ਦਿੜ੍ਹਬਾ ਮੰਡੀ (ਸਮਾਜ ਵੀਕਲੀ): ਪਾਤੜਾਂ-ਦਿੜ੍ਹਬਾ ਵਾਲੇ ਪਾਸਿਓਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਦਿੱਲੀ-ਲੁਧਿਆਣਾ ਕੌਮੀ ਮਾਰਗ ਪਾਰ ਕਰਦੀਆਂ ਵਿਦਿਆਰਥਣਾਂ ਨੂੰ ਲਪੇਟ ’ਚ ਲੈ ਲਿਆ ਜਿਸ ਕਾਰਨ ਇੱਕ ਵਿਦਿਆਰਥਣ ਦੀ ਮੌਤ ਹੋ ਗਈ, ਜਦੋਂਕਿ ਤਿੰਨ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਦਾਖ਼ਲ ਕਰਾਇਆ ਗਿਆ ਹੈ। ਇਹ ਹਾਦਸਾ ਸੁਨਾਮ ਨੇੜਲੇ ਪਿੰਡ ਮਹਿਲਾਂ ਵਿਖੇ ਵਾਪਰਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਜ਼ਖਮੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇ। ਇਹ ਹਾਦਸਾ ਦੁਪਹਿਰੇ ਉਸ ਸਮੇਂ ਵਾਪਰਿਆ ਜਦੋਂ ਵਿਦਿਆਰਥਣਾਂ ਸਕੂਲ ਵਿੱਚ ਛੁੱਟੀ ਹੋਣ ਮਗਰੋਂ ਘਰਾਂ ਨੂੰ ਪਰਤ ਰਹੀਆਂ ਸਨ। ਹਾਦਸੇ ਦੌਰਾਨ ਅੱਠਵੀਂ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਮੌਤ ਹੋ ਗਈ। ਜ਼ਖ਼ਮੀਆਂ ਦੀ ਪਛਾਣ ਬਲਜਿੰਦਰ ਕੌਰ, ਦਮਨਪ੍ਰੀਤ ਕੌਰ ਤੇ ਗੁਰਵੀਰ ਕੌਰ ਵਜੋਂ ਹੋਈ ਹੈ, ਜੋ ਤੀਸਰੀ ਜਮਾਤ ਵਿੱਚ ਪੜ੍ਹਦੀਆਂ ਹਨ। ਦਮਨਪ੍ਰੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਰੈਫਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਸਕੂਲ ਵਿੱਚੋਂ ਛੁੱਟੀ ਹੋਣ ਉਪਰੰਤ ਵਿਦਿਆਰਥਣਾਂ ਘਰਾਂ ਨੂੰ ਪਰਤਦਿਆਂ ਸੜਕ ਪਾਰ ਕਰਨ ਮੌਕੇ ਸੜਕ ਵਿਚਕਾਰ ਸਣੇ ਡਿਵਾਈਡਰ ਨਾਲ ਖੜ੍ਹੀਆਂ ਹੋ ਗਈਆਂ ਅਤੇ ਪਾਤੜਾਂ ਵਾਲੇ ਪਾਸਿਓਂ ਆ ਰਹੀ ਪੀਆਰਟੀਸੀ ਦੀ ਬੱਸ ਦੀ ਚਪੇਟ ਵਿੱਚ ਆ ਗਈਆਂ। ਪੁਲੀਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਧਰ, ਐਂਟੀ ਕੁਰੱਪਸ਼ਨ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਬਾਬਾ ਮੱਘਰ ਦਾਸ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤਾ ਜਾਵੇ ਤੇ ਜ਼ਖ਼ਮੀ ਲੜਕੀਆਂ ਦਾ ਇਲਾਜ ਮੁਫ਼ਤ ਕਰਵਾਇਆ ਜਾਵੇ।
ਵਿਧਾਇਕ ਭਰਾਜ ਨੇ ਜ਼ਖਮੀ ਵਿਦਿਆਰਥਣਾਂ ਦਾ ਹਾਲ ਪੁੱਛਿਆ
ਸੰਗਰੂਰ (ਸਮਾਜ ਵੀਕਲੀ): ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਸਥਾਨਕ ਸਿਵਲ ਹਸਪਤਾਲ ਪੁੱਜ ਕੇ ਮਹਿਲਾਂ ਚੌਕ ਨੇੜੇ ਵਾਪਰੇ ਸੜਕ ਹਾਦਸੇ ’ਚ ਜ਼ਖ਼ਮੀ ਹੋਈਆਂ ਸਕੂਲੀ ਵਿਦਿਆਰਥਣਾਂ ਦਾ ਹਾਲ-ਚਾਲ ਜਾਣਿਆਂ ਅਤੇ ਉਹਨ੍ਹਾਂ ਦੇ ਮਾਪਿਆਂ ਨੂੰ ਵੀ ਮਿਲੇ। ਵਿਧਾਇਕ ਭਰਾਜ ਨੇ ਸਿਵਲ ਹਸਪਤਾਲ ’ਚ ਜ਼ਖ਼ਮੀ ਬੱਚੀਆਂ ਦੇ ਹੋ ਰਹੇ ਇਲਾਜ ਅਤੇ ਸਾਂਭ ਸੰਭਾਲ ਦਾ ਜਾਇਜ਼ਾ ਲਿਆ। ਵਿਧਾਇਕ ਭਰਾਜ ਨੇ ਵਿਦਿਆਰਥਣ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly