕਰਨਗੇ ਅਤੇ ਕਲਾ ਕਿਰਤਾਂ ਦਾ ਆਨੰਦ ਮਾਣਨਗੇ।
ਮੀਟਿੰਗ ‘ਚ ਇਹ ਫੈਸਲਾ ਵੀ ਕੀਤਾ ਗਿਆ ਕਿ 10 ਅਗਸਤ ਦਿਨ ਸ਼ਨਿਚਰਵਾਰ ਠੀਕ 11 ਵਜੇ ਕਮੇਟੀ ਦੇ ਸਭਿਆਚਾਰਕ ਵਿੰਗ ਅਤੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਹੋਏਗੀ। ਇਸ ਉਪਰੰਤ ਠੀਕ 12 ਵਜੇ ਮੇਲੇ ਅਤੇ ਸਭਨਾਂ ਸਾਹਿਤਕ/ਸਭਿਆਚਾਰਕ ਸਰਗਰਮੀਆਂ ਨਾਲ ਜੁੜੀ ਵਿਸ਼ਾਲ ਸਭਿਆਚਾਰਕ ਵਿੰਗ ਦੀ ਮੀਟਿੰਗ ਹੋਏਗੀ, ਜਿਸ ਵਿੱਚ ਮੇਲਾ ਸਮਰਪਤ ਕਰਨ, ਝੰਡਾ ਲਹਿਰਾਉਣ ਦੀ ਜ਼ਿੰਮੇਵਾਰੀ ਅਦਾ ਕਰਨ ਅਤੇ ਮੇਲੇ ਦੀ ਰੂਪ-ਰੇਖਾ ਨੂੰ ਸੰਭਵ ਛੋਹਾਂ ਦਿੱਤੀਆਂ ਜਾਣਗੀਆਂ।
ਮੀਟਿੰਗ ‘ਚ ਇਹ ਫੈਸਲਾ ਵੀ ਕੀਤਾ ਗਿਆ ਕਿ ਬਾਬਾ ਸੋਹਣ ਸਿੰਘ ਭਕਨਾ ਗ਼ਦਰੀ ਮਿਊਜ਼ੀਅਮ ਵਿੱਚ ਬਣੇ ਡਿਜ਼ੀਟਲ ਥੀਏਟਰ ਦਾ ਨਾਮ ‘ਦੇਸ਼ ਭਗਤ ਗੰਧਰਵ ਸੈਨ ਕੋਛੜ ਯਾਦਗਾਰੀ ਥੀਏਟਰ’ ਹੋਏਗਾ। ਇਸ ਥੀਏਟਰ ‘ਚ ਗ਼ਦਰੀ ਦੇਸ਼ ਭਗਤਾਂ, ਅਣਗੌਲੇ ਆਜ਼ਾਦੀ ਸੰਗਰਾਮੀਆਂ ਦੇ ਇਤਿਹਾਸ ਵਿਰਾਸਤ ਨਾਲ ਜੁੜੀਆਂ ਘਟਨਾਵਾਂ, ਤਸਵੀਰਾਂ, ਗੀਤ ਸੰਗੀਤ, ਕਵਿਤਾਵਾਂ, ਰੰਗ ਮੰਚ ਅਤੇ ਫ਼ਿਲਮਾਂ ਆਦਿ ਵਿਖਾਉਣ ਤੋਂ ਇਲਾਵਾ ਵਿਚਾਰ-ਚਰਚਾਵਾਂ ਵੀ ਹੋਇਆ ਕਰਨਗੀਆਂ। ਪੁੰਗਰਦੀ ਪਨੀਰੀ ਅਤੇ ਚੜ੍ਹਦੀ ਜੁਆਨੀ ਨੂੰ ਵਿਸ਼ੇਸ਼ ਕਰਕੇ ਆਪਣੀ ਗੌਰਵਮਈ ਆਜ਼ਾਦੀ ਤਵਾਰੀਖ਼ ਨਾਲ ਜੋੜਨ ਅਤੇ ਸਮਾਜ ਵਿੱਚ ਸਿਹਤਮੰਦ, ਦੇਸ਼ ਭਗਤ, ਲੋਕ-ਪੱਖੀ, ਵਿਗਿਆਨਕ ਅਤੇ ਇਨਕਲਾਬੀ ਜਮਹੂਰੀ ਵਿਚਾਰਾਂ ਦੀ ਲੋਅ ਵੰਡਣ ਲਈ ਸੰਭਵ ਉਪਰਾਲੇ ਜੁਟਾਏ ਜਾਣਗੇ।
ਇਸ ਮੇਲੇ ‘ਚ ਮਾਝਾ ਖੇਤਰ ‘ਚ ਗ਼ਦਰੀ, ਜਲ੍ਹਿਆਂਵਾਲਾ ਬਾਗ਼ ਅਤੇ ਆਜ਼ਾਦੀ ਜਦੋ-ਜਹਿਦ ਦੀਆਂ ਲਹਿਰਾਂ ਨਾਲ ਜੁੜੇ ਪਿੰਡਾਂ ਦੇ ਸਰਗਰਮ ਸਹਿਯੋਗ ਨਾਲ ਲੰਗਰ ਦਾ ਖਰਚਾ ਓਟਣ ਲਈ ਅੱਗੇ ਆਉਣ ਵਾਸਤੇ ਸੀ.ਪੀ.ਆਈ. ਜਿਲ੍ਹਾ ਤਰਨਤਾਰਨ ਕਮੇਟੀ ਇਹਨਾਂ ਪਿੰਡਾਂ ‘ਚ ਬਣੀਆਂ ਦੇਸ਼ ਭਗਤ ਕਮੇਟੀਆਂ, ਲੋਕ-ਪੱਖੀ ਸਮੂਹ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਅੱਗੇ ਆਉਣ ਲਈ ਪ੍ਰੇਰਤ ਕਰੇਗੀ।
28 ਜੁਲਾਈ 1925 ਨੂੰ ਸਦੀਵੀ ਵਿਛੋੜਾ ਦੇ ਗਈ ਗ਼ਦਰੀ ਗੁਲਾਬ ਕੌਰ ਅਤੇ 31 ਜੁਲਾਈ 1940 ਨੂੰ ਫਾਂਸੀ ਚੜ੍ਹੇ ਸ਼ਹੀਦ ਊਧਮ ਸਿੰਘ ਬਾਰੇ ਕਮੇਟੀ ਦੇ ਟਰੱਸਟੀ ਡਾ. ਪਰਮਿੰਦਰ ਸਿੰਘ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਅੱਜ ਦੀ ਮੀਟਿੰਗ ‘ਚ ਵਿਚਾਰ ਰੱਖੇ। ਕਮੇਟੀ ਮੈਂਬਰਾਂ ਨੇ ਖੜ੍ਹੇ ਹੋ ਕੇ ਗੁਲਾਬ ਕੌਰ, ਊਧਮ ਸਿੰਘ, ਗੁਰਚਰਨ ਸਿੰਘ ਅੱਚਰਵਾਲ, ਜੀਤ ਕੌਰ ਅੱਚਰਵਾਰ, ਅਵਤਾਰ ਵਿਰਕ, ਅਵਤਾਰ ਕੌਰ ਲੁਧਿਆਣਾ, ਚੰਦਰ ਮੋਹਨ ਕਾਲੀਆ ਡੀ.ਐਮ.ਸੀ. ਲੁਧਿਆਣਾ, ਪਰਸ਼ੋਤਮ ਲਾਲ, ਘਨਈਆ ਲੰਗੇਰੀ, ਰਣਬੀਰ ਸਿੰਘ ਢਿੱਲੋਂ, ਸਵਰਨ ਸਿੰਘ ਅਕਲਪੁਰੀ, ਅਰਸਾਲ ਸਿੰਘ ਸੰਧੂ ਅਤੇ ਕੁਲਵੰਤ ਸਿੰਘ ਕਿਰਤੀ ਫਾਜ਼ਿਲਕਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੈਰਿਸ ਓਲੰਪਿਕ ‘ਚ ਬਲਾਤਕਾਰ, ਚੋਰੀ ਸਮੇਤ ਕਈ ਘਟਨਾਵਾਂ ਤੋਂ ਡਰੇ ਲੋਕਾਂ ਨੇ ਭੀੜ ‘ਤੇ ਸੁੱਟਿਆ ਬੰਬ
Next articleਇੱਕ ਮਹੀਨੇ ਤੋਂ ਲਾਪਤਾ ਆਪਣੀ ਪਤਨੀ ਅਤੇ ਦੋ ਬੱਚਿਆਂ ਦੀ ਭਾਲ ਵਿੱਚ ਦਿਨ-ਰਾਤ ਭਟਕ ਰਿਹਾ ਪ੍ਰਵਾਸੀ ਮਜ਼ਦੂਰ