ਇੱਕ ਚੀਸ……….

ਗੁਰਦੀਪ ਕੌਰੇਆਣਾ
(ਸਮਾਜ ਵੀਕਲੀ)
ਸਾਡੇ ਗਲ ਵਿੱਚ ਰੱਸੇ ਸੀ,
ਅਸੀਂ ਫੇਰ ਵੀ ਹੱਸੇ।
ਇਹੀ ਸਾਡੀ ਮਜਬੂਰੀ ਸੀ।
ਸਾਨੂੰ ਮਰਨਾ ਬੜਾ ਜਰੂਰੀ ਸੀ।
ਜਦ ਅਸੀਂ ਮੀਟਿਆ ਅੱਖਾਂ ਨੂੰ,
ਤਾਂ ਲੱਗੀ ਚਿਣਗ ਸੀ ਲੱਖਾਂ ਨੂੰ।
ਇੱਕ ਇਨਕਲਾਬ ਦੇ ਨਾਹਰੇ ਨੇ,
ਵੈਰੀ ਨੂੰ ਭਾਜੜ ਪਾਈ ਸੀ।
ਬੜਾ ਖੂਨ ਡੋਲਿਆ ਸੀ ਅਸਾਂ
ਇਹ ਤਾਂ ਅਜਾਦੀ ਆਈ ਸੀ।
ਨਾ ਪੱਗ ਟੋਪੀ ਦਾ ਝੇੜਾ ਸੀ।
ਸਾਡਾ ਸਭਦਾ ਸਾਂਝਾ ਵਿਹੜਾ ਸੀ।
ਕੁਰਸੀ ਦੇ ਯਾਰ ਬਘਿਆੜਾਂ ਜਹੇ
ਓਥੇ ਰੋਕਣ ਵਾਲਾ ਕਿਹੜਾ ਸੀ।
ਬਿੱਲੀਆਂ ਬਾਂਦਰ ਵਾਗੂੰ ਇਹਨਾਂ
ਦੇਸ਼ ਨੂੰ ਟੁਕੜੇ ਕਰ ਛੱਡਿਆ।
 ਸਦੀਆਂ ਤੋਂ ਮਿਲੀ ਅਜਾਦੀ ਨੂੰ
ਇਹਨਾ ਫੇਰ ਗੁਲਾਮੀ ਕਰ ਛੱਡਿਆ।
ਸਭ ਲਈ ਸਾਰੇ ਹੱਕ ਬਰਾਬਰ
ਨਾ ਕੋਈ ਜਾਬਰ ਨਾ ਕੋਈ ਨਾਬਰ।
ਸਾਡਾ ਤਾਂ ਬੱਸ ਇਹ ਸੀ ਸੁਪਨਾ
ਸਭ ਕੌਮਾਂ ਨੂੰ ਇੱਕੋ ਆਦਰ
 ਲੁੱਟ ਕੁੱਟ ਦਾ ਐਸਾ  ਦੌਰ ਚੱਲਿਆ
ਹਰ ਮੂੰਹ ਉੱਤੇ ਤਾਲਾ ਏ।
ਕਿਹੜੇ ਹੱਕ ਤੇ ਕਿਹੜਾ ਸੁਪਨਾ
ਇੱਥੇ ਸਭ ਕੁੱਝ ਘਾਲਾ ਮਾਲਾ ਏ।
ਲੀਡਰ ਵਿਕਿਆ ਵੋਟ ਵੀ ਵਿਕਿਆ।
ਖਰਾ ਵੀ ਵਿਕਿਆ ਖੋਟ ਵੀ ਵਿਕਿਆ।
ਇਨਸਾਫ ਕਚਿਹਰੀ ਅੰਦਰ ਵਿਕਿਆ
ਬਾਹਰ ਕਾਲਾ ਕੋਟ ਵੀ ਵਿਕਿਆ।
ਖਾਦੀ ਵਿਕ ਗਈ, ਖਾਕੀ ਵਿਕ ਗਈ।
ਧਰਮ ਕਰਮ ਦੀ ਰਾਖੀ ਵਿਕ ਗਈ।
ਜੇ ਤੂੰ ਵੀ ਵਿਕ ਗਿਆ ਕੌਰੇਆਣਾ।
ਕੌਡੀ ਮੁੱਲ ਨਾ ਪਾਵੇਗਾ।
ਇੱਥੇ ਸੀਸ ਕਟਾਵਣ ਵਾਲੇ ਤੁਰਗੇ।
ਕਿਹੜਾ ਇਨਕਲਾਬ ਤੂੰ ਲਿਆਂਵੇਗਾ।
ਗੁਰਦੀਪ ਕੌਰੇਆਣਾ
Previous articleਗੁਲਾਬ…
Next article(ਦੂਰ ਦੇ ਢੋਲ)